ਜਲੰਧਰ/ਨਵੀਂ ਦਿੱਲੀ, 26 ਅਗਸਤ- ਰੂਪਨਗਰ ਜ਼ਿਲ੍ਹੇ ਦੇ ਨਯਾ ਨੰਗਲ ਵਿਖੇ ਨੈਸ਼ਨਲ ਫਰਟੀਲਾਈਜ਼ਰ ਲਿਮਿਟਡ (ਐਨ.ਐਫ.ਐਲ) ਦੇ ਪਸਾਰ ਸਬੰਧੀ 5500 ਕਰੋੜ ਰੁਪਏ ਦੇ ਪ੍ਰਾਜੈਕਟ ਵਿਚ ਤੇਜ਼ੀ ਲਿਆਉਣ ਲਈ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਨ ਜੇਤਲੀ ਦੇ ਨਿੱਜੀ ਦਖਲ ਦੀ ਮੰਗ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਭਾਰਤ ਸਰਕਾਰ ਦੇ ਖਾਦ ਅਤੇ ਰਸਾਇਣ ਮੰਤਰਾਲੇ ਕੋਲੋਂ ਉਸਦੇ ਹਿੱਸੇ ਵਜੋਂ 1300 ਕਰੋੜ ਰੁਪਏ ਤੁਰੰਤ ਜਾਰੀ ਕਰਾਉਣ ਦੀ ਸ੍ਰੀ ਜੇਤਲੀ ਨੂੰ ਅਪੀਲ ਕੀਤੀ ਹੈ। ਸ. ਬਾਦਲ ਅੱਜ ਸਵੇਰੇ ਸ਼ਾਸਤਰੀ ਭਵਨ ਵਿਖੇ ਕੇਂਦਰੀ ਵਿੱਤ ਮੰਤਰੀ ਨੂੰ ਉਨ੍ਹਾਂ ਦੇ ਦਫਤਰ ਵਿਖੇ ਮਿਲੇ ਅਤੇ ਉਨ੍ਹਾਂ ਨੂੰ ਐਨ.ਐਫ.ਐਲ ਦੀ ਮੌਜੂਦਾ ਸਮਰਥਾ ਬਾਰੇ ਜਾਣੂ ਕਰਵਾਇਆ। ਇਹ ਸਮਰਥਾ ਇਸ ਵੇਲੇ 5 ਲੱਖ ਟਨ ਹੈ ਅਤੇ ਇਹ ਵਧਾ ਕੇ 15 ਲੱਖ ਟਨ ਕੀਤੀ ਜਾਣੀ ਹੈ। ਇਸ ਦੇ ਪਸਾਰ ਵਾਸਤੇ ਲੋੜੀਂਦੇ ਬੁਨਿਆਦੀ ਢਾਂਚੇ ਦੀ ਵਿਵਸਥਾ ਵੀ ਕੀਤੀ ਜਾਣੀ ਹੈ।ਖਾਦ ਮੰਤਰਾਲੇ ਨੇ ਪਹਿਲਾਂ ਹੀ ਇਸ ਯੂਨਿਟ ਦੇ ਪਸਾਰ ਵਾਸਤੇ ਪ੍ਰਵਾਨਗੀ ਦੇ ਦਿੱਤੀ ਹੈ। ਇਹ ਯੂਨਿਟ ਇਸ ਖਿੱਤੇ ਵਿਚ ਨਾ ਕੇਵਲ ਵੱਡੀ ਪੱਧਰ ਉਤੇ ਰੁਜ਼ਗਾਰ ਪੈਦਾ ਕਰੇਗਾ ਸਗੋਂ ਸੂਬੇ ਵਿਚ ਯੂਰੀਆ ਦੀ ਮੰਗ ਨੂੰ ਵੀ ਪੂਰੀ ਕਰੇਗਾ। ਉਨ੍ਹਾਂ ਨੇ ਸ੍ਰੀ ਜੇਤਲੀ ਨੂੰ 1300 ਕਰੋੜ ਰੁਪਏ ਦੀ ਯਕਮੁਸ਼ਤ ਗ੍ਰਾਂਟ ਜਲਦੀ ਨਾਲ ਮੁਹੱਈਆ ਕਰਵਾਉਣ ਲਈ ਜ਼ੋਰ ਪਾਇਆ ਤਾਂ ਜੋ ਇਸ ਪ੍ਰਾਜੈਕਟ ਦਾ ਪਸਾਰ ਤੇਜ਼ੀ ਨਾਲ ਕੀਤਾ ਜਾ ਸਕੇ। ਇਸੇ ਤਰ੍ਹਾਂ ਹੀ ਮੁੱਖ ਮੰਤਰੀ ਨੇ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿਚ ਦੀ ਲੰਘਦੀ ਅੱਪਰ ਬਾਰੀ ਦੋਆਬ ਨਹਿਰ (ਯੂ.ਬੀ.ਡੀ.ਸੀ) ਦੀ ਪੁਨਰ ਸੁਰਜੀਤੀ ਵਾਸਤੇ 1375 ਕਰੋੜ ਰੁਪਏ ਦੇ ਵਿਸ਼ੇਸ਼ ਫੰਡ ਜਾਰੀ ਕਰਨ ਲਈ ਵੀ ਸ੍ਰੀ ਜੇਤਲੀ ਨੂੰ ਆਖਿਆ ਕਿਉਂਕਿ ਇਹ ਨਹਿਰ ਸਭ ਤੋਂ ਪੁਰਾਣੀਆਂ ਨਹਿਰਾਂ ਵਿਚੋਂ ਇੱਕ ਹੈ ਜੋ ਕਿ 1889 ਵਿੱਚ ਬਣੀ ਸੀ। ਇਹ ਪਿਛਲੇ 126 ਸਾਲਾਂ ਤੋਂ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਹਿਰ ਦੀ ਸਿੰਚਾਈ ਸਮਰਥਾ 13.43 ਲੱਖ ਏਕੜ ਰਕਬਾ ਹੈ ਜਦਕਿ ਇਹ 8.47 ਲੱਖ ਏਕੜ ਰਕਬੇ ਦੀ ਸਿੰਚਾਈ ਕਰ ਰਹੀ ਹੈ ਜੋ ਕਿ ਕੇਵਲ 63 ਫੀਸਦੀ ਬਣਦਾ ਹੈ। ੳਆਖੀਰ ਵਿਚ ਮੁੱਖ ਮੰਤਰੀ ਨੇ ਸ੍ਰੀ ਜੇਤਲੀ ਤੋਂ ਨੌਜਵਾਨਾਂ ਨੂੰ ਐਫ.ਟੀ.ਆਈ.ਆਈ ਦੀ ਤਰਜ਼ ’ਤੇ ਫਿਲਮ ਅਤੇ ਟੈਲੀਵਿਜ਼ਨ ਖੇਤਰ ਵਿਚ ਸਿਖਲਾਈ ਮੁਹੱਈਆ ਕਰਾਉਣ ਲਈ ਸੂਬੇ ਵਿਚ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਲਈ ਵੀ ਆਖਿਆ ਕਿਉਂਕਿ ਸ੍ਰੀ ਜੇਤਲੀ ਕੋਲ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦਾ ਕਾਰਜਭਾਰ ਵੀ ਹੈ। ਸ. ਬਾਦਲ ਵੱਲੋਂ ਉਠਾਏ ਗਏ ਮੁੱਦਿਆਂ ਪ੍ਰਤੀ ਹਾਂ ਪੱਖੀ ਹੁੰਘਾਰਾ ਭਰਦੇ ਹੋਏ ਕੇਂਦਰੀ ਵਿੱਤ ਮੰਤਰੀ ਨੇ ਭਰੋਸਾ ਦਵਾਇਆ ਕਿ ਉਹ ਛੇਤੀ ਹੀ ਇਨ੍ਹਾਂ ਪ੍ਰਸਤਾਵਾਂ ਦੀ ਘੋਖ ਕਰਨਗੇ ਤਾਂ ਜੋ ਇਸ ਸਬੰਧ ਵਿਚ ਢੁੱਕਵਾਂ ਕਦਮ ਚੁੱਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਖਾਦ ਮੰਤਰਾਲੇ ਦੇ ਹਿੱਸੇ ਵਜੋਂ 1300 ਕਰੋੜ ਰੁਪਏ ਦੀ ਗ੍ਰਾਂਟ ਜਲਦੀ ਜਾਰੀ ਕਰਾਉਣ ਦੇ ਮੁੱਦੇ ਨੂੰ ਵੀ ਉਠਾਉਣਗੇ ਤਾਂ ਜੋ ਨੰਗਲ ਪ੍ਰਾਜੈਕਟ ਦੇ ਪਸਾਰ ਦਾ ਕੰਮ ਬਿਨ੍ਹਾਂ ਕਿਸੇ ਦੇਰੀ ਤੋਂ ਹੋ ਸਕੇ। ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਅਤੇ ਰੈਜ਼ੀਡੈਂਟ ਕਮਿਸ਼ਨਰ, ਪੰਜਾਬ ਭਵਨ ਸ੍ਰੀ ਕੇ. ਸ਼ਿਵਾ ਪ੍ਰਸਾਦ ਹਾਜ਼ਰ ਸਨ।



