ਅੰਮ੍ਰਿਤਸਰ, 2 ਨਵੰਬਰ (ਰਾਜੇਸ਼ ਡੈਨੀ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮਹਿਕਮਾ ਭਾਵੇਂ ਤਾਂ ਖੂਬ ਜੋਰਾਂ ਸ਼ੋਰਾਂ ਨਾਲ ਇਹ ਸਾਬਿਤ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਿਹਾ ਕਿ ਉਹ ਵਿਭਾਗੀ ਪੱਧਰ ‘ਤੇ ਬਹੁਤ ਤਰੱਕੀ ਕਰ ਰਿਹਾ ਹੈ ਅਤੇ ਸੂਬੇ ਦੇ ਲੋਕਾਂ ਨੂੰ ਸਹੂਲਤਾਂ ਵਧੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ, ਚਾਹੇ ਫਿਰ ਨਿਤ ਪ੍ਰਤੀ ਦਿਨ ਬਿਜਲੀ ਦੇ ਰੇਟ ਵਧਾਏ ਜਾਣ ਜਾਂ ਫਿਰ ਨਵੇਂ ਟੈਕਸ ਲਗਾ ਕੇ ਲੋਕਾਂ ‘ਤੇ ਬੋਝ ਪਾਇਆ ਜਾਵੇ, ਭਾਵੇਂ ਗਰੀਬ ਲੋਕ ਬਿੱਲ ਦੇ ਸਕਣ ਜਾਂ ਨਾਂ ਇਸ ਨਾਲ ਕੋਈ ਮਤਲਬ ਨਹੀਂ ਹੈ। ਲੋਕਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਅਤੇ ਪ੍ਰੇਸ਼ਾਂਨੀਆਂ ਜਿਉਂ ਦੀਆਂ ਤਿਊਂ ਹੀ ਬਣੀਆਂ ਹੋਈਆਂ ਹਨ ਅਤੇ ਸਹੂਲਤਾਂ ਦੇ ਨਾਮ ‘ਤੇ ਸਗੋਂ ਗੈਰ ਜਿੰਮੇਵਾਰੀ ਵੱਧਣ ਕਰਕੇ ਜਨਤਾ ਦੇ ਅੰਦਰ ਡਰ ਦਾ ਮਾਹੌਲ ਬਣਿਆ ਹੋਇਆ ਹੈ। ਕੁਝ ਸਮਾਂ ਪਹਿਲਾਂ ਸਰਕਾਰ ਵੱਲੋਂ ਵਿਕਾਸ ਦੇ ਨਾਮ ‘ਤੇ ਬਿਜਲੀ ਮਹਿਕਮੇ ਨੂੰ ਬਿਜਲੀ ਦੇ ਮੀਟਰ ਘਰਾਂ ਤੋਂ ਬਾਹਰ ਲਗਾਉਣ ਦੇ ਹੁਕਮਪਾਸ ਕੀਤੇ ਜਾਣ ਤੋਂ ਬਾਅਦ ਹਰ ਘਰ ਮੀਟਰ ਬਾਹਰ ਗਲੀਆਂ ਬਜਾਰਾਂ ਵਿਚ ਅਲਮਾਰੀਆਂ ਵਿਚ ਲਗਾਇਆ ਗਿਆ ਹੈ, ਬਿਜਲੀ ਮਹਿਕਮੇ ਦਾ ਮੰਨਣਾ ਹੈ ਕਿ ਇਸ ਨਾਲ ਬਿਜਲੀ ਦੀ ਚੋਰੀ ਰੁਕੇਗੀ, ਪਰ ਹੁਣ ਤਾਂ ਅਜਿਹੀਆਂ ਕਾਰਵਾਈਆਂ ਹੋ ਰਹੀਆਂ ਹਨ ਕਿ ਬਿਜਲੀ ਚੋਰੀ ਤਾਂ ਰੁਕੀ ਜਾਂ ਨਹੀਂ ਇਸਦਾ ਪਤਾ ਤਾਂ ਨਹੀਂ ਪਰ ਬਿਜਲੀ ਦੇ ਮੀਟਰ ਚੋਰੀ ਹੋਣ ਲੱਗ ਪਏ ਹਨ। ਇਸਦੀ ਤਾਜਾ ਮਿਸਲਾ ਦੇਖਣ ਨੂੰ ਮਿਲੀ ਸਥਾਨਕ ਇਸਲਾਮਾਬਾਦ ਇਲਾਕੇ ਦੇ ਵਸਨੀਕ ਸਿੰਦਰ ਕੁਮਾਰ ਵਸਨੀਕ 1066/12 ਇਸਲਾਮਾਬਾਦ ਵੱਲੋਂ ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਉਸਦਾ ਸਬ-ਡਵੀਜਨ ਇਸਲਾਮਾਬਾਦ ਅਧੀਨ ਬਿਜਲੀ ਦਾ ਕੁਨੈਕਸ਼ਨ ਚੱਲ ਰਿਹਾ ਹੈ, ਪਿਛਲੇ ਦਿਨੀਂ ਉਸਦਾ ਮੀਟਰ ਗਲੀ ਵਿਚ ਲੱਗੀ ਅਲਮਾਰੀ ਵਿਚੋਂ ਚੋਰੀ ਹੋ ਗਿਆ ਹੈ ਅਤੇ ਬਿਜਲੀ ਮਹਿਕਮਾ ਆਪਣੀ ਨਲਾਇਕੀ ਮੰਨਣ ਨੂੰ ਤਿਆਰ ਨਹੀਂ ਹੈ ਅਤੇ ਕਾਫੀ ਦਿਨ ਬੀਤ ਜਾਣ ‘ਤੇ ਵੀ ਉਸਨੂੰ ਬਿਜਲੀ ਸਬੰਧੀ ਪ੍ਰੇਸ਼ਾਨੀ ਹੱਲ ਨਹੀਂ ਕੀਤੀ ਜਾ ਰਹੀ ਬਲਕਿ ਮਹਿਕਮੇ ਵੱਲੋਂ ਉਸਨੂੰ ਇਸ ਸਭ ਲਈ ਜਿੰਮੇਵਾਰ ਦੱਸਿਆ ਜਾ ਰਿਹਾ ਹੈ। ਪੀੜਤ ਵੱਲੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਸਬੰਧਤ ਉ¤ਚ ਅਧਿਕਾਰੀ ਇਸ ਸਾਰੇ ਮਾਮਲੇ ਵੱਲ ਧਿਆਨ ਦੇਣ ਅਤੇ ਉਸਦਾ ਬਿਜਲੀ ਕੁਨੈਕਸ਼ਨ ਨਵਾਂ ਮੀਟਰ ਲਗਾ ਕੇ ਚਾਲੂ ਕਰਕੇ ਦਿੱਤਾ ਜਾਵੇ, ਜਦਕਿ ਉਸਦੀ ਜਗ੍ਹਾ ਮਹਿਕਮੇ ਵੱਲੋਂ ਇਸ ਵਾਰ ਦਾ ਬਿੱਲ ਤਾਂ ਭੇਜ ਦਿੱਤਾ ਹੈ, ਪਰ ਮੀਟਰ ਲਗਾਉਣ ਬਾਰੇ ਕੋਈ ਅਮਲੀ ਕਾਰਵਾਈ ਨਹੀਂ ਕੀਤੀ ਜਾ ਰਹੀ।



