ਚੰਡੀਗੜ੍ਹ, 12 ਅਕਤੂਬਰ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅਗਰਸੈਨ ਜੈਅੰਤੀ ਦੇ ਮੌਕੇ ਉਤੇ ਸੂਬੇ ਦੇ ਲੋਕਾਂ ਨੂੰ ਨਿੱਘੀ ਵਧਾਈ ਦਿੱਤੀ ਹੈ। ਆਪਣੇ ਸੰਦੇਸ਼ ਵਿਚ ਮੁੱਖ ਮੰਤਰੀ ਨੇ ਮਹਾਰਾਜਾ ਅਗਰਸੈਨ ਨੂੰ ਇਕ ਮਹਾਨ ਸ਼ਾਸਕ ਦੱਸਿਆ ਜਿਨ੍ਹਾਂ ਨੇ ਆਪਣੇ ਸ਼ਾਸਨ ਕਾਲ ਦੌਰਾਨ ਸਮਾਜਿਕ ਸਦਭਾਵਨਾ ਅਤੇ ਏਕਤਾ ਨੂੰ ਮਜ਼ਬੂਤ ਬਣਾ ਕੇ ਕਲਿਆਣਕਾਰੀ ਰਾਜ ਦਾ ਸੰਦੇਸ਼ ਦਿੱਤਾ। ਮਹਾਰਾਜਾ ਅਗਰਸੈਨ ਦੀ ਵਿਚਾਰਧਾਰਾ ਤੋਂ ਲੋਕਾਂ ਨੂੰ ਪ੍ਰੇਰਨਾ ਲੈਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਹਾਨ ਸ਼ਾਸਕ ਨੂੰ ਅਸਲੀ ਸ਼ਰਧਾਂਜਲੀ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਅਨੁਸਰਨ ਕਰਨਾ ਹੀ ਹੋਵੇਗੀ ਜੋ ਕਿ ਮੌਜੂਦਾ ਸਮੇਂ ਵੀ ਤਰਕਸੰਗਤ ਹਨ। ਸ. ਬਾਦਲ ਨੇ ਲੋਕਾਂ ਨੂੰ ਇਹ ਦਿਵਸ ਜਾਤ, ਨਸਲ, ਰੰਗ ਅਤੇ ਧਰਮ ਤੋਂ ਉਪਰ ਉਠ ਕੇ ਮਨਾਉਣ ਦੀ ਅਪੀਲ ਕੀਤੀ ਹੈ।



