ਮਾਨਸਾ, 27 ਸਤੰਬਰ (ਅਨੂਪ ਸਿੰਘ ਖਾਲਸਾ)-ਅੱਠ ਕਿਸਾਨ ਜਥੇਬੰਦੀਆਂ ਵਲੋਂ ਅਰੰਭੇ ਨਰਮੇ ਸਮੇਤ ਫਸਲਾਂ ਦੇ ਖਰਾਬ ਦਾ ਮੁਆਵਜਾ ਲੈਣ ਲਈ ਸੰਘਰਸ਼ ਅੱਜ 10 ਦਿਨਾਂ ਤੋਂ ਬਠਿੰਡਾ ਦੇ ਮੋਰਚੇ ਦਾ ਹੋਰ ਵਿਸਥਾਰ ਕਰਦਿਆਂ ਡੀ.ਸੀ. ਦਫ਼ਤਰ ਮਾਨਸਾ ਵਿਖੇ ਵੀ ਲਗਾਤਾਰ ਧਰਨਾ ਅੱਜ ਸ਼ੁਰੂ ਹੋ ਗਿਆ ਜਥੇਬੰਦੀਆਂ ਨੇ ਸਾਰੇ ਪੰਜਾਬ ਦੇ ਜਿਲ੍ਹਿਆਂ ਦੇ ਡੀ.ਸੀ. ਦਫ਼ਤਰਾਂ ਸਾਹਮਣੇ ਧਰਨੇ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸੇ ਸੱਦੇ ਦੇ ਮੱਦੇ ਨਜ਼ਰ ਅੱਜ ਕਿਸਾਨ ਸੈਂਕੜਿਆਂ ਦੀ ਗਿਣਤੀ ਵਿੱਚ ਅੱਜ ਮਾਨਸਾ ਪੁੱਜੇ ਤੇ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਮਹਿੰਦਰ ਸਿੰਘ ਦਿਆਲਪੁਰਾ ਜਿਲ੍ਹਾ ਪ੍ਰਧਾਨ, ਗੋਰਾ ਸਿੰਘ ਭੈਣੀ ਬਾਘਾ ਜਿਲ੍ਹਾ ਜਨਰਲ ਸਕੱਤਰ, ਦਰਬਾਰਾ ਕਿਸ਼ਨਗੜ੍ਹ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਛੱਜੂ ਰਾਮ ਰਿਸ਼ੀ, ਮੇਜਰ ਸਿੰਘ ਦੂਲੋਵਾਲ ਅਤੇ ਅਮਰੀਕ ਸਿੰਘ ਫਫੜੇ,ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਭੋਲਾ ਸਿੰਘ ਸਮਾਓ, ਹਰਜਿੰਦਰ ਸਿੰਘ ਮਾਨਸ਼ਾਹੀਆ, ਭਾਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ
ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਵਿਭਾਗ ਅਤੇ ਮੰਤਰਾਲੇ ਦੀਆਂ ਗਲਤ ਨੀਤੀਆਂ ਕਾਰਨ ਨਰਮੇ ਸਮੇਤ ਕਈ ਫਸਲਾਂ ਦਾ ਚਿੱਟੇ ਮੱਛਰ ਨਾਲ ਭਾਰੀ ਨੁਕਸਾਨ ਹੋਇਆ ਹੈ ਜਿਸ ਦਾ ਮੁਆਵਜਾ 40 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਨਰਮੇ ਦੀ ਫਸਲ ਤਬਾਹ ਹੋਣ ਨਾਲ ਪਿੰਡਾਂ ਦੇ ਮਜ਼ਦੂਰਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਪ੍ਰੀਵਾਰ ਭੱਤਾ ਦਿੱਤਾ ਜਾਵੇ। ਕਿਸਾਨਾਂ ਦੇ ਗੰਨੇ ਦਾ ਬਕਾਇਆ ਦੇਣ ਅਤੇ ਬਾਂਸਪਤੀ ਝੋਨੇ ਦੀ ਯੋਗ ਭਾਅ ਤੇ ਸਰਕਾਰੀ ਖਰੀਦ ਚਾਲੂ ਕਰਨ ਦੀ ਪੁਰਜੋਰ ਮੰਗ ਕੀਤੀ ਗਈ ਤੇ ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦੇਣ ਤੇ ਉਜਾੜਾ ਬੰਦ ਕਰਨ ਦੀ ਮੰਗ ਕੀਤੀ ਗਈ।ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਸਾਨਾਂ, ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਮਾਨਸਾ ਡੀ.ਸੀ. ਦਫ਼ਤਰ ਦੇ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਵੱਧ ਤੋਂ ਵੱਧ ਪਹੁੰਚਣ। ਆਗੂਆਂ ਨੇ ਐਲਾਨ ਕੀਤਾ ਕਿ ਮੰਗਾਂ ਦੀ ਪੂਰਤੀ ਤੱਥ ਸੰਘਰਸ਼ ਜਾਰੀ ਰਹੇਗਾ ਸਗੋ ਤਿੱਖਾ ਅਤੇ ਵਿਸ਼ਾਲ ਕੀਤਾ ਜਾਵੇਗਾ।



