Skip to content
Independent perspectives. Global stories.
BREAKING

ਤੀਆਂ ਬਾਲਟੀਮੋਰ ਦੀਆਂ ਵੱਖਰਾ ਪ੍ਰਭਾਵ ਛੱਡ ਗਈਆਂ

Share this story

ਬਾਲਟੀਮੋਰ, 29 ਸਤੰਬਰ (ਡਾ. ਗਿੱਲ)- ਪੰਜਾਬ ਦੇ ਪਿੰਡਾਂ ਦੇ ਤਿਉਹਾਰਾਂ ਨੂੰ ਉਤਸ਼ਾਹਿਤ ਕਰਨ ਲਈ ਵਿਦੇਸ਼ਾਂ ਵਿੱਚ ਇਨ੍ਹਾਂ ਤਿਉਹਾਰਾਂ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ, ਜਿਸ ਦੇ ਸਿੱਟੇ ਵਜੋਂ ਬਾਲਟੀਮੋਰ ਦੀਆਂ ਮੁਟਿਆਰਾਂ ਵੱਲੋਂ ਤੀਆਂ ਦਾ ਤਿਉਹਾਰ ਬੈਲਐਰ ਦੇ ਹਾਲ ਵਿੱਚ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪੂਰੀ ਸਟੇਟ ਤੋਂ ਸਵਾਣੀਆਂ ਨੇ ਹਿੱਸਾ ਲਿਆ। ਇਸ ਮੌਕੇ ਜਿੱਥੇ ਵਰਾਇਟੀ ਦਰ ਵਰਾਇਟੀ ਆਈਟਮਾਂ ਪੇਸ਼ ਕੀਤੀਆਂ ਗਈਆਂ ਉ¤ਥੇ ਮੁਟਿਆਰਾਂ ਨੂੰ ਵੀ ਮੌਕਾ ਮਿਲਿਆ ਜਿਨ੍ਹਾਂ ਨੇ ਇਸ ਤਿਉਹਾਰ ਨੂੰ ਬਹੁਤ ਹੀ ਵਧੀਆ ਅਤੇ ਸਲੀਕੇ ਦੀਆਂ ਰਹੁਰੀਤਾਂ ਨਾਲ ਮਨਾਇਆ। ਜ਼ਿਕਰਯੋਗ ਹੈ ਕਿ ਇਹ ਤਿਉਹਾਰ ਮਨਾਉਣ ਲਈ ਬੀਬੀ ਕਾਂਤਾ ਜੋ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦੀ ਪੀਆਰਓ ਹੈ, ਦੀ ਹਿੰਮਤ ਅਤੇ ਉਪਰਾਲੇ ਸਦਕਾ ਸਵਾਣੀਆਂ ਦੇ ਭਾਰੀ ਇਕੱਠ ਨੇ ਖੂਬ ਗਿੱਧਾ ਅਤੇ ਗੀਤਾਂ ਦੀ ਬੁਛਾੜ ਲਗਾਈ।ਪ੍ਰੋਗਰਾਮ ਦੀ ਸ਼ੁਰੂਆਤ ਤੀਆਂ ਦੀ ਮਹੱਤਤਾ ਅਤੇ ਇਸ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਜਾਣਕਾਰੀ ਦਿੱਤੀ ਗਈ। ਉਸ ਤੋਂ ਬਾਅਦ ਗਰੁੱਪਾਂ ਵਿੱਚ ਵੰਡ ਕੇ ਗਿੱਧੇ ਦੀਆਂ ਰਸਮਾਂ ਦਾ ਆਗਾਜ਼ ਕੀਤਾ ਗਿਆ, ਜਿਸ ਵਿੱਚ ਸਿੱਠਣੀਆਂ, ਨਾਨਕੇ ਮੇਲ, ਵਿਆਹ ਦਾ ਦ੍ਰਿਸ਼ ਤੋਂ ਇਲਾਵਾ ਤ੍ਰਿੰਝਣ ਅਤੇ ਪੰਜਾਬੀ ਭੰਗੜੇ ਦੀ ਰੰਗਤ ਤੇ ਤੀਆਂ ਦਾ ਖੂਬ ਰੰਗ ਬੰਨਿਆ। ਜਿੱਥੇ ਇਹ ਪਲੇਠਾ ਬਾਲਟੀਮੋਰ ਦਾ ਤੀਆਂ ਦਾ ਤਿਉਹਾਰ ਨਿਵੇਕਲਾ ਅਤੇ ਵੱਖਰੀ ਛਾਪ ਛੱਡ ਗਿਆ ਉਥੇ ਬੀਬੀਆਂ ਵੱਲੋਂ ਇੱਕ ਕਮੇਟੀ ਗਠਿਤ ਕਰਕੇ ਇਸ ਨੂੰ ਹਰ ਸਾਲ ਸਾਲਾਨਾ ਈਵੈਂਟ ਵਜੋਂ ਮਨਾਉਣ ਦਾ ਵੀ ਫੈਸਲਾ ਕੀਤਾ ਗਿਆ। ਸਮੁੱਚੇ ਤੌਰ ’ਤੇ ਇਹ ਤਿਉਹਾਰ ਪ੍ਰਭਾਵੀ ਅਤੇ ਸੁਆਣੀਆਂ ਦੀਆਂ ਆਸਾਂ ’ਤੇ ਪੂਰਨ ਉਤਰਿਆ ਜਿਸ ਦੀ ਚਰਚਾ ਦੂਰ-ਦੁਰਾਡੇ ਤੱਕ ਵੇਖਣ ਨੂੰ ਮਿਲੀ ਹੈ।

WRITTEN BY