ਮਾਨਸਾ, 30 ਅਕਤੂਬਰ (ਅਮਰਜੀਤ ਸਿੰਘ, ਅਨੂਪ ਸਿੰਘ ਖਾਲਸਾ)- ਮਾਲਵਾ ਖੇਤਰ ਦੇ ਸਭ ਤੋਂ ਘੱਟ ਹਰਿਆਲੀ ਵਾਲੇ ਮਾਨਸਾ ਜਿਲ੍ਹੇ ਵਿਚ ਅੱਜ 33 ਮਿੰਟਾਂ ਵਿਚ 2 ਲੱਖ 6 ਹਜਾਰ ਬੂਟੇ ਲਗਾਉਣ ਦਾ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਗਿਆ। ਇਹ ਵਰਲਡ ਰਿਕਾਰਡ ਉਤਰੀ ਭਾਰਤ ਦੇ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਤਾਪ ਬਿਜਲੀ ਘਰ ‘ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲਾ’ ਵਿਖੇ ਵੇਦਾਂਤਾ ਕੰਪਨੀ ਦੇ ਚੀਫ ਉਪਰੇਟਿੰਗ ਅਫਸਰ ਸ੍ਰੀ ਫਲਿੱਪ ਚਾਕੋ ਦੀ ਅਗਵਾਈ ਹੇਠ ਬਣਾਇਆ ਗਿਆ ਹੈ, ਜਿਸ ਵਿਚ 30 ਸਕੂਲਾਂ-ਕਾਲਜਾਂ, 23 ਪੰਚਾਇਤਾਂ, ਸਮਾਜ ਸੇਵੀ ਅਤੇ ਕਾਮਿਆਂ ਵੱਲੋਂ ਸਿੱਧੇ ਰੂਪ ਵਿਚ ਭਾਗ ਲਿਆ ਗਿਆ। ਬੇਸ਼ੱਕ ਕੰਪਨੀ ਵੱਲੋਂ ਇਕ ਘੰਟੇ ਵਿਚ 2 ਲੱਖ ਪੌਦੇ ਲਾਉਣ ਦਾ ਟੀਚਾ ਮਿੱਥਿਆ ਗਿਆ ਸੀ, ਪਰ 5,800 ਲੋਕਾਂ ਨੇ ਇਸ ਨੂੰ ਨਿਸਚਿਤ ਸਮੇਂ ਤੋਂ ਅੱਧੇ ਟਾਈਮ ਵਿਚ ਹੀ ਪੂਰਾ ਕਰ ਵਿਖਾਇਆ ਹੈ, ਜਦੋਂ ਇਹ ਰਿਕਾਰਡ ਕਾਇਮ ਕੀਤਾ ਗਿਆ ਤਾਂ ਖੁਸ਼ੀ ਵਿਚ ਖੀਵੇ
ਹੋਏ ਵਲੰਟੀਅਰਾਂ ਨੇ ਉਚੀ ਆਵਾਜ਼ ਵਿਚ ਕਿਲਕਾਰੀਆਂ ਮਾਰੀਆਂ ਅਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਛੱਡੇ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਸ਼ਵ ਰਿਕਾਰਡ 1,00450 ਪੌਦਿਆਂ ਦਾ ਆਸਟਰੇਲੀਆ ਦੇ ਸ਼ਹਿਰ ਪਰਥ ਵਿਚ 25 ਜੁਲਾਈ 2014 ਨੂੰ ਕਾਇਮ ਕੀਤਾ ਗਿਆ ਸੀ, ਜਿਸ ਨੂੰ 1100 ਲੋਕਾਂ ਨੇ ਮਿਲਕੇ ਬਣਾਇਆ ਸੀ, ਜਦੋਂ ਕਿ ਉਸ ਤੋਂ ਪਹਿਲਾਂ ਅਜਿਹਾ ਹੀ ਇਕ ਰਿਕਾਰਡ 99 ਹਜ਼ਾਰ ਪੌਦੇ ਲਾਉਣ ਦਾ ਪੰਜਾਬ ਵਿਚ ਹੀ ਕਾਇਮ ਕੀਤਾ ਗਿਆ ਸੀ। ‘ਤਲਵੰਡੀ ਸਾਬੋ ਪਾਵਰ ਲਿਮਟਿਡਦੇ ਚੀਫ ਉਪਰੇਟਿੰਗ ਅਫਸਰ (ਸੀ.ਈ.ਓ) ਸ੍ਰੀ ਫਲਿੱਪ ਚਾਕੋ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਨੇ ਆਸਟਰੇਲੀਆ ਦੇ 1 ਲੱਖ 450 ਬੂਟੇ ਲਾਉਣ ਦੇ ਰਿਕਾਰਡ ਨੂੰ ਤੋੜ ਸੁੱਟਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚਲੀ ਹਰਿਆਲੀ ਅਤੇ ਦਰੱਖਤਾਂ ਦੀ ਘਾਟ ਨੂੰ ਵੇਖਦਿਆਂ 200 ਏਕੜ ਰਕਬੇ ਵਿਚ 2 ਲੱਖ ਤੋਂ ਵੱਧ ਬੂਟੇ ਲਾਉਣੇ ਇਹ ਇਕ ਵੱਡਾ ਮਹੱਤਵਪੂਰਨ ਕਾਰਜ ਹੈ, ਜਿਸ ਨਾਲ ਪੰਜਾਬ ਦੇ ਵਾਤਾਵਰਣ ਵਿਚ ਇਕ ਵੱਡਾ ਸੁਧਾਰ ਆਵੇਗਾ। ਕੰਪਨੀ ਦੇ ਲੋਕ ਸੰਪਰਕ ਅਫਸਰ ਡਾ. ਵਿਸ਼ਾਲ ਅੱਗਰਵਾਲ ਨੇ ਇਹ ਵਿਸ਼ਵ ਰਿਕਾਰਡ ਬਣਾਉਣ ਲਈ ਬੇਸ਼ੱਕ ਇਕ ਘੰਟੇ ਦਾ ਸਮਾਂ ਮਿੱਥਿਅ ਗਿਆ ਸੀ, ਪਰ ਇਸ ਨੂੰ 33 ਮਿੰਟਾਂ ਵਿਚ ਹੀ ਪੂਰਾ ਕਰਨ ਤੋਂ ਜਾਪਦਾ ਹੈ ਕਿ ਲੋਕਾਂ ਵਿਚ ਇਲਾਕੇ ਦੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਕਿੰਨਾਂ ਵੱਡਾ ਉਤਸ਼ਾਹ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 2 ਲੱਖ 6 ਹਜ਼ਾਰ ਬੂਟਿਆਂ ਵਿਚ 23 ਵੱਖ-ਵੱਖ ਵਰਾਇਟੀਆਂ ਨੂੰ ਲਿਆ ਗਿਆ ਹੈ ਅਤੇ ਇਨ੍ਹਾਂ ਬੂਟਿਆਂ ਨੂੰ 200 ਏਕੜ ਵਿਚ ਲਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਇਕੱਲੇ ਬੂਟੇ ਲਾਉਣ ਦਾ ਹੀ ਵਿਸ਼ਵ ਰਿਕਾਰਡ ਨਹੀਂ ਕਾਇਮ ਕੀਤਾ ਜਾਵੇਗਾ, ਸਗੋਂ ਇਨ੍ਹਾਂ ਬੂਟਿਆਂ ਨੂੰ ਚਲਾਉਣ ਲਈ ਖਾਦ, ਪਾਣੀ, ਦਵਾਈ ਦੇ ਪ੍ਰਬੰਧ ਕਰਕੇ ਇਨ੍ਹਾਂ ਦੀ ਤੰਦਰੁਸਤੀ ਵੱਲ ਹਮੇਸ਼ਾ ਗੌਰ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਮਾਨਸਾ ਵਿਚ ਜੰਗਲਾਤ ਦਾ ਇਸ ਵੇਲੇ 0.27 ਪ੍ਰਤੀਸ਼ਤ ਰਕਬਾ ਹੈ, ਜੋ ਹੁਣ ਵਧਕੇ 0.31 ਫੀਸਦੀ ਤੋਂ ਵੱਧ ਹੋ ਜਾਵੇਗਾ। ਕੰਪਨੀ ਅਧਿਕਾਰੀ ਚੇਤਨ ਸ੍ਰੀਵਾਸਤਵਾ ਨੇ ਕਿਹਾ ਕਿ ਅੱਜ ਇਹ ਵਿਸ਼ਵ ਰਿਕਾਰਡ ਕਾਇਮ ਹੋਣ ਨਾਲ ਇਲਾਕੇ ਵਿਚ ਬੂਟੇ ਅਤੇ ਦਰੱਖਤ ਲਾਉਣ ਦੀ ਇਕ ਨਵੀਂ ਲਹਿਰ ਖੜ੍ਹੀ ਹੋ ਜਾਵੇਗੀ। ਕੰਪਨੀ ਵੱਲੋਂ ਦੇਵਾਵਰਤ ਮਿਸ਼ਰਾ ਨੇ ਦੱਸਿਆ ਕਿ ਪੌਦੇ ਲਾਉਣ ਦੇ ਨਵੇਂ ਵਿਸ਼ਵ ਰਿਕਾਰਡ ਕਾਇਮ ਕਰਨ ਵਿਚ 5,800 ਪੰਜਾਬ ਸਰਕਾਰ, ਜਿਲ੍ਹਾ ਪ੍ਰਸ਼ਾਸ਼ਨ, ਟੀ.ਐਸ.ਪੀ.ਐਲ ਦੇ ਅਧਿਕਾਰੀ/ਕਰਮਚਾਰੀ/ਠੇਕੇਦਾਰ, ਇਲਾਕੇ ਦੇ ਪੰਚ/ਸਰਪੰਚ, ਸਰਕਾਰੀ ਅਤੇ ਪ੍ਰਾਈਵੇਟ ਸਕੂਲ ਪ੍ਰਬੰਧਕ, ਕਾਲਜ, ਐਨ.ਜੀ.ਓ, ਕੌਮੀ ਸੇਵਾ ਯੋਜਨਾ ਵਲੰਟੀਅਰਾਂ, ਕਲੱਬਾਂ ਅਤੇ ਸਮਾਜ ਸੇਵੀ ਵਿਅਕਤੀ ਸਿੱਧੇ ਰੂਪ ’ਚ ਭਾਗ ਲਿਆ। ਇਥੇ ਜਿਕਰਯੋਗ ਹੈ ਕਿ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ.ਐਸ.ਪੀ.ਐਲ), ਮਾਨਸਾ ਨੇੜੇ ਪਿੰਡ ਰਾਏਪੁਰ, ਬਣਾਂਵਾਲਾ, ਤਲਵੰਡੀ-ਅਕਲੀਆ ਅਤੇ ਪੇਰੋਂ ਦੀ 2,103ਏਕੜ ਜ਼ਮੀਨ ਵਿਚ ਬਣਿਆ ਹੋਇਆ ਹੈ। ਅੱਜ ਇਸ ਵਿਸ਼ਵ ਰਿਕਾਰਡ ਸੰਬੰਧੀ ਡੀ.ਐਨ.ਵੀ.ਜੀ.ਐਲ ਕੰਪਨੀ ਦੇ ਐਡੀਟਰ ਰਮੇਸ਼ ਰਾਜਾ ਮਨੀੇ ਅਤੇ ਕਿਰਨ ਰਾਧਾਕ੍ਰਿਸ਼ਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹ ਇਸ ਨਵੇਂ ਵਿਸ਼ਵ ਰਿਕਾਰਡ ਨੂੰ ਕਾਇਮ ਹੋਣ ਲਈ ਨਿਗਰਾਨੀ ਕਰਨ ਵਾਸਤੇ ਆਏ ਹਨ ਅਤੇ ਉਨ੍ਹਾਂ ਵੱਲੋਂ ਹੀ ਗਿਨੀਜ਼ ਬੁੱਕ ਵਰਲਡ ਰਿਕਾਰਡ ਲਈ ਦਸਤਾਵੇਜ਼ ਭੇਜਣੇ ਹਨ, ਜਿੰਨ੍ਹਾਂ ਲਈ ਬੂਟਿਆਂ ਦੀ ਬਕਾਇਦਾ ਫਿਜੀਕਲ ਵੈਰੀਫਿਕੇਸ਼ਨ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਟੀ.ਐਸ.ਪੀ.ਐਲ ਦੇ ਬੂਟੇ ਲਾਉਣ ਵਾਲੇ ਇਸ ਕਾਰਜ ਤੋਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਇਹ ਸਾਰੇ ਰਿਕਾਰਡ ਲਈ ਉਹ ਲੰਡਨ ਸਥਿਤ ਜੀ.ਡਬਲਿਊ.ਆਰ ਦੇ ਦਫ਼ਤਰ ਵਿਖੇ ਅਗਲੇ ਹਫ਼ਤੇ ਤੱਕ ਸਾਰੇ ਦਸਤਾਵੇਜ ਭੇਜ ਦੇਣਗੇ। ਕੰਪਨੀ ਦੇ ਹੈਡ.ਐਚ.ਐਸ.ਈ ਅਵਿਨਾਸ਼ ਕੁਮਾਰ, ਹੈਡ ਆਪਰੇਸ਼ਨ ਅਸ਼ਵਨੀ ਮਿੱਤਲ, ਹੈਡ ਰੇਲਵੇ ਵਿਭਾਗ ਸ੍ਰੀ ਆਨੰਦ ਗੁਪਤਾ, ਹੈਡ ਮੇਨਟੀਨੈਸ ਸ਼ਮੀਰ ਨਾਇਕ ਅਤੇ ਪ੍ਰੀਤੀ ਰਾਵਤ ਨੇ ਦੱਸਿਆ ਕਿ ਕੰਪਨੀ ਦੇ ਇਸ ਠੋਸ ਅਤੇ ਨਿੱਗਰ ਉਪਰਾਲੇ ਨਾਲ ਇਸ ਇਲਾਕੇ ਵਿਚ ਹਰਿਆਲੀ ਦੇ ਇਨਕਲਾਬੀ ਵਾਧੇ ਹੋਣਗੇ।



