ਅੰਮ੍ਰਿਤਸਰ, 22 ਅਗਸਤ (ਪੀ. ਟੀ.)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ’ਚ ਅੰਤ੍ਰਿੰਗ ਕਮੇਟੀ ਵੱਲੋਂ ਅਹਿਮ ਫੈਸਲਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਦੀ ਜ਼ਮੀਨ ਵਿਚੋਂ ਪੰਜ-ਪੰਜ ਏਕੜਾਂ ਵਿੱਚ ਕੁਦਰਤੀ ਖੇਤੀ ਕਰਨ ਦਾ ਅਹਿਮ ਫੈਸਲਾ ਕੀਤਾ ਗਿਆ ਜਿਸ ਨੂੰ ਅੰਤਿਮ ਰੂਪ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ.ਰੂਪ ਸਿੰਘ ਤੇ ਸ. ਮਨਜੀਤ ਸਿੰਘ ਅਤੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੇ ਸ. ਕਾਹਨ ਸਿੰਘ ਪੰਨੂੰ ਐਮ.ਡੀ. ਪੰਜਾਬ ਐਗਰੋ ਦੀ ਅਗਵਾਈ ਵਿੱਚ ਖੇਤੀਬਾੜੀ ਮਾਹਰਾਂ ਦੀ ਟੀਮ ਨਾਲ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਅਹਿਮ ਵੀਚਾਰ-ਵਟਾਂਦਰਾ ਕੀਤਾ।ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਕੁਦਰਤੀ ਖੇਤੀ ਸਬੰਧੀ ਮੀਟਿੰਗ ਕਰਨ ਲਈ ਸ. ਕਾਹਨ ਸਿੰਘ ਪੰਨੂੰ ਦੇ ਨਾਲ ਡਾ. ਬਲਵਿੰਦਰ ਸਿੰਘ ਸੋਹਲ ਜੁਆਇੰਟ ਡਾਇਰੈਕਟਰ ਪਲਾਂਟ ਪ੍ਰੋਟੈਕਸ਼ਨ ਪੰਜਾਬ, ਡਾ. ਮਨੋਜ ਕੁਮਾਰ ਜੂਨੀਅਰ ਸੈਂਟੀਫਿਕ ਆਫੀਸਰ ਆਰਗੈਨਿਕ ਫਾਰਮਿੰਗ ਪੰਚਕੂਲਾ (ਹਰਿਆਣਾ), ਸ. ਸਤਵੰਤ ਸਿੰਘ ਢਿਲੋਂ ਖੇਤੀਬਾੜੀ ਮਹਿਕਮਾ ਪੰਜਾਬ, ਡਾ. ਬਲਵਿੰਦਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ, ਡਾ. ਗੁਰਦੀਪ ਸਿੰਘ ਨਾਗਪਾਲ ਸੰਪਰਕ ਕਰਤਾ ਕੁਦਰਤੀ ਫਾਰਮਿੰਗ ਬੈਂਗਲੌਰ, ਮੈਡਮ ਮਧੂ ਗਿੱਲ ਸੰਪਰਕ ਕਰਤਾ ਕੁਦਰਤੀਫਾਰਮਿੰਗ ਪੰਜਾਬ ਐਗਰੋ ਚੰਡੀਗੜ੍ਹ, ਸ. ਸੁਮਿਤ ਸਿੰਘ ਜੀਵਨ ਆਰਗੈਨਿਕ ਫਰਟੀਲਾਈਜ਼ਰ ਅੰਮ੍ਰਿਤਸਰ ਅਤੇ ਸ. ਹਰਦਿਆਲ ਸਿੰਘ ਬਾਗਬਾਨੀ ਵਿਭਾਗ ਉਚੇਚੇ ਤੌਰ ’ਤੇ ਪਹੁੰਚੇ। ਆਏ ਹੋਏ ਸਾਰੇ ਅਧਿਕਾਰੀਆਂ ਦਾ ਹਾਰਦਿਕ ਸਵਾਗਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ.ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬਧੰਕ ਕਮੇਟੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਤੋਂ ਇਲਾਵਾ ਸਿੱਖੀ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਵਿੱਦਿਆ ਦੇ ਪ੍ਰਚਾਰ-ਪ੍ਰਸਾਰ ਲਈ 115 ਤੋਂ ਜ਼ਿਆਦਾ ਸਕੂਲ/ਕਾਲਜ ਚਲਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਸੁਪਨਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੋਂ ਕਰਤਾਰਪੁਰ ਵਿਖੇ ਕੀਤੀ ਖੇਤੀ ਤੇ ਆਧਾਰਿਤ ਅੱਗੇ ਵਧੇ।ਉਨ੍ਹਾਂ ਕਿਹਾ ਕਿ ਅੱਜ ਫਸਲਾਂ ਦਾ ਵੱਧ ਝਾੜ ਲੈਣ ਦੀ ਹੌੜ ਵਿੱਚ ਕਿਸਾਨ ਵੀਰ ਵੱਧ ਤੋਂ ਵੱਧ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਕਰਕੇ ਅਸੀਂ ਪੰਜਾਬ ਦਾ ਪੌਣ-ਪਾਣੀ ਗੰਦਲਾ ਕਰ ਬੈਠੇ ਹਾਂ ਜਿਸ ਨਾਲ ਕੈਂਸਰ ਵਰਗੇ ਭਿਆਨਕ ਰੋਗਾਂ ਵਿੱਚ ਮਨੁੱਖੀ ਜੀਵਨ ਦਿਨ-ਬ-ਦਿਨ ਜਕੜਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਭਿਆਨਕ ਰੋਗਾਂ ਤੋਂ ਨਜਾਤ ਪਾਉਣ ਅਤੇ ਪੰਜਾਬ ਦੇ ਕਿਸਾਨਾਂ ਲਈ ਰੋਲ ਮਾਡਲ ਦਾ ਰੂਪ ਅਖਤਿਆਰ ਕਰਦਿਆਂ ਸ਼੍ਰੋਮਣੀ ਕਮੇਟੀ ਕੁਦਰਤੀ ਖੇਤੀ ਕਰੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਦੀ ਅਗਵਾਈ ਵਿੱਚ ਕਦੇ ਵੀ ਲਾਭ ਨੂੰ ਅਹਿਮੀਅਤ ਨਹੀਂ ਦਿੱਤੀ ਬਲਕਿ ਹਮੇਸ਼ਾ ਹੀ ਮਨੁੱਖਤਾ ਦੀ ਸੇਵਾ ਨੂੰ ਪਹਿਲ ਦਿੱਤੀ ਹੈ। ਇਸ ਮੌਕੇ ਸ. ਕਾਹਨ ਸਿੰਘ ਪੰਨੂੰ ਆਈ ਏ ਐਸ ਐ¤ਮ.ਡੀ. ਪੰਜਾਬ ਐਗਰੋ ਨੇ ਕੁਦਰਤੀ ਖੇਤੀ ਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਅਸੀਂ 1950 ਤੋਂ ਪਹਿਲਾਂ ਵਾਲੀ ਕੁਦਰਤੀ ਖੇਤੀ ਨੂੰ ਛੱਡ ਕੇ ਵਪਾਰਕ ਖੇਤੀ ਅਪਣਾ ਲਈ ਹੈ ਵਪਾਰਕ ਖੇਤੀ ਤੋਂ ਲਾਭ ਲੈਣ ਦੀ ਹੌੜ ਵਿੱਚ ਅਸੀਂ ਆਪਣੀ ਜ਼ਿੰਦਗੀ ਖਤਰੇ ਵਿੱਚ ਪਾ ਲਈ ਹੈ।ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਨੂੰ ਛੱਡ ਕੇ ਫਸਲ ਦਾ ਵੱਧ ਝਾੜ ਲੈਣ ਦੀ ਹੌੜ ਵਿੱਚ ਪੰਜਾਬ ਦੀ ਕਿਸਾਨੀ ਵੱਲੋਂ ਬੇਤਹਾਸ਼ਾ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਪੌਣ-ਪਾਣੀ ਗੰਦਲਾ ਹੋ ਚੁੱਕਾ ਹੈ ਤੇ ਪੌਣ-ਪਾਣੀ ਦੇ ਗੰਦਲਾ ਹੋਣ ਕਰਕੇ ਹੀ ਅਸੀਂ ਕੈਂਸਰ ਵਰਗੇ ਮਾਰੂ ਰੋਗਾਂ ਦੀ ਮਾਰ ਝੱਲ ਰਹੇ ਹਾਂ। ਇਸ ਤੋਂ ਪਹਿਲਾਂ ਮੈਡਮ ਮਧੂ ਗਿੱਲ, ਡਾ. ਬਲਵਿੰਦਰ ਸਿੰਘ ਛੀਨਾ, ਸ. ਹਰਦਿਆਲ ਸਿੰਘ, ਡਾ. ਮਨੋਜ ਕੁਮਾਰ ਤੇ ਡਾ. ਬਲਵਿੰਦਰ ਸਿੰਘ ਸੋਹਲ ਨੇ ਵੀ ਕੁਦਰਤੀ ਖੇਤੀ ਸਬੰਧੀ ਆਪਣੇ ਕੀਮਤੀ ਵੀਚਾਰਾਂ ਰਾਹੀਂ ਅਰਥ ਭਰਪੂਰ ਜਾਣਕਾਰੀ ਦਿੱਤੀ।ਇਸ ਮੌਕੇ ਸ. ਕੇਵਲ ਸਿੰਘ ਵਧੀਕ ਸਕੱਤਰ ਜਾਇਦਾਦ ਸ਼੍ਰੋਮਣੀ ਕਮੇਟੀ ਨੇ ਵੀ ਆਪਣੇ ਵੀਚਾਰ ਪ੍ਰਗਟ ਕੀਤੇ।ਮੰਚ ਦੀ ਸੇਵਾ ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ ਨੇ ਨਿਭਾਈ। ਇਸ ਮੌਕੇ ਸ.ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਪ੍ਰਤਾਪ ਸਿੰਘ ਤੇ ਸ. ਗੁਰਿੰਦਰ ਸਿੰਘ ਮੈਨੇਜਰ, ਸ. ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸ. ਬਲਵਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ.ਮਲਕੀਤ ਸਿੰਘ ਬਹਿੜਵਾਲ ਸ/ਸੁਪ੍ਰਿੰਟੈਂਡੈਂਟ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨਾਂ ਦੇ ਮੈਨੇਜਰ ਮੌਜੂਦ ਸਨ।



