ਰਾਮਪੁਰਾ ਫੂਲ, 15 ਅਕਤੂਬਰ (ਮਨਪ੍ਰੀਤ ਗਿੱਲ, ਜਸਵੰਤ ਦਰਦਪ੍ਰੀਤ, ਜੋਸਫ ਬਾਂਸਲ)- ਅੱਜ ਸਵੇਰੇ ਗਿੱਦੜਬਾਹਾ ਕੋਲ ਹੋਏ ਇੱਕ ਸੜਕ ਹਾਦਸੇ ਵਿੱਚ ਸ਼ਹਿਰ ਨਾਲ ਜੁੜੇ ਇੱਕ ਹੀ ਪਰਿਵਾਰ ਦੇ ਤਿੰਨ ਮੈਬਰਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਗਮ ਦਾ ਮਾਹੌਲ ਬਣਿਆ ਹੋਇਆ ਹੈ। ਦੇਰ ਸ਼ਾਮ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਸਸਕਾਰ ਸਥਾਨਕ ਰਾਮਬਾਗ ਵਿਖੇ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਿਕ ਸ਼ਹਿਰ ਦੇ ਪ੍ਰਸਿੱਧ ਸੀਮਿੰਟ ਵਪਾਰੀ ਰਾਧੇ ਸ਼ਾਮ ਆਪਣੀ ਪਤਨੀ ਅਤੇ ਬੇਟੇ ਸਮੇਤ ਮਲੋਟ ਵਿਖੇ ਇੱਕ ਕਰੀਬੀ ਰਿਸ਼ਤੇਦਾਰ ਦੇ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਲਈ ਗਏ ਸਨ। ਬੀਤੀ ਰਾਤ ਉਕਤ ਰਿਸ਼ਤੇਦਾਰਾਂ ਵੱਲੋਂ ਬਰਾਤ ਗੋਨਿਆਣਾ ਵਿਖੇ ਲੈ ਜਾਈ ਗਈ, ਜਿਸ ਵਿੱਚ ਭਾਗ ਲੈਣ ਤੋਂ ਬਾਅਦ ਅੱਜ ਸਵੇਰ ਉਹ ਵਾਪਸ ਮਲੋਟ ਜਾ ਰਹੇ ਸਨ। ਸਵੇਰੇ ਕਰੀਬ ਛੇ ਵਜੇ ਜਿਉਂ ਹੀ ਉਹ ਗਿੱਦੜਬਾਹਾ ਦੇ ਨਜ਼ਦੀਕ ਪੁੱਜੇ ਤਾਂ ਇਹ ਹਾਦਸਾ ਵਾਪਰ ਗਿਆ। ਜਿਸ ਦੇ ਸਿੱਟੇ ਵਜੋਂ ਰਾਧੇ ਸ਼ਾਮ ਦੀ
ਪਤਨੀ ਵੀਨਾ ਰਾਣੀ (52) ਅਤੇ ਪੁੱਤਰ ਗੌਰਵ ਕੁਮਾਰ (23) ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਰਾਧੇ ਸ਼ਾਮ (55) ਦੀ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ । ਮ੍ਰਿਤਕਾਂ ਦਾ ਅੰਤਿਮ ਸਸਕਾਰ ਸਥਾਨਕ ਰਾਮਬਾਗ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਅਤੇ ਹੋਰ ਲੋਕ ਸ਼ਾਮਲ ਸਨ।



