ਜੰਡਿਆਲਾ ਗੁਰੂ, 5 ਅਕਤੂਬਰ (ਵਰੁਣ ਸੋਨੀ)- ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਕਾਇਮ ਰੱਖਣ ਲਈ ਅਤੇ 9 ਅਕਤੂਬਰ ਨੂੰ ਧੰਨ ਧੰਨ ਸ੍ਰੀ ਗੁਰੁੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਹੋ ਰਹੇ ਗੁਰਮਤਿ ਸਮਾਗਮ ਦੀ ਜਗ੍ਹਾ ਬਦਲਣ ਲਈ ਪੰਜਾਬ ਟਾਇਮਜ਼ ਦੀ ਟੀਮ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸਮਾਗਮ ਵਿੱਚ ਸ਼ਾਮਿਲ ਹੋ ਰਹੇ ਪ੍ਰਸਿੱਧ ਕਥਾਵਾਚਕ, ਸ਼੍ਰੋਮਣੀ ਕਮੇਟੀ ਪ੍ਰਧਾਨ, ਮੈਂਬਰ ਸ਼੍ਰੋਮਣੀ ਕਮੇਟੀ ਜੰਡਿਆਲਾ ਤੋਂ ਇਲਾਵਾ ਸਿੱਖ ਜਥੇਬੰਦੀਆਂ ਨੂੰ ਵੀ ਜਾਗਰੂਕ ਕੀਤਾ ਗਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਹੇਠ ਚੱਲ ਰਹੇ ਇੱਕ ਜੱਥੇ ਵੱਲੋਂ 9 ਅਕਤੂਬਰ ਨੂੰ ਜਿਸ ਜਗ੍ਹਾ ਲੋਕਲ ਬੱਸ ਸਟੈਂਡ ਵਿੱਚ ਇਹ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਸੀ ਉਸਦੇ ਬਿਲਕੁਲ ਸਾਹਮਣੇ ਸ਼ਰਾਬ ਦਾ ਠੇਕਾ ਖੁੱਲ੍ਹਾ ਹੁੰਦਾ ਹੈ ਇਸ ਤੋਂ ਇਲਾਵਾ ਜਿਸ ਜਗ੍ਹਾ ਗੁਰਮਤਿ ਸਮਾਗਮ ਹੋਣਾ ਹੈ ਉਸ ਜਗ੍ਹਾਂ ਤੇ ਰੋਜਾਨਾ ਮੀਟ, ਮੱਛੀ, ਆਂਡੇ, ਲਾਟਰੀ ਸਟਾਲ ਆਦਿਦੀਆਂ ਰੇਹੜੀਆਂ ਲੱਗਦੀਆਂ ਹਨ। ਪੰਜਾਬ ਟਾਈਮਜ਼ ਦੀ ਟੀਮ ਵਲੋਂ ਇਸ ਸਬੰਧੀ ਜਦ ਗੁਰਮਤਿ ਸਮਾਗਮ ਦੇ ਪ੍ਰਬੰਧਕਾਂ ਦੀ ਟੀਮ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਕੋਈ ਵੀ ਸਹੀ ਜਵਾਬ ਨਾ ਦਿੰਦੇ ਹੋਏ ਫੋਨ ਕੱਟ ਦਿੱਤਾ। ਅਖਬਾਰ ਵਿੱਚ ਖਬਰ ਲੱਗਣ ਤੋਂ ਬਾਅਦ ਅੱਜ ਪ੍ਰਬੰਧਕਾਂ ਵਲੋਂ ਗੁਰਮਤਿ ਸਮਾਗਮ ਦੀ ਜਗ੍ਹਾਂ ਬਦਲਕੇ ਵੈਰੋਵਾਲ ਰੋਡ ਦੁਸ਼ਹਿਰਾ ਗਰਾਊਂਡ ਨਿਸਚਿਤ ਕਰਕੇ ਸ਼ੋਸ਼ਲ ਮੀਡੀਆ ਤੇ ਪ੍ਰਚਾਰ ਆਰੰਭ ਕਰ ਦਿੱਤਾ। ਸ਼ੋਸ਼ਲ ਮੀਡੀਆ ਤੇ ਜਵਾਬ ਦਿੰਦੇ ਹੋਏ ਸਿੱਖ ਭਾਈਚਾਰੇ ਨੇ ਪ੍ਰਬੰਧਕਾਂ ਨੂੰ ਕੋਸਦੇ ਹੋਏ ਕਿਹਾ ਕਿ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਨਾਮ ਹੇਠ ਜੱਥੇ ਚਲਾਉਣ ਵਾਲੇ ਸਿੰਘ ਅਗਰ ਆਪ ਹੀ ਗੁਰੁ ਸਾਹਿਬ ਦਾ ਨਿਰਾਦਰ ਕਰਨਗੇ ਤਾਂ ਬਾਕੀ ਸੰਗਤ ਕੀ ਸਿੱਖਿਆ ਲਵੇਗੀ ? ਸਿੱਖ ਭਾਈਚਾਰੇ ਵਿੱਚ ਚਰਚਾਵਾਂ ਦਾ ਬਾਜਾਰ ਗਰਮ ਹੈ ਕਿ ਪਹਿਲਾਂ ਹੀ ਗੁਰਮਤਿ ਸਮਾਗਮ ਦੀ ਜਗ੍ਹਾਂ ਸਹੀ ਨਿਸ਼ਚਿਤ ਕਿਉਂ ਨਹੀ ਕੀਤੀ ਗਈ। ਸ਼ੋਸ਼ਲ ਮੀਡੀਆ ਤੇ ਇਸ ਲਈ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਸੀ।



