ਲੁਧਿਆਣਾ, 24 ਅਕਤੂਬਰ- ਪੰਜਾਬ ਇਸ ਵੇਲੇ ਚਹੁੰ ਤਰਫੀ ਆਪਾ ਧਾਪੀ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ। ਸਰਕਾਰ ਦਾ ਕਿਧਰੇ ਕੋਈ ਕੰਟਰੋਲ ਨਜ਼ਰ ਨਹੀਂ ਆ ਰਿਹਾ। ਸਿੱਖ ਸਿਆਸੀ ਲੀਡਰਸ਼ਿਪ ਬੇਮਾਅਨਾ ਹੋਈ ਪਈ ਹੈ ਤੇ ਸਿੱਖ ਧਾਰਮਿਕ ਆਗੂ ਆਪਣੇ ਕਦਮਾਂ ਨਾਲ ਉਲਝ ਕੇ ਲੋਕਾਂ ਵਿੱਚੋਂ ਸਾਖ ਗੁਆ ਚੁੱਕੇ ਹਨ। ਕਈ ਦਿਨਾਂ ਤੋਂ ਸੜਕਾਂ ਜਾਮ ਹੋਣ ਕਾਰਨ ਹਰ ਪਾਸੇ ਆਵਾਜਾਈ ਠੱਪ ਹੋਣ ਵਰਗੀ ਹੈ। ਹਾਲਤ ਅਜਿਹੇ ਜਾਪਦੇ ਹਨ ਕਿ ਸਰਕਾਰ ਤੇ ਪ੍ਰਸ਼ਾਸਨ ਗੁੰਮ ਹੈ ਤੇ ਹਾਲਤ ਨੂੰ ਮੋੜਾ ਦੇਣ ਲਈ ਕਿਤੋਂ ਕੋਈ ਪਹਿਲਕਦਮੀ ਹੁੰਦੀ ਨਜ਼ਰ ਨਹੀਂ ਆ ਰਹੀ। ਇਸ ਵਕਤ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਲੋਕ ਆਪ ਮੁਹਾਰੇ ਸੜਕਾਂ ਜਾਮ ਕਰ ਰਹੇ ਹਨ। ਇਨ੍ਹਾਂ ਦੀ ਅਗਵਾਈ ਕਰਨ ਵਾਲੇ ਵੀ ਇਕਜੁਟ ਨਹੀਂ। ਹਰ ਕੋਈ ਆਪੋ ਆਪਣੀ ਮੁਹਾਰਨੀ ਪੜ੍ਹਨ ਲੱਗਾ ਪਿਆ ਹੈ। ਕਾਫੀ ਸਮੇਂ ਤੋਂ ਅਕਾਲੀ ਦਲ ਦਾ ਹਮਾਇਤੀ ਬਣ ਕੇ ਚੱਲ ਰਿਹਾ ਸੰਤ ਸਮਾਜ ਆਪਣੀ ਥਾਂ ਬਣਾਈਰੱਖਣ ਲਈ ਵਿਰੋਧੀ ਸੁਰਾਂ ਵੀ ਅਲਾਪਦਾ ਹੈ, ਪਰ ਅਕਾਲੀ ਦਲ ਨਾਲ ਨੇੜਤਾ ਬਚਾਉਣ ਬਾਰੇ ਵੀ ਚੌਕਸ ਹੈ। ਨਾਮ ਅਕਾਲੀ ਦਲ ਅਤੇ ਯੂਨਾਈਟਿਡ ਅਕਾਲੀ ਦਲ ਸਮੇਤ ਕੁਝ ਗਰਮ ਖਿਆਲੀ ਸੰਗਠਨ ਆਪਣੇ ਥਾਂ ਸਰਗਰਮ ਹਨ। ਡੇਰਾ ਸਿਰਸਾ ਮੁਖੀ ਨੂੰ ਸਿੰਘ ਸਾਹਿਬਾਨ ਵੱਲੋਂ ਮੁਆਫੀ ਦਿੱਤੇ ਜਾਣ ਵਿਰੁੱਧ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਲਾਮਬੰਦੀ ਵਿੱਚੋਂ ਇਕ ਨਵੀਂ ਧਿਰ ਦੇ ਪੈਦਾ ਹੋਣ ਦੇ ਸੰਕੇਤ ਮਿਲਦੇ ਹਨ। ਸੂਤਰਾਂ ਮੁਤਾਬਕ ਅਕਾਲੀ ਲੀਡਰਸ਼ਿਪ ਅਤੇ ਸੂਹੀਆਂ ਏਜੰਸੀਆਂ ਇਸ ਨਵੀਂ ਉਭਰਦੀ ਧਿਰ ਬਾਰੇ ਬੇਹੱਦ ਚਿੰਤਤ ਹਨ। ਨਵੇਂ ਧਿਰ ਵਿੱਚ ਭਾਈ ਪੰਥਪ੍ਰੀਤ ਸਿੰਘ, ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਸਮੇਤ ਹੋਰ ਮਿਸ਼ਨਰੀ ਤੇ ਪ੍ਰਚਾਰਕ ਆਗੂ ਵਜੋਂ ਸ਼ਾਮਲ ਹਨ। ਇਸ ਧਿਰ ਪ੍ਰਤੀ ਸਰਕਾਰ ਦੇ ਵਤੀਰੇ ਬਾਰੇ ਬਰਗਾੜੀ ਵਾਲੇ ਮਾਮਲੇ ’ਚ ਇਨ੍ਹਾਂ ਸਾਰੇ ਆਗੂਆਂ ਨੂੰ ਫੜ ਕੇ ਜੇਲ ਭੇਜਣ ਤੋਂ ਪਤਾ ਲੱਗ ਜਾਂਦਾ ਹੈ। ਨਵੀਂ ਉਭਰ ਰਹੀ ਧਿਰ ਤੋਂ ਮਾਨ ਦਲ ਅਤੇ ਦੂਜੇ ਧੜੇ ਵੀ ਤ੍ਰਭਕ ਰਹੇ ਹਨ। ਇਸ ਨਵੀਂ ਉਭਰਦੀ ਧਿਰ ਨੇ ਥਾਂ-ਥਾਂ ਲੱਗਦੇ ਧਰਨੇ ਚੁੱਕ ਕੇ ਸਿਰਫ ਇਕ ਜ਼ਿਲੇ ਵਿੱਚ ਇਕ ਦਿਨ ਧਰਨੇ ਦੇਣ ਦਾ ਸੱਦਾ ਦਿੱਤਾ ਤੇ ਬਰਗਾੜੀ ਵਿਖੇ ਮਾਰੇ ਗਏ ਸਿੰਘਾਂ ਦੇ ਭੋਗ ਤੱਕ ਲਗਾਤਾਰ ਧਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ, ਪਰ ਸੰਤ ਸਮਾਜ ਅਤੇ ਅਕਾਲੀ ਦਲ (ਮਾਨ) ਦੇ ਆਗੂਆਂ ਨੇ ਇਸ ਨਵੇਂ ਉਭਰਦੇ ਧੜੇ ਨੂੰ ਚੁਣੌਤੀ ਦੇਣ ਤੇ ਉਨ੍ਹਾਂ ਦੇ ਸੱਦੇ ਨੂੰ ਲਾਂਭੇ ਕਰ ਦੇਣ ਲਈ ਕਈ ਥਾਂਈਂ ਕੱਲ੍ਹ ਧਰਨੇ ਦੇ ਦਿੱਤੇ। ਬਠਿੰਡਾ ਲਾਗੇ ਕੋਟ ਸ਼ਮੀਰ ਤੇ ਕੁਝ ਥਾਂਈਂ ਇਸ ਨੂੰ ਲੈ ਕੇ ਤਕਰਾਰ ਵੀ ਹੋਏ ਦੱਸੇ ਜਾਂਦੇ ਹਨ। ਲੱਗਦਾ ਹੈ ਕਿ ਲੋਕ ਆਪਮੁਹਾਰੇ ਵੀ ਦੇਖਾ ਦੇਖੀ ਜਾਮ ਲਾਈ ਜਾਂਦੇ ਹਨ। ਸਰਕਾਰ ਅਤੇ ਸੰਘਰਸ਼ ਕਰਨ ਵਾਲੇ ਸੰਗਠਨਾਂ ’ਚੋਂ ਕਿਸੇ ਦਾ ਵੀ ਇਸ ਹਾਲਤ ਉਪਰ ਕੰਟਰੋਲ ਨਹੀਂ ਲਗਦਾ। ਨਵੀਂ ਧਿਰ ਵੱਲੋਂ ਲੱਗਦਾ ਹੈ ਕਿ ਇਕ ਦਿਨ ਇਕ ਜ਼ਿਲੇ ’ਚ ਧਰਨਾ ਦੇਣ ਦਾ ਫੈਸਲਾ ਲੋਕਾਂ ਦੀ ਸਹੂਲਤ ਨੂੰ ਲੈ ਕੇ ਕੀਤਾ ਸੀ, ਪਰ ਆਪਾ ਧਾਪੀ ਦੇ ਇਸ ਦੌਰ ਵਿੱਚ ਉਨ੍ਹਾਂ ਦੀ ਗੱਲ ਵੀ ਗੁਆਚਦੀ ਨਜ਼ਰ ਆ ਰਹੀ ਹੈ। ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਸ ਗੱਲ ਦਾ ਡੂੰਘਾ ਅਹਿਸਾਸ ਹੋ ਗਿਆ ਹੈ ਕਿ ਉਹ ਸੱਟ ਖਾ ਬੈਠੇ ਹਨ। ਪਹਿਲੀ ਵਾਰ ਹੈ ਕਿ ਸਿੱਖ ਸਰਗਰਮੀ ਵਿੱਚੋਂ ਤਖਤਾਂ ਦੇ ਜਥੇਦਾਰ ਤੇ ਅਕਾਲੀ ਦਲ ਮੁਕੰਮਲ ਨਿਖੇੜੇ ਦੀ ਹਾਲਤ ਵਿੱਚ ਹਨ। ਸਿੰਘ ਸਾਹਿਬ ਤੇ ਅਕਾਲੀ ਆਗੂ ਤੇ ਵਰਕਰ ਰੋਸ ਧਰਨਿਆਂ ਵਿੱਚ ਵੀ ਸ਼ਾਮਲ ਨਹੀਂ ਹੋ ਸਕਦੇ। ਪਹਿਲਾਂ ਹਰ ਤਰ੍ਹਾਂ ਦੀ ਸਰਗਰਮੀ ’ਚ ਅਕਾਲੀ ਦਲ ਦਾ ਬੋਲਬਾਲਾ ਹੁੰਦਾ ਸੀ। ਖਾੜਕੂਆਂ ਦੀ ਚੜ੍ਹਤ ਸਮੇਂ ਵੀ ਅਕਾਲੀ ਲੀਡਰਸ਼ਿਪ ਏਨੇ ਮੁਕੰਮਲ ਨਿਖੇੜੇ ’ਚ ਗਈ ਕਦੇ ਨਜ਼ਰ ਨਹੀਂ ਸੀ ਆਈ। ਹੁਣ ਅਕਾਲੀ ਲੀਡਰਸ਼ਿਪ ਵੱਲੋਂ ਨੁਕਸਾਨ ਦੀ ਭਰਪਾਈ ਦੇ ਕਦਮ ਚੁੱਕੇ ਜਾ ਰਹੇ ਹਨ। ਅਗਲੀ ਪਿਛਲੀ ਸਾਰੀ ਗੱਲ ਉਪਰ ਮਿੱਟੀ ਪਾ ਕੇ ਪਾਰਟੀ ਵੱਲੋਂ ਹੁਣ ਸਾਰੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ’ਤੇ ਕੇਂਦਰਿਤ ਕਰਨ ਦਾ ਯਤਨ ਹੈ। ਸਿੰਘ ਸਾਹਿਬਾਨ ਵੱਲੋਂ ਡੇਰਾ ਮੁਖੀ ਨੂੰ ਦਿੱਤੀ ਮੁਆਫੀ ਦੇ ਗੁਰਮਤੇ ਨੂੰ ਰੱਦ ਕਰਨ ਅਤੇ ਕੋਟਕਪੂਰਾ ਵਿੱਚ ਲਾਠੀਚਾਰਜ ਅਤੇ ਬਹਿਬਲ ਪਿੰਡ ਵਿੱਚ ਪੁਲਸ ਦੀ ਗੋਲੀ ਨਾਲ ਦੋ ਸਿੱਖ ਨੌਜਵਾਨਾਂ ਦੀ ਮੌਤ ਬਾਰੇ ਅਕਾਲੀ ਦਲ ਕੋਈ ਸਟੈਂਡ ਲੈਣ ਤੋਂ ਕਸੂਤਾ ਫਸਿਆ ਹੋਇਆ ਹੈ। ਅਕਾਲੀ ਲੀਡਰਸ਼ਿਪ ਨੇ ਬਹਿਬਲ ਪਿੰਡ ਵਿੱਚ ਮਾਰੇ ਗਏ ਸਿੱਖ ਨੌਜਵਾਨਾਂ ਦੇ ਪਰਵਾਰਾਂ ਨੂੰ ਅਕਾਲੀ ਦਲ ਜਾਂ ਸਰਕਾਰ ਵੱਲੋਂ ਕੋਈ ਸਹਾਇਤਾ ਰਾਸ਼ੀ ਦੇਣ ਦੀ ਬਜਾਏ ਇਸ ਕੰਮ ਲਈ ਸ਼੍ਰੋਮਣੀ ਕਮੇਟੀ ਨੂੰ ਅੱਗੇ ਲਾਇਆ ਹੈ। ਪਿਛਲੇ ਦਿਨੀਂ ਕੋਰ ਕਮੇਟੀ ਦੀ ਮੀਟਿੰਗ ’ਚ ਸਭ ਤੋਂ ਕਸੂਤੀ ਸਥਿਤੀ ਸਿੰਘ ਸਾਹਿਬਾਨ ਵੱਲੋਂ ਡੇਰਾ ਮੁਖੀ ਦੀ ਮੁਆਫੀ ਵਾਲਾ ਫੈਸਲਾ ਰੱਦ ਕਰ ਦੇਣ ਨਾਲ ਹੋਈ। ਲੰਬੀ ਵਿਚਾਰ ਪਿੱਛੋਂ ਵੀ ਕੋਰ ਕਮੇਟੀ ਸਿੰਘ ਸਾਹਿਬਾਨ ਦੇ ਫੈਸਲੇ ਦਾ ਸਵਾਗਤ ਜਾਂ ਵਿਰੋਧ ਕਰਨ ਦਾ ਫੈਸਲਾ ਨਹੀਂ ਲੈ ਸਕੀ। ਹਾਲਤ ਇਹ ਸੀ ਕਿ ਜੇ ਸਿੰਘ ਸਾਹਿਬ ਦੇ ਤਾਜ਼ਾ ਫੈਸਲੇ ਦਾ ਸਵਾਗਤ ਕੀਤਾ ਜਾਂਦਾ ਤਾਂ ਡੇਰਾ ਪ੍ਰੇਮੀਆਂ ਦੀ ਨਾਰਾਜ਼ਗੀ ਸਹੇੜਨੀ ਪੈਂਦੀ, ਪਰ ਫੈਸਲੇ ਦਾ ਅਕਾਲੀ ਦਲ ਇਸ ਦਾ ਵਿਰੋਧ ਵੀ ਨਹੀਂ ਕਰ ਸਕਦਾ। ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਇਸੇ ਲਈ ਮੀਟਿੰਗ ਦੇ ਫੈਸਲਿਆਂ ਦਾ ਪ੍ਰੈਸ ਨੋਟ ਜਾਰੀ ਨਹੀਂ ਕੀਤਾ ਗਿਆ। ਅਕਾਲੀ ਦਲ ਨੇ ਇਸ ਬਾਰੇ ਚੁੱਪ ਰੱਖਣੀ ਠੀਕ ਸਮਝੀ ਹੈ। ਵਧੇਰੇ ਚਿੰਤਾ ਦੀ ਗੱਲ ਇਹ ਹੈ ਕਿ ਪਾਰਟੀ ਦੇ ਹੇਠਲੇ ਪੱਧਰ ਦੇ ਆਗੂਆਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਅਸਤੀਫੇ ਦੇਣ ਦੀ ਚੱਲ ਰਹੀ ਲੜੀ ਯਤਨ ਕਰਨ ਦੇ ਬਾਅਦ ਵੀ ਰੁਕ ਨਹੀਂ ਰਹੀ।



