ਫਰੈਂਕਫਰਟ/ਜਰਮਨੀ, 26 ਸਤੰਬਰ (ਪੀ. ਟੀ.)- ਜਿਉਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਦੂਜੇ ਜਥੇਦਾਰਾਂ ਵੱਲੋਂ ਅਚਾਨਕ ਹੀ ਡੇਰਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰੂਪ ਦੀ ਨਕਲ ਕਰਨ ਵਾਲੇ ਮਾਮਲੇ ਚੋਂ ਬਰੀ ਕਰਦਾ ਮਾਫੀਨਾਮਾ ਜਾਰੀ ਕੀਤਾ ਗਿਆ ਤਾਂ ਦੇਸ਼, ਵਿਦੇਸ਼ ਦੀਆਂ ਸਿੱਖ ਸੰਗਤਾਂ ਹੈਰਾਨ ਰਹਿ ਗਈਆਂ। ਵਿਦੇਸ਼ੀ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ। ਇਸ ਸਬੰਧ ’ਚ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵੱਲੋਂ ਜਰਮਨ ਦੀਆਂ ਸਮੂਹ ਪੰਥਕ ਜਥੇਬੰਦੀਆਂ, ਸਭਾ, ਸੁਸਾਇਟੀਆਂ ਤੇ ਪੰਥਕ ਹਿਤੈਸ਼ੀਆਂ ਦਾ ਇਕ ਵਿਸ਼ੇਸ਼ ‘ਪੰਥਕ ਇਕੱਠ’ 27 ਸਤੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਸੱਦਿਆ ਗਿਆ ਹੈ। ਪ੍ਰਬੰਧਕਾਂ ਨੇ ਸਮੂਹ ਸਿੱਖ ਸੰਗਤਾਂ ਨੂੰ ਪੰਥਕ ਇਕੱਠ ’ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਸਿੱਖ ਕੌਮ ਦੇ ਸਿਧਾਂਤਾ ਦਾ ਮਲੀਆਮੇਟ ਕੀਤਾ ਜਾ ਰਿਹਾ, ਜਾਗਰੂਕ ਸਿੱਖ ਅਵੇਸਲਾ ਨਾ ਰਹੇ।


