ਫਰੈਂਕਫਰਟ (ਜਰਮਨੀ), 27 ਅਕਤੂਬਰ (ਰ)- ਜਰਮਨੀ ਚ ਲਗਾਤਾਰ ਆ ਰਹੇ ਸ਼ਰਨਾਰਥੀਆਂ ਨੂੰ ਮੁੱਦਾ ਬਣਾ ਕੇ ਨਸਲਵਾਦੀ ਨਾਜ਼ੀ ਟੋਲੇ ਲੋਕਾਂ ਚ ਭੜਕਾਹਟ ਪੈਦਾ ਕਰਨ ਲਈ ਯਤਨਸ਼ੀਲ ਹਨ। ਵੱਡੇ ਪੱਧਰ ਤੇ ਜਰਮਨ ਲੋਕ ਉਨ੍ਹਾਂ ਨੂੰ ਨਕਾਰ ਰਹੇ ਹਨ। ਬੀਤੇ ਦਿਨ ਹਾਈਡਲਬਰਗ ਸ਼ਹਿਰ ਚ ਸਮੂਹ ਰਾਜਸੀ ਪਾਰਟੀਆਂ, ਸਮਾਜ ਸੇਵੀ ਤੇ ਹੋਰਨਾਂ ਸੰਗਠਨਾਂ ਵੱਲੋਂ ਸਾਂਝੇ ਤੌਰ ’ਤੇ ਨਾਜ਼ੀਆਂ ਦੇ ਖਿਲਾਫ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰਾ ਰੇਲਵੇ ਸਟੇਸ਼ਨ ਦੇ ਸਾਹਮਣੇ ਹੋਇਆ ਜਿੱਥੇ ਕੁਝ ਗਿਣਤੀ ਚ ਨਾਜ਼ੀ ਮੁਜ਼ਾਹਰਾ ਕਰ ਰਹੇ ਸਨ। ਨਾਜ਼ੀਆਂ ਦੇ ਵਿਰੋਧ ’ਚ ਹੋਏ ਇਸ ਮੁਜ਼ਾਹਰੇ ਦਾ ਨਾਅਰਾ ਸੀ ‘ਜਰਮਨੀ ਚ ਸ਼ਰਨਾਰਥੀਆਂ ਦਾ ਸਵਾਗਤ-ਸਵਾਗਤ-ਨਾਜ਼ੀ ਭਜਾਓ।’ ਵੱਖ-ਵੱਖ ਬੁਲਾਰਿਆਂ ਨੇ ਨਸਲਵਾਦੀ ਸੋਚ ਦਾ ਸ਼ਖਤ ਸ਼ਬਦਾਂ ਚ ਵਿਰੋਧ ਕਰਦਿਆਂ ਸ਼ਰਨਾਰਥੀਆਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਸੋਸ਼ਲਿਸਟ ਡੈਮੋਕ੍ਰਟਿਕ ਪਾਰਟੀ ਦੇ ਸਥਾਨਕ ਆਗੂ ਜਸਵਿੰਦਰਪਾਲ ਸਿੰਘ ਰਾਠ ਨੇ ਕਿਹਾ ਜਰਮਨੀ ਹੀ ਅਜਿਹਾ ਦੇਸ਼ ਹੈ ਜੋ ਸ਼ਰਨਾਰਥੀਆਂ ਨੂੰ ਵੱਡੀ ਗਿਣਤੀ ਚ ਸੰਭਾਲ ਰਿਹਾ ਹੈ।


