ਵਾਸ਼ਿੰਗਟਨ ਡੀਸੀ, 20 ਅਕਤੂਬਰ- ਪੰਜਾਬ ਦੇ ਹਾਲਾਤ ਦੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਦੇਸ਼ਾਂ ਵਿਦੇਸ਼ਾਂ ਵਿੱਚ ਸਿਆਸਤ ਦਾ ਮਾਹੌਲ ਏਨਾ ਗਰਮ ਹੈ ਕਿ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਨਾਟਕੀ ਢੰਗ ਨਾਲ ਗੁੰਮਰਾਹ ਕਰਕੇ ਅਜਿਹੇ ਮਤਿਆਂ ਨੂੰ ਰੰਗਤ ਦਿੱਤੀ ਜਾ ਰਹੀ ਹੈ, ਜਿਸ ਨੂੰ ਜ਼ਿਆਦਾਤਰ ਸੰਗਤ ਨਕਾਰ ਰਹੀ ਹੈ, ਉਸ ਦਾ ਕਾਰਨ ਇਹ ਹੈ ਕਿ ਸੰਗਤਾਂ ਨੂੰ ਭਰੋਸੇ ਵਿੱਚ ਲਏ ਬਗੈਰ ਕੁਝ ਇੱਕ ਚੌਧਰੀ ਜੋ ਆਪਣੀਆਂ ਭਵਿੱਖ ਦੀਆਂ ਅਹੁਦੇਦਾਰੀਆਂ ਲਈ ਸਿਆਸੀ ਰੋਟੀਆਂ ਸੇਕ ਰਹੇ ਹਨ। ਕਈ ਮਤਿਆਂ ਨੂੰ ਅੰਗਰੇਜ਼ੀ ਵਿੱਚ ਪੜ੍ਹਿਆ ਜਾ ਰਿਹਾ ਹੈ ਅਤੇ ਉਸ ਦੀ ਟ੍ਰਾਂਸਲੇਸ਼ਨ ਪੰਜਾਬੀ ਵਿੱਚ ਅਜਿਹੇ ਢੰਗ ਨਾਲ ਕੀਤੀ ਜਾ ਰਹੀ ਹੈ ਜੋ ਸੰਗਤਾਂ ਦੇ ਗਲੇ ਨਹੀਂ ਉਤਰਦੀ ਅਤੇ ਬਾਅਦ ਵਿੱਚ ਪ੍ਰਬੰਧਕ ਹਾਸੋਹੀਣੀ ਸਥਿਤੀ ਵਿੱਚ ਘਿਰੇ ਦਿਸੇ। ਪਹਿਲੀ ਗੱਲ ਮਤਿਆਂ ਵਿੱਚ ਅਕਾਲੀਆਂ, ਕਾਂਗਰਸੀਆਂ ਅਤੇ ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਵਾਲਾ ਮਤਾ ਇਹ ਦਰਸਾਉਂਦਾ ਹੈ ਕਿ ਇਹ ਪ੍ਰਬੰਧਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਹੁਕਮ ਦੇ ਰਹੇ ਹਨ। ਇਸ ਨੂੰ ਸੰਗਤ ਵੱਲੋਂ ਅਸਵੀਕਾਰ ਕਰਦੇ ਕਿਹਾ ਕਿ ਅਨਪੜ੍ਹ ਵੀ ਅਜਿਹਾ ਕਰਨ ਤੋਂ ਗੁਰੇਜ਼ ਕਰਨਗੇ। ਸਗੋਂ ਬੁੱਧੀਜੀਵੀਆਂ ਦੀ ਟੀਮ ਗਠਿਤ ਕਰਕੇ ਸਲਾਹ ਪ੍ਰਾਪਤ ਕਰਨ ਉਪਰੰਤ ਹੀ ਕੋਈ ਫੈਸਲਾ ਕੀਤਾ ਜਾਵੇ।ਦੂਸਰੀ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਕੈਨੇਡਾ ਦੇ ਮਤੇ ਕੁਝ ਹੋਰ ਹਨ, ਮੈਰੀਲੈਂਡ ਦੇ ਮਤੇ ਕੁਝ ਹੋਰ ਹਨ ਅਤੇ ਨਿਊ ਜਰਸੀ ਦੇ ਕੁਝ ਹੋਰ ਹਨ। ਭਾਵ ਸਥਿਤੀ ਮਤਿਆਂ ਦੀ ਹੀ ਹਾਸੋਹੀਣੀ ਬਣਾ ਦਿੱਤੀ ਹੈ ਤੇ ਭਵਿੱਖ ਵਿੱਚ ਇਹ ਕੀ ਕਰਨਗੇ। ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨੂੰ ਸਾਰਥਕ, ਉਸਾਰੂ ਅਤੇ ਸਮੁੱਚੀ ਸੰਗਤ ਦੇ ਆਸ਼ੇ ਮੁਤਾਬਿਕ ਫੈਸਲੇ ਲੈਣੇ ਚਾਹੀਦੇ ਹਨ। ਗੁਰੂ ਘਰ ਸਿਰਫ ਕੀਰਤਨ, ਕਥਾ ਅਤੇ ਧਾਰਮਿਕਤਾ ਨੂੰ ਪਰਪੱਕ ਕਰਨ ਦਾ ਸੋਮਾ ਹਨ, ਜਿੱਥੇ ਅਜਿਹੀਆਂ ਸਿਆਸੀ ਰੋਟੀਆਂ ਸੇਕਣ ਦੀ ਆਗਿਆ ਦਾ ਗੁਰੇਜ਼ ਕਰਨਾ ਚਾਹੀਦਾ ਹੈ। ਲੋੜ ਹੈ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਤਾਂ ਜੋ ਭਵਿੱਖ ਵਿੱਚ ਅਜਿਹਾ ਨਾ ਵਾਪਰੇ। ਪੀੜਤਾਂ ਨੂੰ ਮੁਆਵਜ਼ਾ ਦੇ ਕੇ ਉਨ੍ਹਾਂ ਦੇ ਘਰਾਂ ਵਿੱਚ ਚਿਰਾਗ ਜਲਾਉਣ ਦੀ, ਜਿਸ ਲਈ ਸਰਕਾਰ ’ਤੇ ਜ਼ੋਰ ਪਾਉਣਾ ਚਾਹੀਦਾ ਹੈ। ਲੋੜ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਭਾਲ ਲਈ ਸਰਕਾਰ ਨੂੰ ਅਲਟੀਮੇਟਮ ਦੇ ਕੇ ਲੋਕਾਂ ਦੇ ਸਾਹਮਣੇ ਦੋਸ਼ੀਆਂ ਨੂੰ ਲਿਆ ਕੇ ਸਜ਼ਾ ਦੇ ਭਾਗੀਦਾਰ ਬਣਾਉਣ ਦੀ ਪਰ ਇਸ ਲਈ ਸੁਹਿਰਦਤਾਵਾਂ ਨੂੰ ਨਕਾਰ ਕੇ ਆਪਣੀਆਂ ਚੌਧਰਾਂ ਅਤੇ ਭਵਿੱਖ ਵਿੱਚ ਆਪਣੀਆਂ ਕੁਰਸੀਆਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ। ਪਹਿਲਾਂ ਹੀ ਵਿਦੇਸ਼ਾਂ ਵਿੱਚ ਗੁਰੂ ਘਰ ਘਾਟੇ ਵਿੱਚ ਚੱਲ ਰਹੇ ਹਨ। ਅਜਿਹੀ ਸਥਿਤੀ ਵਿੱਚ ਗੁਰੂ ਘਰਾਂ ਦੀ ਸੰਗਤ ਘੱਟ ਜਾਵੇਗੀ ਅਤੇ ਪ੍ਰਬੰਧਕ ਵੀ ਗੁਰੂ ਘਰ ਛੱਡ ਜਾਣਗੇ। ਸਮੂਹ ਸੰਗਤਾਂ ਨੂੰ ਅਪੀਲ ਕਰਕੇ ਸਿਰ ਜੋੜ ਕੇ ਲੋੜਵੰਦਾਂ ਦੀ ਮਦਦ ਕੀਤੀ ਜਾਵੇ ਅਤੇ ਸਰਕਾਰ ’ਤੇ ਜ਼ੋਰ ਪਾ ਕੇ ਦੋਸ਼ੀਆਂ ਨੂੰ ਪਕੜਿਆ ਜਾਵੇ ਨਾ ਕਿ ਸੰਗਤਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਆਪਣੀਆਂ ਨੀਤੀਆਂ ਨੂੰ ਪੱਠੇ ਪਾਉਣ ਦੀ। ਇਸ ਲਈ ਬੁੱਧੀਜੀਵੀਆਂ ਨੂੰ ਨਾਲ ਲੈ ਕੇ ਕੋਈ ਢੁਕਵਾਂ ਹੱਲ ਲਭਿਆ ਜਾਵੇ ਤਾਂ ਕਿ ਭਵਿੱਖ ਵਿੱਚ ਅਜਿਹਾ ਨਾ ਵਾਪਰੇ। ਕਿਉਂ ਗੁਰੂ ਘਰਾਂ ਦੀ ਸੰਗਤ ਵਿੱਚ ਵੰਡੀਆਂ ਪਾ ਰਹੇ ਹੋ ਪਹਿਲਾਂ ਹੀ ਸਿੱਖਾਂ ’ਤੇ ਦੋਸ਼ ਲਗ ਰਹੇ ਹਨ ਕਿ ਇਨ੍ਹਾਂ ਦਾ ਕੰਮ ਆਪਸ ਵਿੱਚ ਲੜਨਾ ਹੈ, ਵੰਡੀਆਂ ਦੇ ਭਾਗੀਦਾਰ ਹਨ, ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀਆਂ ਰੋਟੀਆਂ ਸੇਕਣ ਆਦਿ ਲਈ ਪਹਿਲਾਂ ਹੀ ਸਿੱਖ ਜਥੇਬੰਦੀਆਂ ‘ਮਸ਼ਹੂਰ’ ਹਨ। ਫਿਰ ਉਹੀ ਤੂਤੀ ਵਜਾਈ ਜਾ ਰਹੀ ਹੈ ਅਤੇ ਆਪੋਧਾਪੀ ਮਤਿਆਂ ਨੂੰ ਥੋਪਣ ਲਈ ਤਰਲੋਮੱਛੀ ਹੋਈ ਆਪੋ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਕੇ ਇੱਕ ਦੂਜੇ ਤੋਂ ਅੱਗੇ ਲੰਘਿਆ ਜਾ ਰਿਹਾ ਹੈ ਜੋ ਸਿੱਖੀ ਨੂੰ ਨਿਘਾਰ ਵੱਲ ਲਿਜਾਣ ਦੀ ਕੋਝੀ ਚਾਲ ਹੈ। ਪ੍ਰੈੱਸ ਨੂੰ ਪ੍ਰਾਪਤ ਮਤਿਆਂ ਦੀ ਕਾਪੀ ਦਾ ਉਲਥਾ ਅੱਜ ਬੁੱਧੀਜੀਵੀਆਂ ਲਈ ਮਜ਼ਾਕ ਬਣਿਆ ਹੈ ਜਿਸ ਦੀ ਟ੍ਰਾਂਸਲੇਸ਼ਨ ਕਾਪੀ ਅਗਲੇ ਹਫਤੇ ਛਾਪੀ ਜਾਵੇਗੀ ਤਾਂ ਜੋ ਚੌਧਰੀ ਆਪਣੀ ਲਿਆਕਤ ਦਾ ਖੁਦ ਹਿਸਾਬ ਲਗਾ ਲੈਣ ਕਿ ਉਹ ਸੰਗਤਾਂ ਨੂੰ ਕਿਸ ਪਾਸੇ ਤੌਰ ਰਹੇ ਹਨ। ਲੋੜ ਹੈ ਸਹੀ ਸੋਚ ਨੂੰ ਉਜਾਗਰ ਕਰਕੇ ਇੱਕਜੁਟ ਹੋ ਕੇ ਪੰਜਾਬ ਦੀ ਬੇਹਤਰੀ ਅਤੇ ਅਰਦਾਸ ਕਰਕੇ ਗੁਰੂ ਤੋਂ ਆਸ਼ੀਰਵਾਦ ਲਿਆ ਜਾਵੇ ਤਾਂ ਕਿ ਭਵਿੱਖ ਵਿੱਚ ਅਜਿਹਾ ਨਾ ਵਾਪਰੇ।


