ਸਮਰਾਲਾ, 19 ਨਵੰਬਰ (ਕਮਲਜੀਤ)- ਅੱਜ ਸਮਰਾਲਾ ਸ਼ਹਿਰ ਦੇ ਸ੍ਰੀ ਦੁਰਗਾ ਮੰਦਿਰ (ਵੱਡਾ ਮੰਦਿਰ) ਵਿਖੇ ਹਿੰਦੂ ਗ੍ਰੰਥ ਰਮਾਇਣ ਸਮੇਤ ਪਾਲਕੀ ਨੂੰ ਭੇਦਭਰੀ ਹਾਲਤ ਵਿੱਚ ਅਗਨੀ ਭੇਂਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਹਿੰਦੂ ਅਤੇ ਵੱਖ ਵੱਖ ਜਥੇਬੰਦੀਆਂ ਵਿੱਚ ਡਾਢਾ ਰੋਸ ਪਾਇਆ ਗਿਆ ਅਤੇ ਸ਼ਹਿਰ ਵਿੱਚ ਹਾਲਤ ਤਨਾਣ ਪੂਰਨ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਸ੍ਰੀ ਦੁਰਗਾ ਮੰਦਿਰ ਵਿਖੇ ਅੱਜ ਕਰੀਬ ਡੇਢ ਵਜੇ ਜਦੋਂ ਮੰਦਿਰ ਦੇ ਪੁਜਾਰੀ ਪੰਡਿਤ ਜੋਗਿੰਦਰ ਮਿਸ਼ਰਾ ਨੇ ਰਮਾਇਣ ਸਮੇਤ ਪਾਲਕੀ ਨੂੰ ਅਚਾਨਕ ਅੱਗ ਦੀਆਂ ਲਪਟਾਂ ਵਿੱਚ ਘਿਰੇ ਦੇਖਿਆ ਤਾਂ ਉਸਨੇ ਵੱਡੇ ਬਾਬਾ ਜਗਨ ਨਾਥ ਨੂੰ ਸੂਚਿਤ ਕੀਤਾ। ਤੁਰੰਤ ਇਸ ਸਬੰਧੀ ਸੂਚਨਾ ਸਥਾਨਕ ਪੁਲਿਸ ਦਿੱਤੀ। ਘਟਨਾ ਦਾ ਪਤਾ ਲੱਗਦੇ ਸਾਰੇ ਹੀ ਪੁਲਿਸ ਮੌਕੇ ਤੇ ਪੁੱਜ ਗਈ ਅਤੇ ਸਥਾਨਕ ਜਥੇਬੰਦੀਆਂ ਦੇ ਆਗੂ ਵੀ ਮੌਕੇ ਪੁੱਜਣੇ ਸ਼ੁਰੂ ਹੋ ਗਏ ਜਿਨ੍ਹਾਂ ਵਿੱਚ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਵਿਧਾਇਕ
ਜਗਜੀਵਨ ਸਿੰਘ ਖੀਰਨੀਆਂ, ਕਮਲਜੀਤ ਸਿੰਘ ਢਿੱਲੋਂ, ਪਰਮਜੀਤ ਸਿੰਘ ਢਿੱਲੋਂ, ਨਗਰ ਕੌਂਸਲ ਦੇ ਪ੍ਰਧਾਨ ਲਾਲਾ ਮੰਗਤ ਰਾਏ, ਸੀਨੀ: ਮੀਤ ਪ੍ਰਧਾਨ ਸਤਵੀਰ ਸਿੰਘ ਸੇਖੋਂ, ਸ਼ਿਵ ਸੈਨਾ ਦੇ ਰਮਨ ਵਡੇਰਾ, ਐਡਵੋਕੇਟ ਜਸਪ੍ਰੀਤ ਕਲਾਲ ਮਾਜਰਾ ਆਦਿ ਤੋਂ ਇਲਾਵਾ ਮੰਦਿਰ ਨਾਲ ਜੁੜੇ ਸ਼ਰਧਾਲੂ ਵੀ ਪੁੱਜ ਗਏ। ਇਸ ਤੋਂ ਬਾਅਦ ਉਕਤ ਜਥੇਬੰਦੀਆਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਸਮੁੱਚਾ ਬਜਾਰ ਬੰਦ ਕਰਵਾਇਆ ਅਤੇ ਮੇਨ ਚੌਂਕ ਵਿੱਚ ਕਰੀਬ ਇੱਕ ਘੰਟਾ ਚੱਕਾ ਜਾਮ ਕਰ ਦਿੱਤਾ ਗਿਆ। ਇਸ ਦੌਰਾਨ ਸ਼ਿਵ ਸੈਨਾ ਦੇ ਆਗੂ ਅਤੇ ਬੱਸ ਚਾਲਕ ਵਿੱਚ ਤਲਖ ਕਲਾਮੀ ਵੀ ਹੋਈ, ਸਥਾਨਕ ਐਸ. ਐਚ. ਓ. ਨੇ ਉਨ੍ਹਾਂ ਨੂੰ ਸ਼ਾਂਤ ਕਰ ਦਿੱਤਾ। ਮੌਕੇ ਤੇ ਐਸ. ਪੀ. (ਐਚ.) ਗੁਰਦੀਪ ਸਿੰਘ, ਐਸ. ਡੀ. ਐਮ. ਸਮਰਾਲਾ ਅਨੁਪ੍ਰੀਤਾ ਜੌਹਲ, ਤਹਿਸੀਲਦਾਰ ਜਸਵਿੰਦਰ ਸਿੰਘ ਵੀ ਪੁੱਜ ਗਏ। ਸਮਰਾਲਾ ਸ਼ਹਿਰ ਕੁਝ ਹੀ ਪਲਾਂ ’ਚ ਪੁਲਿਸ ਛਾਊਣੀ ਵਿੱਚ ਤਬਦੀਲ ਹੋ ਗਿਆ। ਧਰਨਾ ਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਅਮਨ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੀ ਪੁਰਜੋਰ ਅਪੀਲ ਕੀਤੀ ਅਤੇ ਇਸ ਕੋਝੀ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਸ ਮੌਕੇ ਸ਼ਿਵ ਸੈਨਾ ਦੇ ਆਗੂ ਰਮਨ ਵਡੇਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਨੇ 24 ਘੰ੍ਯਟਿਆਂ ਵਿੱਚ ਕੋਈ ਕਾਰਵਾਈ ਨਾ ਕੀਤੀ ਜਾਂ ਦੋਸ਼ੀਆਂ ਨੂੰ ਨਾ ਫੜਿਆਂ ਤਾਂ ਪਰਸੋਂ 21 ਨਵੰਬਰ ਨੂੰ ਸਮਰਾਲਾ ਸ਼ਹਿਰ ਮੁਕੰਮਲ ਤੌਰ ਤੇ ਬੰਦ ਕੀਤਾ ਜਾਵੇਗਾ। ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵਿਸ਼ਵਾਸ਼ ਦਿਵਾਉਣ ਤੇ ਧਰਨਾਕਾਰੀਆਂ ਨੇ ਆਪਣਾ ਧਰਨਾ ਚੁੱਕਿਆ।



