ਪਟਨਾ ਆਵਾਜ਼ ਬਿਊਰੋ-ਬਿਹਾਰ ਚੋਣਾਂ ਦੇ ਪ੍ਰਚਾਰ ਦੌਰਾਨ ਲਾਲੂ ਯਾਦਵ ਵੱਲੋਂ ਵੋਟਰਾਂ ਨੂੰ ਬ੍ਰਾਹਮਣ ਅਤੇ ਯਾਦਵ ਵਰਗਾਂ ਵਿੱਚ ਵੰਡ ਕੇ ਫਿਰਕੂ ਆਧਾਰ ਤੇ ਵੋਟਾਂ ਪਾਏ ਜਾਣ ਦੀ ਕੀਤੀ ਅਪੀਲ ਉੱਪਰ ਚੋਣ ਕਮਿਸ਼ਨ ਨੇ ਸ਼ਿਕੰਜਾ ਕੱਸ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਨਸੀਮ ਜੈਦੀ ਨੇ ਲਾਲੂ ਯਾਦਵ ਦੇ ਇਸ ਬਿਆਨ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਲਾਲੂ ਦੇ ਭਾਸ਼ਣ ਦੀ ਸਮੁੱਚੀ ਵੀਡੀਓ ਜਾਂਚੀ ਜਾਵੇ ਅਤੇ ਜੇ ਜਾਬਤੇ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਕੇਸ ਦਰਜ ਕਰਵਾਇਆ ਜਾਵੇ। ਲਾਲੂ ਦੇ ਭਾਸ਼ਣ ਦੌਰਾਨ ਜਾਬਤੇ ਦੀ ਉਲੰਘਣਾ ਸਾਬਤ ਹੁੰਦੀ ਹੈ ਤਾਂ ਲਾਲੂ ਵਿਰੁੱਧ ਧਾਰਾ 125 ਅਤੇ ਆਈ.ਪੀ.ਸੀ. ਧਾਰਾ 151 ਦੇ ਤਹਿਤ ਕੇਸ ਦਰਜ ਹੋ ਸਕਦਾ ਹੈ ਅਤੇ ਸਜਾ ਵੀ ਹੋ ਸਕਦੀ ਹੈ। ਇਨ੍ਹਾਂ ਮਾਮਲਿਆਂ ਵਿੱਚ ਘੱਟੋਘੱਟ 3 ਸਾਲ ਦੀ ਸਜਾ ਅਤੇ ਜੁਰਮਾਨਾ ਦੋਵੇਂ ਹੋ ਸਕਦੇ ਹਨ। ਇਸ ਤੋਂ ਇਲਾਵਾ ਲਾਲੂ ਉੱਪਰ ਭਾਸ਼ਣ ਕਰਨ ਅਤੇ ਜਨਤਕ ਸਭਾਵਾਂ ਵਿੱਚ ਜਾਣ ਉੱਪਰ ਵੀ ਪਾਬੰਦੀ ਲੱਗ ਸਕਦੀ ਹੈ। ਇਸੇ ਦੌਰਾਨ ਲਾਲੂ ਯਾਦਵ ਨੇ ਕਿਹਾ ਹੈ ਕਿ ਲੋਕਾਂ ਨੂੰ ਫਿਰਕੂ ਆਧਾਰ ਤੇ ਵੰਡ ਰਹੇ ਸੰਘ ਮੁੱਖੀ ਮੋਹਣ ਭਾਗਵਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਰਤਨ ਦਾ ਸਨਮਾਨ ਦੇਣ। ਲਾਲੂ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਜਾਤ ਆਧਾਰ ਤੇ ਵੰਡਣ ਦੇ ਦੋਸ਼ ਵਿੱਚ ਮੈਨੂੰ ਭਾਵੇਂ ਫਾਂਸੀ ਦੇ ਦਿੱਤੀ ਜਾਵੇ ਮੈਂ ਫਿਰ ਵੀ ਚੁੱਪ ਨਹੀਂ ਬੈਠਾਗਾਂ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਸੰਯੁਕਤ ਰਾਸ਼ਟਰ ਵਿੱਚ ਜਾ ਕੇ ਮੇਰੇ ਖਿਲਾਫ ਅਰਜੀ ਵੀ ਦੇ ਦੇਵੇ ਮੈਂ ਫਿਰ ਵੀ ਗਰੀਬਾਂ ਦੀ ਲੜਾਈ ਲੜਨ, ਉਨ੍ਹਾਂ ਲਈ ਰਾਖਵਾਂਕਰਨ ਕਾਇਮ ਰੱਖਣ, ਜਾਤੀ ਜਨਗਣਨਾ ਦੇ ਅੰਕੜੇ ਜਨਤਕ ਕਰਵਾ ਕੇ ਹੀ ਰਹਾਂਗਾ। ਦੂਸਰੇ ਪਾਸੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਨਿਤੀਸ਼ ਕੁਮਾਰ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਲਾਲੂ ਯਾਦਵ ਲੋਕਾਂ ਨੂੰ ਫਿਰਕੂ ਰੰਗ ਵਿੱਚ ਰੰਗ ਕੇ ਨਫਰਤ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਬਣਨ ਤੇ ਸੂਬੇ ਦੇ ਹਰ ਘਰ ਵਿੱਚ ਬਿਜਲੀ ਪਹੁੰਚੇਗੀ ਅਤੇ ਪੱਛੜੇ ਖੇਤਰਾਂ ਵਿੱਚ ਵਿਕਾਸ ਦੀ ਲਹਿਰ ਚਲਾਈ ਜਾਵੇਗੀ।



