Skip to content
Independent perspectives. Global stories.
BREAKING

ਪੰਜਾਬ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ’ਚ ਵਧੇਰੇ ਹੁਨਰਮੰਦ ਬਣਾਉਣਗੇ ਯੂਕੇ ਦੇ ਮਾਹਿਰ

Share this story

ਚੰਡੀਗੜ੍ਹ/ਜਲੰਧਰ, 17 ਨਵੰਬਰ- ਤਿੰਨ ਮੈਂਬਰੀ ਬ੍ਰਿਟਿਸ਼ ਡੈਲੀਗੇਸ਼ਨ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਪੰਜਾਬ ਦੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ। ਬ੍ਰਿਟਿਸ਼ ਡੈਲੀਗੇਸ਼ਨ ਵਿੱਚ ਨਵੀਂ ਦਿੱਲੀ ਸਥਿਤ ਬ੍ਰਿਟਿਸ਼ ਹਾਈ ਕਮਿਸ਼ਨ ਦੇ ਫਸਟ ਸੈਕਟਰੀ ਊਰਜਾ, ਵਾਤਾਵਰਣ ਅਤੇ ਵਿਕਾਸ ਯੂਨਿਟ ਫਰਾਂਸੇਜ਼ ਹੂਪਰ, ਚੰਡੀਗੜ੍ਹ ਸਥਿਤ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਡੇਵਿਡ ਲੇਲੀਅਟ ਅਤੇ ਐਨਰਜੀ ਐਂਡ ਲੋਅ ਕਾਰਬਨ ਗਰੋਥ ਐਡਵਾਈਜ਼ਰ ਜਾਵੇਦ ਮਾਲਾ ਵੀ ਸਨ। ਡਾ.ਚੀਮਾ ਨੇ ਡੈਲੀਗੇਸ਼ਨ ਨਾਲ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਵਧੇਰੇ ਹੁਨਰਮੰਦ ਬਣਾਉਣ ਲਈ ਵਿਚਾਰਾਂ ਕੀਤੀਆਂ ਅਤੇ ਡੈਲੀਗੇਸ਼ਨ ਨੇ ਸਿੱਖਿਆ ਮੰਤਰੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਦਿਸ਼ਾ ਵਿੱਚ ਮਿਲ ਕੇ ਕੰਮ ਕਰਨਗੇ। ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਅੰਗਰੇਜ਼ੀ ਭਾਸ਼ਾ ਦੇ ਸਕਿੱਲ ਸੁਧਾਰ ਲਿਆਉਣ ਦੇ ਨਾਲਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਨੂੰ ਸਿਖਲਾਈ ਦੇਣ ਬਾਰੇ ਵੀ ਵਿਚਾਰਾਂ ਹੋਈਆਂ ਤਾਂ ਜੋ ਅਧਿਆਪਕਾਂ ਦੀ ਸਮਰੱਥਾ ਵਧਾਈ ਜਾ ਸਕੇ। ਇਸ ਸਬੰਧੀ ਬ੍ਰਿਟਿਸ਼ ਡੈਲੀਗੇਸ਼ਨ ਨੇ ਡਾ.ਚੀਮਾ ਨੂੰ ਦੱਸਿਆ ਕਿ ਉਹ ਇਸ ਦਿਸ਼ਾ ਵਿੱਚ ਕੰਮ ਕਰਨਗੇ ਅਤੇ ਆਉਂਦੇ ਦਿਨਾਂ ਵਿੱਚ ਵਿਸਥਾਰਤ ਪ੍ਰਾਜੈਕਟ ਰਿਪੋਰਟ ਬਣਾ ਕੇ ਆਉਂਦੇ ਸਮੇਂ ਵਿੱਚ ਉਨ੍ਹਾਂ ਨਾਲ ਇਕ ਹੋਰ ਮੀਟਿੰਗ ਕਰਨਗੇ। ਵਾਤਾਵਰਣ ਪ੍ਰਦੂਸ਼ਣ ਅਤੇ ਊਰਜਾ ਖੇਤਰ ਵਿੱਚ ਸਿੱਖਿਆ ਵਿਭਾਗ ਵੱਲੋਂ ਚੁੱਕੇ ਕਦਮਾਂ ਬਾਰੇ ਡੈਲੀਗੇਸ਼ਨ ਨਾਲ ਗੱਲ ਕਰਦਿਆਂ ਡਾ.ਚੀਮਾ ਨੇ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਾ ਹੋਇਆ ਵਿਦਿਆਰਥੀਆਂ ਨੂੰ ਸਿੱਖਿਅਤ ਤੇ ਜਾਗਰੂਕ ਕਰਨ ਲਈ ਸਕੂਲੀ ਸਿੱਖਿਆ ਦੇ ਸਿਲੇਬਸ ਵਿੱਚ ਵਾਤਾਵਰਣ ਵਿਸ਼ੇ ਦੇ ਚੈਪਟਰਾਂ ਨੂੰ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਸਾਇੰਸ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਗਿਆ ਹੈ ਤਾਂ ਜੋ ਵਿਦਿਆਰਥੀ ਨੂੰ ਵਾਤਾਵਰਣ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਾਰਾ ਸਾਲ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਜਾਣੂੰ ਕਰਵਾਇਆ ਜਾਂਦਾ ਹੈ। ਚੌਗਿਰਦੇ ਨੂੰ ਹਰਿਆ ਭਰਿਆ ਰੱਖਣ ਲਈ ਲਈ ‘ਵਣ ਮਹਾਂਉਤਸਵ’ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ। ਵਿਦਿਆਰਥੀਆਂ ਦੇ ਇਸ ਵਿਸ਼ੇ ਬਾਰੇ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਮੁਲਾਕਾਤ ਦੌਰਾਨ ਬ੍ਰਿਟਿਸ਼ ਡੈਲੀਗੇਸ਼ਨ ਨੇ ਪੰਜਾਬ ਦੇ ਸਿੱਖਿਆ ਮੰਤਰੀ ਨਾਲ ਸੂਬੇ ਵਿੱਚ ਵਾਤਾਵਰਣ ਪ੍ਰਦੂਸ਼ਣ ਦੀਆਂ ਸਮੱਸਿਆਵਾਂ, ਚੁਣੌਤੀਆਂ ਅਤੇ ਉਪਕਰਨਾਂ ਬਾਰੇ ਵਿਸਥਾਰ ਵਿੱਚ ਚਰਜਾ ਕੀਤੀ। ਡਾ.ਚੀਮਾ ਦੇ ਨਾਲ ਹਾਜ਼ਰ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ.ਅਮਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਾਫ ਤੇ ਹਰਿਤ (ਕਲੀਨ ਐਂਡ ਗਰੀਨ) ਊਰਜਾ ਕ੍ਰਾਂਤੀ ਲਿਆਉਣ ਲਈ ਦ੍ਰਿੜ ਹੈ ਅਤੇ ਇਸ ਦਿਸ਼ਾ ਵਿੱਚ ਜ਼ਿਕਰਯੋਗ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸੋਲਰ ਊਰਜਾ ਖੇਤਰ ਵਿੱਚ ਪੰਜਾਬ ਨੇ ਵੱਡੇ ਟੀਚੇ ਹਾਸਲ ਕੀਤੇ ਹਨ। ਇਸ ਵੇਲੇ ਸੋਲਰ ਊਰਜਾ ਖੇਤਰ ਵਿੱਚ 210 ਮੈਗਾਵਾਟ ਬਿਜਲੀ ਤਿਆਰ ਕੀਤੀ ਜਾ ਰਹੀ ਹੈ। ਮਾਰਚ 2016 ਤੱਕ 400 ਮੈਗਾਵਾਟ ਅਤੇ ਮਾਰਚ 2017 ਤੱਕ 1000 ਮੈਗਾਵਾਟ ਬਿਜਲੀ ਤਿਆਰ ਕਰਨ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਦੱਸਿਆ ਕਿ ਸੋਲਰ ਊਰਜਾ ਖੇਤਰ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੀਆਂ ਸਮੂਹ ਸਰਕਾਰੀ ਇਮਾਰਤਾਂ ਦੀਆਂ ਛੱਤਾਂ ’ਤੇ ਸੋਲਰ ਪੈਨਲ ਲਗਾਏ ਜਾਣ ਦਾ ਟੀਚਾ ਮਿੱਥਿਆ ਹੈ। ਬ੍ਰਿਟਿਸ਼ ਡੈਲੀਗੇਸ਼ਨ ਨਾਲ ਵਾਤਾਵਰਣ ਪ੍ਰਦੂਸ਼ਣ ਮੁੱਦੇ ਬਾਰੇ ਵਿਚਾਰਾਂ ਕਰਦਿਆਂ ਡਾ.ਚੀਮਾ ਨੇ ਪੰਜਾਬ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਸਮੱਸਿਆ ਬਾਰੇ ਵੀ ਗੱਲ ਕੀਤੀ। ਉਨ੍ਹਾਂ ਇਸ ਸਮੱਸਿਆ ਤੋਂ ਨਿਜਾਤ ਪਾਉਣ ਦੇ ਤਰੀਕਿਆਂ ਬਾਰੇ ਵਿਸਥਾਰ ਵਿੱਚ ਗੱਲ ਕਰਦਿਆਂ ਪੰਜਾਬ ਸਰਕਾਰ ਵੱਲੋਂ ਇਸ ਦੇ ਹੱਲ ਦੀ ਦਿਸ਼ਾ ਵਿੱਚ ਚੁੱਕੇ ਰਹੇ ਕਦਮਾਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਦਰਿਆਵਾਂ ਵਿਚਲੇ ਪਾਣੀ ਦੇ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਪਹਿਲਾਂ ਹੀ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦੇ ਗੋਬਰ ਨੂੰ ਬਾਇਓ ਗੈਸ ਵਿਧੀ ਰਾਹੀਂ ਊਰਜਾ ਬਣਾਉਣ ਦੇ ਕੰਮ ਕੀਤਾ ਜਾਂਦਾ ਹੈ। ਉਨ੍ਹਾਂ ਸੂਬੇ ਵਿੱਚ ਬਾਇਓ ਮਾਸ ਦੇ ਖੇਤਰ ਵਿੱਚ ਕੀਤੇ ਕੰਮਾਂ ਬਾਰੇ ਵੀ ਦੱਸਿਆ। ਡੈਲੀਗੇਸ਼ਨ ਨਾਲ ਮੁਲਾਕਾਤ ਦੌਰਾਨ ਡਾ.ਚੀਮਾ ਦੇ ਨਾਲ ਪ੍ਰਮੁੱਖ ਸਕੱਤਰ ਸਿੱਖਿਆ ਸ੍ਰੀ ਸੀ.ਰਾਊਲ ਅਤੇ ਸਾਇੰਸ ਤੇ ਤਕਨਾਲੋਜੀ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਤੇਜਿੰਦਰ ਸਿੰਘ ਧਾਲੀਵਾਲ ਵੀ ਹਾਜ਼ਰ ਸਨ।

WRITTEN BY