ਹੁਸ਼ਿਆਰਪੁਰ, 22 ਅਗਸਤ (ਸਤਵਿੰਦਰ ਸਿੰਘ, ਰਾਜ ਸਹੋਤਾ)- ਲੋਕ ਸਭਾ ’ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਨੇ ਇਕ ਵਾਰ ਫਿਰ ਤੋਂ ਸਪੱਸ਼ਟ ਕੀਤਾ ਹੈ ਕਿ ਪੰਜਾਬ ਹਮੇਸ਼ਾ ਉਨ੍ਹਾਂ ਦੀ ਪ੍ਰਾਥਮਿਕਤਾ ਰਹੇਗਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸਦਾ ਮਤਲਬ ਇਹ ਨਹੀਂ ਨਿਕਲਦਾ ਕਿ ਉਹ ਬਤੌਰ ਮੈਂਬਰ ਲੋਕ ਸਭਾ ਆਪਣੀ ਜ਼ਿੰਮੇਵਾਰੀਆਂ ਨੂੰ ਨਹੀਂ ਨਿਭਾਉਣਗੇ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਵੋਟ ਪਾਉਣ ਵੇਲੇ ਸਾਵਧਾਨੀ ਵਰਤਣ ਦੀ ਚੇਤਾਵਨੀ ਦਿੱਤੀ ਕਿ ਕਿਤੇ ਉਹ ਗਲਤ ਲੋਕਾਂ ਤੇ ਗਲਤ ਪਾਰਟੀ ਨੂੰ ਤਾਂ ਵੋਟ ਨਹੀਂ ਦੇਣ ਜਾ ਰਹੇ। ਕੈਪਟਨ ਅਮਰਿੰਦਰ ਨੇ ਪੰਜਾਬ ਸਰਕਾਰ ਵੱਲੋਂ ਦੀ ਟ੍ਰਿਬਿਊਨ ਖਿਲਾਫ ਮਾਨਹਾਣੀ ਦਾ ਕੇਸ ਦਰਜ ਕੀਤੇ ਜਾਣ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਤੋਂ ਸਿਰਫ ਸ਼ਾਸਕਾਂ ਦੀ ਤਾਨਾਸ਼ਾਹੀ ਤੇ ਸੱਤਾਵਾਦੀ ਸੋਚ ਦਾ ਪਤਾ ਚੱਲਦਾ ਹੈ ਕਿ ਜਿਹੜੇ ਪ੍ਰੈਸ ਦੀ ਅਜ਼ਾਦੀ ਨੂੰ ਦਬਾਉਣਾ ਚਾਹੁੰਦੇ ਹਨ।ਉਨ੍ਹਾਂ ਨੇ ਗ੍ਰਹਿ ਮੰਤਰੀ ਦਾ ਅਹੁਦਾ ਵੀ ਸੰਭਾਲਣ ਵਾਲੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਕਿ ਜੇ ਉਨ੍ਹਾਂ ’ਚ ਅਸਲਿਅਤ ’ਚ ਹਿੰਮਤ ਹੈ, ਤਾਂ ਉਹ ਖੁਦ ਅੱਗੇ ਆਉਣ, ਨਾ ਕਿ ਇਕ ਅਖਬਾਰ ਖਿਲਾਫ ਮਾਨਹਾਣੀ ਦਾ ਕੇਸ ਦਰਜ ਕਰਵਾਉਣ ਲਈ ਕਾਂਸਟੇਬਲਾਂ ਤੇ ਏ.ਐਸ.ਆਈ ਵਰਗੇ ਜੂਨੀਅਰ ਅਫਸਰਾਂ ਦਾ ਇਸਤੇਮਾਲ ਕਰਨ। ਇਸ ਮੌਕੇ ਸਥਾਨਕ ਵਿਧਾਇਕ ਤੇ ਹੁਸ਼ਿਆਰਪੁਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ਿਆਮ ਸੁੰਦਰ ਅਰੋੜਾ ਵੱਲੋਂ ਅਯੋਜਿਤ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਅਕਾਲੀ ਭਾਜਪਾ ਗਠਜੋੜ ਸਰਕਾਰ ਤੇ ਖਾਸ ਕਰਕੇ ਬਾਦਲਾਂ ’ਤੇ ਵਰ੍ਰੇ, ਜਿਨ੍ਹਾਂ ਨੇ ਸੂਬੇ ਦਾ ਭਲਾ ਕਰਨ ਦੀ ਬਜਾਏ ਸਿਰਫ ਆਪਣੇ ਲਈ ਦੋਲਤ ਇਕੱਠੀ ਕੀਤੀ ਹੈ।



