ਬੁਢਲਾਡਾ, 2 ਨਵੰਬਰ (ਕੁਲਦੀਪ ਸ਼ੀਮਾਰ/ਅਮ੍ਰਿਤਪਾਲ)- ਤਿਉਹਾਰਾਂ ਦੇ ਮੱਦੇ ਨਜਰ ਰੱਖਦਿਆਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਡੂਪਲੀਕੇਟ ਸਮਾਨ ਨਾਲ ਮਿਠਾਈਆਂ ਬਣਾਉਣ ਵਾਲਿਆਂ ਦੀ ਸਿਹਤ ਵਿਭਾਗ ਦੀ ਢਿੱਲ ਕਾਰਨ ਕਾਲਾਬਾਜਾਰੀ ਸਿਖਰਾਂ ਤੇ ਨਜਰ ਆ ਰਹੀ ਹੈ। ਸਾਲ ਦੇ ਮੁੱਖ ਵੱਡੇ ਤਿਉਹਾਰ ਦੀਵਾਲੀ ਵਿੱਚ ਭਾਵੇ ਕੁਝ ਹੀ ਦਿਨ ਬਾਕੀ ਹਨ ਪਰ ਇਸ ਤਿਉਹਾਰ ਨੂੰ ਮੁੱਖ ਰੱਖਦਿਆਂ ਹਲਵਾਈਆਂ ਨੇ ਹੁਣ ਤੋਂ ਹੀ ਮਠਿਆਈਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਮਠਿਆਈ ਨੂੰ ਸ਼ਟੋਰ ਕਰਨ ਦਾ ਕੰਮ ਜੋਰਾ ਤੇ ਚੱਲ ਰਿਹਾ ਹੈ। ਕੁਝ ਹਲਵਾਈਆਂ ਨੇ ਤਾਂ ਮਠਿਆਈਆਂ ਨੂੰ ਕੋਲਡ ਸ਼ਟੋਰਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਦੀਵਾਲੀ ਸਮੇਂ ਕਿਸੇ ਕਿਸਮ ਦੀ ਥੁੜ ਮਹਿਸੂਸ ਨਾ ਕੀਤੀ ਜਾ ਸਕੇ। ਪਿਛਲੇ ਤਿਉਹਾਰਾਂ ਵਾਂਗ ਇਸ ਵਾਰ ਵੀ ਸਿੰਥੈਟਿਕ ਖੋਆ, ਦੁੱਧ, ਘਿਓ ਮੰਡੀ ਵਿੱਚ ਜਰੂਰ ਪਹੁੰਚਿਆ ਹੋਵੇਗਾ। ਅਜਿਹੇ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾਸੁਸਤ ਰਹਿਣਾ ਆਮ ਲੋਕਾਂ ਨੂੰ ਰਾਸ ਨਹੀਂ ਆ ਰਿਹਾ। ਕੁਝ ਦੋਧੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਉਹ ਹਰ ਮਹੀਨੇ ਕਾਰਡ ਬਣਾਉਣ ਦੇ ਨਾਅ ਤੇ 170 ਤੋਂ 200 ਰੁਪਏ ਅਦਾ ਕਰ ਰਹੇ ਹਨ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜਿਆਦਾ ਚੁਸਤ ਦਰੁਸਤ ਹੁੰਦਿਆਂ ਆਪਣੇ ਫਰਜ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਸਥਾਨਕ ਸ਼ਹਿਰ ਅੰਦਰ ਪਹਿਲਾ ਵੀ ਕਈ ਵਾਰ ਸਿੰਥੈਟਿਕ ਦੁੱਧ, ਘਿਓ, ਖੋਆ ਵਗੈਰਾ ਫੜਿਆ ਜਾ ਚੁੱਕਾ ਹੈ। ਪਰ ਆਮ ਤੌਰ ਤੇ ਹਾਲਾਤ ਸਾਜਗਾਰ ਹੀ ਰਹਿੰਦੇ ਹਨ। ਦੂਸਰੇ ਪਾਸੇ ਲੋਕ ਖੁੱਦ ਵੀ ਇਸ ਗੱਲ ਤੋਂ ਜਾਣੂ ਹੁੰਦਿਆਂ ਅੱਜ ਕੱਲ੍ਹ ਫਲ ਅਤੇ ਮੇਵੇ ਆਦਿ ਨੂੰ ਪਹਿਲ ਦੇਣ ਲੱਗ ਪਏ ਹਨ। ਪਰ ਕੁਝ ਲੋਕ ਇਸ ਤਿਉਹਾਰ ਤੇ ਜਿਆਦਾਤਰ ਮਠਿਆਈ ਨੂੰ ਇੱਕ ਸ਼ਗਨ ਜਾਂ ਪਰੰਪਰਾ ਅਨੁਸਾਰ ਖਰੀਦਦੇ ਹੀ ਹਨ। ਜਿਆਦਾਤਰ ਮੱਧਵਰਗੀ ਲੋਕ ਮੇਵੇ ਮਹਿੰਗੇ ਹੋਣ ਕਾਰਨ ਮਠਿਆਈ ਨੂੰ ਹੀ ਤਰਜੀਹ ਦਿੰਦੇ ਹਨ। ਦੀਵਾਲੀ ਮੌਕੇ ਅੱਜ ਕੱਲ ਲੋਕ ਉਪਹਾਰ ਵਿੱਚ ਵੀ ਫਲ, ਮੇਵੇ, ਬਿਸਕੁੱਟ ਆਦਿ ਹੀ ਦੇਣ ਲੱਗ ਪਏ ਹਨ। ਅਜਿਹੀਆਂ ਘਟਨਾਵਾਂ ਹੋਣ ਦੇ ਬਾਵਜੂਦ ਵੀ ਸਿਹਤ ਵਿਭਾਗ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆ ਰਿਹਾ। ਸਮਾਜਸੇਵੀ ਰਜਿੰਦਰ ਸਿੰਘ, ਸ਼ੀਸ਼ਨ ਤਾਇਲ, ਅਵਤਾਰ ਸਿੰਘ, ਕੁਲਦੀਪ ਸਿੰਘ, ਜਗਦੇਵ ਸਿੰਘ ਆਦਿ ਨੇ ਕਿਹਾ ਕਿ ਭਾਂਵੇ ਮਠਿਆਈਆਂ ਤਾਂ ਪੂਰਾ ਸਾਲ ਹੀ ਬਣਦੀਆਂ ਅਤੇ ਵਿਕਦੀਆਂ ਹਨ ਪਰ ਸਿਹਤ ਮਹਿਕਮਾ ਸਿਰਫ ਦੀਵਾਲੀ ਜਾਂ ਤਿਉਹਾਰਾਂ ਵੇਲੇ ਦਿਖਾਵੇ ਦੀ ਕਾਰਵਾਈ ਕਰਕੇ ਅੱਖਾਂ ਪੂੰਜਣ ਵਾਲਾ ਕੰਮ ਕਰਦਾ ਹੈ। ਉਨ੍ਹਾਂ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਿਹਤ ਵਿਭਾਗ ਨੂੰ ਆਪਣਾ ਫਰਜ ਇਮਾਨਦਾਰੀ ਨਾਲ ਨਿਭਾਉਂਦਿਆਂ ਲੋਕਾਂ ਦੀ ਸਿਹਤ ਨਾਲ ਹੋਣ ਵਾਲੇ ਖਿਲਵਾੜ ਨੂੰ ਰੋਕਿਆ ਜਾ ਸਕੇ। ਦੂਸਰੇ ਪਾਸੇ ਸਿਹਤ ਵਿਭਾਗ ਦੇ ਸਿਵਲ ਸਰਜਨ ਮਾਨਸਾ ਵਿਨੋਦ ਬੇਰੀ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਲਾਕੇ ਅੰਦਰ ਟੀਮਾਂ ਭੇਜੀਆ ਗਈਆਂ ਹਨ। ਅਗਰ ਕਿਸੇ ਵਿਅਕਤੀ ਨੂੰ ਖਾਣ ਪੀਣ ਦੀਆਂ ਵਸਤਾਂ ਮਿਠਾਈਆਂ ਸੰਬੰਧੀ ਸ਼ੱਕ ਹੈ ਤਾਂ ਸਿਹਤ ਵਿਭਾਗ ਮਾਨਸਾ ਨਾਲ ਸੰਪਰਕ ਕਰ ਸਕਦਾ ਹੈ।



