ਜਲੰਧਰ, 28 ਸਤੰਬਰ (ਪੀ. ਟੀ. ਬਿਊਰੋ)- ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨਾਂ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਕਲੀਨ ਚਿਟ ਦੇਣ ਪਿੱਛੋਂ ਬੇਸ਼ੱਕ ਵਿਰੋਧੀ ਸਿਆਸੀ ਧਿਰਾਂ ਕਾਫੀ ਹੋ-ਹੱਲਾ ਕਰ ਰਹੀਆਂ ਹਨ, ਪ੍ਰੰਤੂ ਉਨ੍ਹਾਂ ਅੰਦਰ ਵੀ ਫੁੱਟ ਕਾਰਨ ਇਹ ਵਿਰੋਧ ਮਜ਼ਬੂਤ ਦਿਸ਼ਾ ਤਿਆਰ ਕਰਦਾ ਨਹੀਂ ਦਿਸ ਰਿਹਾ। ਸਿੰਘ ਸਾਹਿਬਾਨਾਂ ਦੇ ਆਦੇਸ਼ ਨੂੰ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਪਸ਼ਟ ਸਮਰਥਨ ਮਿਲ ਚੁੱਕਾ ਹੈ। ਦਮਦਮੀ ਟਕਸਾਲ, ਸੰਤ ਸਮਾਜ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੁਨਾਈਟਿਡ ਅਕਾਲੀ ਦਲ, ਦਲ ਖਾਲਸਾ, ਅਜਨਾਲਾ ਟਕਸਾਲ, ਅਕਾਲੀ ਦਲ ਪੰਚ ਪ੍ਰਧਾਨੀ ਵਰਗੀਆਂ ਧਿਰਾਂ ਇਸ ਹੁਕਮਨਾਮੇ ਦਾ ਵਿਰੋਧ ਕਰ ਰਹੀਆਂ ਹਨ। ਅੰਮ੍ਰਿਤਸਰ ਦਲ ਅਤੇ ਯੁਨਾਈਟਿਡ ਅਕਾਲੀ ਦਲ ਵੱਲੋਂ 30 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।ਅੰਮ੍ਰਿਤਸਰ ਦਲ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਦੀਵਾਲੀ ਮੌਕੇ ਸਰਬੱਤ ਖਾਲਸਾ ਬੁਲਾ ਕੇ ਮੌਜੂਦਾ ਜੱਥੇਦਾਰਾਂ ਨੂੰ ਅਹੁਦਿਆਂ ਤੋਂ ਲਾਹ ਕੇ ਨਵੀਆਂ ਨਿਯੁਕਤੀਆਂ ਕਰਨ ਦਾ ਸੰਕੇਤ ਦਿੱਤਾ ਹੈ। ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਇਸ ਮੁੱਦੇ ’ਤੇ ਇੱਕਜੁਟ ਹਨ, ਪ੍ਰੰਤੂ ਉਹ ਦੂਸਰੀਆਂ ਵਿਰੋਧੀ ਧਿਰਾਂ ਨਾਲ ਸਹਿਯੋਗ ਕਰਨ ਲਈ ਤਿਆਰ ਨਹੀਂ ਹਨ। ਪੰਜਾਬ ਬੰਦ ਦੇ ਮੁੱਦੇ ਉ¤ਪਰ ਵੀ ਉਨ੍ਹਾਂ ਹਾਲੇ ਆਪਣਾ ਪੱਖ ਸਪਸ਼ਟ ਨਹੀਂ ਕੀਤਾ। ਅਜਨਾਲਾ ਟਕਸਾਲ ਅਤੇ ਉਸ ਦੇ ਹਮਾਇਤੀ ਅੰਮ੍ਰਿਤਸਰ ਦਲ ਨਾਲ ਸਹਿਯੋਗ ਕਰ ਸਕਦੇ ਹਨ। ਜਿੱਥੋਂ ਤੱਕ ਦਮਦਮੀ ਟਕਸਾਲ ਅਤੇ ਸੰਤ ਸਮਾਜ ਦਾ ਮਾਮਲਾ ਹੈ, ਉਹ ਜ਼ੁਬਾਨੀ ਤੌਰ ’ਤੇ ਬੇਸ਼ੱਕ ਇਸ ਹੁਕਮਨਾਮੇ ਦਾ ਵਿਰੋਧ ਕਰ ਰਹੇ ਹਨ, ਪ੍ਰੰਤੂ ਉਨ੍ਹਾਂ ਵੱਲੋਂ ਕਿਸੇ ਸਖਤ ਸੰਘਰਸ਼ ਦੀ ਸੰਭਾਵਨਾ ਘੱਟ ਹੈ। ਸੰਤ ਸਮਾਜ ਅਤੇ ਦਮਦਮੀ ਟਕਸਾਲ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੂੰ ਬੇਸ਼ੱਕ ਮਜਬੂਰੀ ਵਿੱਚ ਅਤੇ ਆਪਣੇ ਆਧਾਰ ਨੂੰ ਬਣਾਏ ਰੱਖਣ ਲਈ ਇਸ ਹੁਕਮਨਾਮੇ ਦਾ ਵਕਤੀ ਤੌਰ ’ਤੇ ਵਿਰੋਧ ਕਰਨਾ ਪੈ ਰਿਹਾ ਹੈ, ਪ੍ਰੰਤੂ ਉਹ ਇਸ ਮੁੱਦੇ ’ਤੇ ਅੰਮ੍ਰਿਤਸਰ ਅਕਾਲੀ ਦਲ ਨਾਲ ਚੱਲਣ ਲਈ ਤਿਆਰ ਨਹੀਂ ਹਨ। ਹੁਕਮਨਾਮੇ ਦੀਆਂ ਵਿਰੋਧੀ ਧਿਰਾਂ ਦੀ ਇਹ ਫੁੱਟ ਕਾਫੀ ਗੰਭੀਰ ਹੈ ਅਤੇ ਉਨ੍ਹਾਂ ਦਰਮਿਆਨ ਫੌਰੀ ਤੌਰ ’ਤੇ ਏਕਤਾ ਦੀ ਸੰਭਾਵਨਾ ਨਹੀਂ ਹੈ। ਇਸ ਫੁੱਟ ਕਾਰਨ ਹੀ ਹੁਕਮਨਾਮੇ ਦੇ ਵਿਰੋਧ ਵਿੱਚ ਇੱਕ ਸ਼ਕਤੀਸ਼ਾਲੀ ਲਹਿਰ ਬਣਦੀ ਨਜ਼ਰ ਨਹੀਂ ਆ ਰਹੀ। ਇਸ ਦਾ ਲਾਭ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਿਹਾ ਹੈ।



