ਮਾਲੇਰਕੋਟਲਾ, 9 ਅਗਸਤ (ਹਰਿੰਦਰ ਖਾਲਸਾ, ਜਗਦੇਵ ਰੰਚਨਾ, ਰਾਕੇਸ਼ ਸਰਮਾ)-ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਅੱਜ ਈਦ ਦੇ ਪਵਿੱਤਰ ਮੌਕੇ ‘ਤੇ ਤੋਹਫ਼ਾ ਦਿੰਦਿਆਂ ਇਤਿਹਾਸਕ ਸ਼ਹਿਰ ਮਲੇਰਕੋਟਲਾ ਦੇ ਵਾਸੀਆਂ ਨੂੰ ਵਿਕਾਸ ਕਾਰਜਾਂ ਲਈ 25.30 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

ਈਦ ਉਲ ਫ਼ਿਤਰ ਦੇ ਮੁਬਾਰਕ ਮੌਕੇ ‘ਤੇ ਸਥਾਨਕ ਈਦਗਾਹ ਵਿਖੇ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਬਾਦਲ ਨੇ ਇਸ ਪਵਿੱਤਰ ਮਹੀਨੇ ਦੀ ਮੁਸਲਿਮ ਧਰਮ ਵਿੱਚ ਅਹਿਮੀਅਤ ਦਾ ਵਰਨਣ ਕਰਦਿਆਂ ਸਮੂਹ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਯੋਜਨਾਬੱਧ ਵਿਕਾਸ ਲਈ ਬਕਾਇਦਾ ਖਾਕਾ ਤਿਆਰ ਕਰ ਲਿਆ ਗਿਆ ਹੈ। ਉਨ੍ਹਾਂ ਇਸ ਮੌਕੇ ਮਲੇਰਕੋਟਲਾ ਸ਼ਹਿਰ ਦੇ ਦੋਵੇਂ ਬਲਾਕਾਂ (ਇੱਕ ਅਤੇ ਦੋ) ਦੇ ਵਿਕਾਸ ਲਈ 10-10 ਕਰੋੜ ਰੁਪਏ, ਸ਼ਹਿਰ ਦੇ ਸੀਵਰੇਜ਼ ਸਿਸਟਮ ਦੇ ਵਿਕਾਸ ਲਈ 5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਭਰੋਸਾ ਦਿੱਤਾ ਕਿ ਇਹ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਮਲੇਰਕੋਟਲਾ ਵਾਸੀਆਂ ਵੱਲੋਂ ਰੱਖੀਆਂ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਈਦਗਾਹ ਵਿਖੇ ਬਣਾਏ ਜਾਣ ਵਾਲੇ ਹੱਜ ਸੈਂਟਰ ਲਈ 25 ਲੱਖ ਰੁਪਏ ਅਤੇ ਪਾਰਕ ਬਣਾਉਣ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸਦੇ ਨਾਲ ਹੀ ਉਨ੍ਹਾਂ ਭਰੋਸਾ ਦਿੱਤਾ ਕਿ ਸੂਬੇ ਵਿੱਚ ਉਰਦੂ ਭਾਸ਼ਾ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਉਰਦੂ ਅਕਾਦਮੀ, ਮਲੇਰਕੋਟਲਾ ਨੂੰ ਪੂਰੀ ਤਰ੍ਹਾਂ ਮਾਨਤਾ ਦਿੱਤੀ ਜਾਵੇਗੀ। ਸ੍ਰ. ਬਾਦਲ ਨੇ ਕਿਹਾ ਕਿ ਮਲੇਰਕੋਟਲਾ ਦੇ ਨੌਜਵਾਨ ਵਰਗ ਨੂੰ ਮਿਆਰੀ ਸਿੱਖਿਆ ਮੁਹੱੱਈਆ ਕਰਾਉਣ ਲਈ ਵੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਈਦਗਾਹ ਵਿਖੇ ਨਮਾਜ਼ ਤੋਂ ਬਾਅਦ ਆਪਣੇ ਸੰਦੇਸ਼ ਵਿੱਚ ਸ੍ਰ. ਬਾਦਲ ਨੇ ਕਿਹਾ ਕਿ ਇਹ ਤਿਓਹਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਦਾ ਆਖੀਰ ਹੋਣ ਦੇ ਨਾਲ ਨਾਲ ਭਾਈਚਾਰਾ, ਹਮਦਰਦੀ ਅਤੇ ਸਾਂਝ ਦਾ ਵੀ ਪ੍ਰਤੀਕ ਹੈ। ਸ੍ਰ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੇ ਸੰਬੋਧਨ ਕਰਦਿਆਂ ਸ੍ਰ. ਬਾਦਲ ਨੂੰ ਅਪੀਲ ਕੀਤੀ ਕਿ ਉਹ ਮਲੇਰਕੋਟਲਾ ਵਾਸੀਆਂ ਵੱਲੋਂ ਰੱਖੀਆਂ ਗਈਆਂ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰਨ ਅਤੇ ਸ਼ਹਿਰ ਦੇ ਬਹੁਪੱਖੀ ਵਿਕਾਸ ਲਈ ਵਿਸ਼ੇਸ਼ ਉਪਰਾਲੇ ਕਰਨ। ਇਸ ਤੋਂ ਪਹਿਲਾਂ ਜਨਾਬ ਇਜ਼ਹਾਰ ਆਲਮ ਜੀ ਨੇ ਸਮੂਹ ਹਾਜ਼ਰੀਨ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਸ. ਢੀਂਡਸਾ ਨੂੰ ਮਲੇਰਕੋਟਲਾ ਅਤੇ ਇਥੋਂ ਦੇ ਬਾਸ਼ਿੰੰਦਿਆਂ ਦੀਆਂ ਮੰਗਾਂ ਬਾਰੇ ਜਾਣੂ ਕਰਾਇਆ। ਸਮਾਗਮ ਦੌਰਾਨ ਮੁੱਖ ਸੰਸਦੀ ਸਕੱਤਰ ਸ੍ਰੀ ਪ੍ਰਕਾਸ਼ ਚੰਦ ਗਰਗ, ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਜਨਾਬ ਮੁਹੰਮਦ ਇਜ਼ਹਾਰ ਆਲਮ, ਵਿਧਾਇਕ ਸ੍ਰ. ਇਕਬਾਲ ਸਿੰਘ ਝੂੰਦਾਂ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰ. ਕੇ. ਜੇ. ਐੱਸ. ਚੀਮਾ, ਆਈ. ਜੀ. ਸ੍ਰੀ ਈਸ਼ਵਰ ਸਿੰਘ, ਡੀ ਆਈ. ਜੀ. ਸ੍ਰੀ ਸ਼ਿਵੇ ਕੁਮਾਰ ਵਰਮਾ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ, ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ, ਸਾਬਕਾ ਮੰੰਤਰੀ ਨੁਸਰਤ ਇਕਰਾਮ ਖਾਂ ਬੱਗੇ, ਸਾਬਕਾ ਮੰਤਰੀ ਸ੍ਰ. ਗੋਬਿੰਦ ਸਿੰੰਘ ਲੌਂਗੋਵਾਲ ਅਤੇ ਹੋਰ ਕਈ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
ਮੁੱਖ ਮੰਤਰੀ ਵੱਲੋਂ ਈਦ ਮੌਕੇ ਮਾਲੇਰਕੋਟਲਾ ਵਾਸੀਆਂ ਨੂੰ 25.30 ਕਰੋੜ ਰੁਪਏ ਦਾ ਤੋਹਫ਼ਾ



