Skip to content
Independent perspectives. Global stories.
BREAKING

ਡੇਂਗੂ ਮਰੀਜ਼ਾਂ ਦੇ ਇਲਾਜ ਵਿੱਚ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਜਿਆਣੀ

Share this story

ਜਲੰਧਰ/ਚੰਡੀਗੜ੍ਹ, 22 ਸਤੰਬਰ- ਪੰਜਾਬ ਦੇ ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਸਰਕਾਰੀ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਦੀ ਕਮੀ ਵਿਸ਼ੇਸ਼ ਰੂਪ ਵਿਚ ਡੇਂਗੂ ਮਰੀਜਾਂ ਦੀ ਬੁਰੀ ਸਥਿਤੀ ਅਤੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਦੇ ਬਾਹਰ ਪ੍ਰਾਈਵੇਟ ਡਾਕਟਰੀ ਨਿਰੀਖਣ ਦੇ ਲਈ ਭੇਜੇ ਜਾਣ ਦੀਆਂ ਖਬਰਾਂ ਦਾ ਗੰਭੀਰ ਨੋਟਿਸ ਲਿਆ ਹੈ। ਸ੍ਰੀ ਜਿਆਣੀ ਨੇ ਡੇਂਗੂ ਮਰੀਜਾਂ ਦਾ ਇਲਾਜ਼ ਕਰਦੇ ਸਮੇਂ ਉਨ੍ਹਾਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣ ਦੀ ਹਦਾਇਤ ਵੀ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਡੇਂਗੂ ਦੇ ਸਬੰਧ ਵਿਚ ਡਾਕਟਰਾਂ ਦੁਆਰਾ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਮਰੀਜ਼ਾਂ ਦਾ ਮੁਫਤ ਇਲਾਜ਼ ਅਤੇ ਟੈਸਟ ਦੀ ਸੁਵਿਧਾ ਉਪਲਭੱਧ ਕਰਵਾਈ ਜਾਂਦੀ ਹੈ। ਇਸ ਸਬੰਧ ਵਿਚ ਸਿਹਤ ਵਿਭਾਗ ਦੇ ਸਮੂਹ ਸਿਵਲ ਸਰਜਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ

ਕਿਹਾ ਕਿ ਪਿਛਲੇ ਦਿਨਾਂ ਵਿਚ ਹੋਈ ਵਰਖਾ ਦੇ ਮੱਦੇਨਜ਼ਰ ਰੋਗਾਂ ਦੀ ਰੋਕਥਾਮ ਲਈ ਠੋਸ ਕਦਮ ਉਠਾਏ ਜਾਣ। ਉਨ੍ਹਾਂ ਅੱਗੇ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਦੁਆਰਾ ਆਉਣ ਵਾਲੇ ਦਿਨਾਂ ਵਿਚ ਮੀਂਹ ਪੈਣ ਦਾ ਅਨੁਮਾਨ ਲਾਇਆ ਗਿਆ ਹੈ ਜਿਸ ਕਾਰਨ ਕੰਟੇਨਰਾਂ, ਸੁੱਟੇ ਗਏ ਪਲਾਸਟਿਕ ਅਤੇ ਕਬਾੜ ਦੇ ਸਮਾਨ ਵਿਚ ਖੜ੍ਹੇ ਪਾਣੀ ਵਿਚ ਏਡੀਜ਼ ਮੱਛਰ ਪੈਦਾ ਹੋਣ ਦਾ ਖਤਰਾ ਵੱਧ ਸਕਦਾ ਹੈ ਜਿਸ ਲਈ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਟੀਮਾਂ ਗਠਿਤ ਕਰਕੇ ਪਿੰਡਾਂ ਅਤੇ ਸ਼ਹਿਰਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਡੇਂਗੂ ਦੇ ਮੱਛਰਾਂ ਸਬੰਧੀ ਮੁਕੰਮਲ ਜਾਣਕਾਰੀ, ਡੇਂਗੂ ਦੇ ਲੱਛਣਾਂ ਅਤੇ ਬਚਾਅ ਦੇ ਤਰੀਕੇ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਸਬੰਧਤ ਅਧਿਕਾਰੀ ਅਤੇ ਵਿਭਾਗ ਡੇਂਗੂ ਰੋਕਣ ਲਈ ਮੁਕੰਮਲ ਪ੍ਰਬੰਧ ਤੇਜ਼ੀ ਨਾਲ ਕਰਨ, ਜਿਸ ਨਾਲ ਡੇਂਗੂ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਸਾਰੇ ਸਿਵਲ ਸਰਜਨਾਂ ਨੂੰ ਸਾਫ ਤੌਰ ’ਤੇ ਹਦਾਇਤ ਗਈ ਹੈ ਕਿ ਜੇਕਰ ਕਿਸੇ ਵੀ ਨਿਰੀਖਣ ਕਰਨ ਵਾਲੇ ਉਪਕਰਨ ਵਿਚ ਖਰਾਬੀ ਪਾਈ ਗਈ ਤਾਂ ਸਬੰਧਤ ਸਿਵਲ ਸਰਜਨ ਨੂੰ ਸਿੱਧੇ ਤੌਰ ’ਤੇ ਜਿੰਮੇਵਾਰ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਸ੍ਰੀ ਜਿਆਣੀ ਨੇ ਕਿਹਾ ਕਿ ਹਸਪਤਾਲਾਂ ਵਿਚ ਮੈਡੀਕਲ ਸੁਵਿਧਾਵਾਂ ਪੂਰਨ ਰੂਪ ਵਿਚ ਯਕੀਨੀ ਕੀਤੀਆਂ ਜਾਣ ਅਤੇ ਵਿਸ਼ੇਸ਼ ਰੂਪ ਵਿਚ ਡੇਂਗੂ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡਾਂ ਵਿਚ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੁਵਿਧਾਵਾਂ ਨੂੰ ਯਕੀਨੀ ਕੀਤਾ ਜਾਵੇ। ਸਿਹਤ ਮੰਤਰੀ ਨੇ ਸਿਵਲ ਸਰਜਨਾਂ ਨੂੰ ਕਿਹਾ ਹੈ ਕਿ ਬੁਖਾਰ ਤੋਂ ਪੀੜਤ ਅਤੇ ਡੇਂਗੂ ਦੇ ਕਿਸੇ ਵੀ ਸ਼ੱਕੀ ਮਰੀਜ਼ ਨੂੰ ਇਲਾਜ਼ ਤੋਂ ਇਨਕਾਰ ਨਾ ਕੀਤਾ ਜਾਵੇ ਅਤੇ ਜੇਕਰ ਜ਼ਰੂਰਤ ਪਵੇ ਤਾਂ ਸ਼ੱਕੀ ਮਰੀਜ਼ਾਂ ਨੂੰ ਹਸਪਤਾਲ ਵਿਚ ਦਾਖਲ ਕੀਤਾ ਜਾਵੇ। ਸ੍ਰੀ ਜਿਆਣੀ ਨੇ ਕਿਹਾ ਹੈ ਕਿ ਡੇਂਗੂ ਮਰੀਜ਼ਾਂ ਲਈ ਹਸਪਤਾਲ ਵਿਚ ਕੀਤੇ ਗਏ ਪ੍ਰਬੰਧਾਂ ਦਾ ਨਿਰੀਖਣ ਕਰਨ ਲਈ ਗੈਰ-ਸਰਕਾਰੀ ਸੰਗਠਨਾਂ ਦੀ ਮਦਦ ਲਈ ਜਾਵੇਗੀ ਜਿਸ ਅਧੀਨ ਹਸਪਤਾਲਾਂ ਵਿਚ ਨਕਲੀ ਮਰੀਜ਼ ਭੇਜ ਕੇ ਮਰੀਜ਼ਾਂ ਦੇ ਅਸਲ ਹਲਾਤਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਹਸਪਤਾਲਾਂ ਦੇ ਪ੍ਰਬੰਧਾਂ ਵਿਚ ਖਾਮੀਆਂ ਪਾਉਣ ’ਤੇ ਸਿੱਧੇ ਤੌਰ ’ਤੇ ਜਵਾਬਦੇਹੀ ਕੀਤੀ ਜਾਵੇਗੀ। ਉਨ੍ਹਾਂ ਨੇ ਪੰਜਾਬ ਸਰਕਾਰ ਦੇ ਨਿਸ਼ਚਿਤ ਕੀਤੇ ਗਏ ਟੀਚੇ ਨੂੰ ਦੁਹਰਾਉਂਦੇ ਹੋਏ ਕਿਹਾ ਹੈ ਕਿ ਸੂਬੇ ਦੇ ਲੋਕਾਂ ਨੂੰ ਉੱਚ ਪੱਧਰੀ ਅਤੇ ਪੂਰਨ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ। ਸ੍ਰੀ ਜਿਆਣੀ ਨੇ ਕਿਹਾ ਕਿ ਉਹ ਪੰਜਾਬ ਵਿਧਾਨ ਸਭਾ ਵਿਚ ਦਿੱਤੇ ਗਏ ਆਪਣੇ ਬਿਆਨ ’ਤੇ ਦ੍ਰਿੜ ਹਨ ਜਿਸ ਅਨੁਸਾਰ ਸਾਰੇ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦਾ ਮੁਫਤ ਇਲਾਜ਼ ਕਰਨ ਬਾਰੇ ਕਿਹਾ ਗਿਆ ਸੀ।

WRITTEN BY