ਨਕੋਦਰ (ਜਲੰਧਰ), 9 ਅਗਸਤ (ਪੀ.ਟੀ.)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਬੱਸ ਕਿਰਾਇਆਂ ਅਤੇ ਮੋਟਰ ਟਰਾਂਸਪੋਰਟ ਟੈਕਸ ‘ਚ ਵਾਧੇ ਨੂੰ ਤੁਰੰਤ ਵਾਪਸ ਲਏ ਜਾਣ ਦੀ ਮੰਗ ਕੀਤੀ ਹੈ,

ਜਿਸਦਾ ਸੱਭ ਤੋਂ ਵੱਧ ਫਾਇਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਹੋਵੇਗਾ, ਜਿਹੜਾ ਟਰਾਂਸਪੋਰਟ ਕਾਰੋਬਾਰ ‘ਚ 90 ਪ੍ਰਤੀਸ਼ਤ ਦੀ ਹਿੱਸੇਦਾਰੀ ਰੱਖਦਾ ਹੈ। ਇਥੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਆਮ ਆਦਮੀ ਦੇ ਹੱਥ ‘ਚੋਂ ਨਿਕਲ ਚੁੱਕੀ ਹੈ ਤੇ ਮੁੱਖ ਮੰਤਰੀ ਦਾ ਪਰਿਵਾਰ ਆਪਣਾ ਘਰ ਭਰਨ ‘ਚ ਲੱਗਿਆ ਹੋਇਆ ਹੈ। ਟਰਾਂਸਪੋਰਟ ਤੋਂ ਇਲਾਵਾ ਬਾਦਲ ਪਰਾਵਰ ਸ਼ਰਾਬ ਤੇ ਮਾਇਨਿੰਗ ਵੀ ਕੰਟਰੋਲ ਕਰ ਰਿਹਾ ਹੈ। ਬਾਦਲ ਸਰਕਾਰ ਨੇ 13 ਅਕਤੂਬਰ, 2012 ਨੂੰ 13 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਬੱਸ ਕਿਰਾਇਆਂ ‘ਚ 20 ਪ੍ਰਤੀਸ਼ਤ ਵਾਧਾ ਕੀਤਾ ਸੀ। ਹਰ ਸਾਲ ਬੱਸ ਕਿਰਾਇਆਂ ‘ਚ ਦੋ ਵਾਰ ਦੀ ਸੋਧ ਨੇ ਮੁੱਖ ਮੰਤਰੀ ਤੇ ਉਸਦੇ ਨਜਦੀਕੀ ਰਿਸ਼ਤੇਦਾਰਾਂ ਦੇ ਖਜਾਨੇ ‘ਚ 200 ਕਰੋੜ ਰੁਪਏ ਵਧਾਏ ਹਨ। ਬਾਜਵਾ ਨੇ ਕਿਹਾ ਕਿ ਬੱਸ ਕਿਰਾਇਆਂ ‘ਚ ਵਾਧਾ ਮਿੰਨੀ ਬੱਸ ਆਪ੍ਰੇਟਰਾਂ ‘ਤੇ ਮੋਟਰ ਟਰਾਂਸਪੋਰਟ ਟੈਕਸ ‘ਚ 5 ਪ੍ਰਤੀਸ਼ਤ ਦੇ ਵਾਧੇ ਨਾਲ ਸਿਰਫ 10 ਪ੍ਰਤੀਸ਼ਤ ਨਹੀਂ ਹੋਵੇਗਾ। ਇਹ 40000 ਤੋਂ 50000 ਰੁਪਏ ਸਲਾਨਾ ਵੱਧ ਗਿਆ ਹੈ। ਇਹ ਸਵੈ ਰੁਜਗਾਰ ਟਰਾਂਸਪੋਰਟਰਾਂ ਨਾਲ ਧੱਕਾ ਹੈ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਸ਼ੁਰੂ ਕੀਤੀ ਨਾਇਟ ਪੈਟ੍ਰੋਲਿੰਗ ਮੁੰਗੇਰੀ ਲਾਲ ਦਾ ਹਸੀਨ ਸੁਫਨਾ ਸਾਬਤ ਹੋਈ ਹੈ। ਖਾਸ ਕਰਕੇ ਪੇਂਡੂ ਇਲਾਕਿਆਂ ‘ਚ ਜਿਥੇ ਅਪਰਾਧੀ ਸਰਗਰਮ ਹਨ। ਪੁਲਿਸ ਅਪਰਾਧ ‘ਚ ਸਾਂਝੇਦਾਰ ਬਣੀ ਹੋਈ ਹੈ। ਬਾਰਡਰ ਜਿਲ੍ਹਿਆਂ ‘ਚ ਸੰਗਠਿਤ ਗੈਂਗ ਰਾਤ ਨੂੰ ਅਪਰਾਧ ਕਰ ਰਹੇ ਹਨ। ਪੁਲਿਸ ਵੱਲੋਂ ਅਕਾਲੀ ਆਗੂਆਂ ਨੂੰ ਦਿੱਤੇ ਬੇਤਹਾਸ਼ਾ ਗੰਨਮੈਨ ਅਪਰਾਧ ‘ਚ ਸਣੇ ਹਨ। ਬਾਜਵਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ‘ਚ ਅਸਫਲ ਰਹੀ ਹੈ, ਜਿਹੜੇ ਖਾਸ ਕਰਕੇ ਦਲਿਤਾਂ, ਬੇਰੁਜਗਾਰ ਨੌਜਵਾਨਾਂ, ਔਰਤਾਂ ਤੇ ਕਰਮਚਾਰੀਆਂ ਨਾਲ ਕੀਤੇ ਗਏ ਸਨ। ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਪੰਜਾਬ ਦੀ ਆਰਥਿਕ ਸਥਿਤੀ ਮੰਦੀ ਹੋ ਚੁੱਕੀ ਹੈ ਅਤੇ ਅਕਾਲੀ ਭਾਜਪਾ ਸਰਕਾਰ ਲੋਕਾਂ ‘ਤੇ ਟੈਕਸ ਥੋਪੀ ਜਾ ਰਹੀ ਹੈ। ਜੇਕਰ ਸੂਬੇ ਦੀ ਵਿੱਤੀ ਸਥਿਤੀ ਸੁਧਰ ਚੁੱਕੀ ਹੈ, ਤਾਂ ਸੁਖਬੀਰ ਨੂੰ ਹੋਰ ਟੈਕਸ ਲਗਾਉਣ ਦੀ ਕੀ ਲੋੜ ਹੈ?
ਬਾਜਵਾ ਨੇ ਪਾਰਟੀ ਵਰਕਰਾਂ ਨੂੰ ਅਕਾਲੀ ਭਾਜਪਾ ਦੇ ਮਾੜੇ ਸ਼ਾਸਨ ਖਿਲਾਫ ਲੜਨ ਤੇ ਪੰਜਾਬ ਨੂੰ ਬਚਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ 2014 ਦੀ ਲੋਕ ਸਭਾ ਚੋਣਾਂ ‘ਚ ਲੋਕਾਂ ਕੋਲ ਅਕਾਲੀ ਭਾਜਪਾ ਨੂੰ ਸਬਕ ਸਿਖਾਉਣ ਦਾ ਮੌਕਾ ਹੈ। ਵਰਕਰਾਂ ਨੂੰ ਯੂ.ਪੀ.ਏ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ‘ਚ ਲਿਜਾਉਣਾ ਚਾਹੀਦਾ ਹੈ। ਜਿਸ ‘ਚ ਖੁਰਾਕ ਸੁਰੱਖਿਆ ਆਰਡੀਨੈਂਸ ਵਿਸ਼ੇਸ਼ ਹੈ। ਇਸ ਨਾਲ ਦੇਸ਼ ਦੀ 67 ਪ੍ਰਤੀਸਤ ਅਬਾਦੀ ਨੂੰ ਭੋਜਨ ਦੀ ਗਰੰਟੀ ਮਿਲੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਦ ਮੈਂਬਰ ਮੋਹਿੰਦਰ ਸਿੰਘ ਕੇਪੀ, ਤਰਲੋਚਨ ਸਿੰਘ ਸੂੰਦ ਮੀਤ ਪ੍ਰਧਾਨ ਪ੍ਰਦੇਸ ਕਾਂਗਰਸ, ਅਮਰਜੀਤ ਸਿੰਘ ਸਮਰਾ, ਚੌਧਰੀ ਜਗਜੀਤ ਸਿੰਘ, ਚੌਧਰੀ ਸੰਤੋਖ ਸਿੰਘ, ਰਾਜਨਬੀਰ ਸਿੰਘ, ਜਗਬੀਰ ਸਿੰਘ ਬਰਾੜ, ਬ੍ਰਿਜ ਭੁਪਿੰਦਰ ਸਿੰਘ ਕੰਗ, ਕਰਨਲ ਸੀ.ਡੀ. ਕੰਬੋਜ, ਅਵਤਾਰ ਸਿੰਘ ਹੈਨਰੀ, ਅਰੂਨ ਵਾਲੀਆ, ਵਰਿੰਦਰ ਸ਼ਰਮਾ, ਦਰਸ਼ਨ ਸਿੰਘ ਬਰਾੜ ਤੇ ਰਾਮ ਲਾਲ ਜੱਸੀ ਨੇ ਵੀ ਸੰਬੋਧਨ ਕੀਤਾ। ਮੀਟਿੰਗ ਦੌਰਾਨ ਵੱਡੀ ਗਿਣਤੀ ‘ਚ ਮਹਿਲਾ ਕਾਂਗਰਸ, ਸੇਵਾ ਦਲ ਤੇ ਯੂਥ ਕਾਂਗਰਸ ਦੇ ਵਰਕਰ ਮੌਜ਼ੂਦ ਰਹੇ।
ਬੱਸ ਕਿਰਾਇਆਂ ਤੇ ਮੋਟਰ ਵਹੀਕਲ ਟੈਕਸ ‘ਚ ਵਾਧਾ ਵਾਪਸ ਲਿਆ ਜਾਵੇ : ਬਾਜਵਾ



