ਬਾਘਾਪੁਰਾਣਾ, 31 ਜੁਲਾਈ (ਪੀ. ਟੀ.)- ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਦੇ ਪਵਿੱਤਰ ਅਸਥਾਨਾਂ ’ਤੇ ਸਾਉਣ ਮਹੀਨੇ ਦੀ ਪੂਰਨਮਾਸ਼ੀ ਦਾ ਦਿਹਾੜਾ ਬੜੀ ਸ਼ਰਧਾ ਨਾਲ ਸਮੂਹ ਸੰਗਤਾਂ ਵੱਲੋਂ ਮੁੱਖ ਸੇਵਾਦਾਰ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਦੇ ਉਦਮ ਸਦਕਾ ਮਨਾਇਆ ਗਿਆ। ਸਵੇਰੇ ਅੰਮ੍ਰਿਤ ਵੇਲੇ ਹਜ਼ੂਰੀ ਰਾਗੀ ਭਾਈ ਸੁਖਵੰਤ ਸਿੰਘ ਦੇ ਜੱਥੇ ਵੱਲੋਂ ਪ੍ਰਸਿੱਧ ਕੀਰਤਨੀ ਜੱਥੇ ਭਾਈ ਇਕਬਾਲ ਸਿੰਘ ਅਤੇ ਗੁਰਬਚਨ ਸਿੰਘ ਰਸੀਲਾ ਅਤੇ ਭਾਈ ਜਸਪਾਲ ਸਿੰਘ ਲੱਲੇ ਵਾਲਿਆਂ ਵੱਲੋਂ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਣ ਦਾ ਉਪਰਾਲਾ ਕੀਤਾ। ਸਾਉਣਮਹੀਨੇ ਦੀ ਪੂਰਨਮਾਸ਼ੀ ’ਤੇ ਹਰ ਮਹੀਨੇ ਦੀ ਤਰ੍ਹਾਂ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਹੋਇਆ ਅਤੇ ਬਣੇ ਪਵਿੱਤਰ ਸਰੋਵਰ ਵਿੱਚ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰੱਬੀ ਬਾਣੀ ਦਾ ਕੀਰਤਣ ਸੁਣਿਆ। ਇਸ ਮੌਕੇ ਸਾਨੂੰ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜਿਸ ਨੇ ਸਾਨੂੰ ਇਹ ਮਨੁੱਖੀ ਜਾਮਾ ਬਖਸ਼ ਕੀਤਾ ਹੈ ਜਿਸ ਦੇ ਨਾਲ ਅਸੀਂ ਆਪਣਾ ਉਹ ਮਨੋਰਥ ਪੂਰਾ ਕਰ ਸਕਦੇ ਹਾਂ ਜਿਸ ਕਰਕੇ ਅਸੀਂ ਸੰਸਾਰ ’ਤੇ ਆਏ ਹਾਂ। ਸਾਨੂੰ ਹਮੇਸ਼ਾ ਉਸ ਦੇ ਨਾਮ ਦੀ ਅਰਾਧਨਾ ਕਰਨੀ ਚਾਹੀਦੀ ਹੈ ਅਤੇ ਗੁਰੂਆਂ ਦੇ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਪੰਜ ਪਿਆਰਿਆਂ ਨੇ ਅੰਮ੍ਰਿਤ ਦੀ ਦਾਤ ਤੋਂ ਵਾਂਝੇ ਪ੍ਰਾਣੀਆਂ ਨੂੰ ਖੰਡੇ ਬਾਣੇ ਦਾ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ ਅਤੇ ਸਾਰੇ ਪ੍ਰਾਣੀਆਂ ਨੂੰ ਬਸਤਰ ਤੇ ਕਕਾਰ ਵੀ ਗੁਰਦੁਆਰਾ ਸਾਹਿਬ ਵੱਲੋਂ ਦਿੱਤੇ ਗਏ ਅਤੇ 15 ਕਿਲੋਮੀਟਰ ਤੋਂ ਦੂਰ ਆਉਣ ਵਾਲੇ ਪ੍ਰਾਣੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਾਰੇ ਅੰਮ੍ਰਿਤ ਅਭਿਲਾਸ਼ੀਆਂ ਨੂੰ ਬਾਬਾ ਜੀ ਨੇ ਵਧਾਈਆਂ ਦਿੱਤੀਆਂ ਅਤੇ ਪੰਜ ਪਿਆਰਿਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਠੰਡੇ-ਮਿੱਠੇ ਜਲ ਦੀ ਛਬੀਲ ਕੋਠੇ ਪੱਤੀ ਮੁਹੱਬਤ ਦੀ ਸੰਗਤ ਵੱਲੋਂ ਲਗਾਈ ਗਈ ਅਤੇ ਸੁਖਮੰਦਰ ਸਿੰਘ ਗੰਡੂਆ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਜਗਜੀਤ ਸਿੰਘ ਦਮਦਮਾ ਸਾਹਿਬ ਨੇ ਵੀ ਸੰਗਤਾਂ ਨੂੰ ਗੁਰੂ ਨਾਲ ਜੋੜਣ ਦਾ ਉਪਰਾਲਾ ਕੀਤਾ। ਇਸ ਮੌਕੇ ਸਟੇਜ ਦੀ ਸੇਵਾ ਭਾਈ ਦਰਸ਼ਨ ਸਿੰਘ ਡਰੌਲੀ ਭਾਈ ਨੇ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਾਟ ਮਹਾਸਭਾ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬੀੜ ਚੜਿਕ, ਸਰਪੰਚ ਜਗਸੀਰ ਸਿੰਘ ਚੰਦ ਪੁਰਾਣਾ, ਸ਼ਮਿੰਦਰ ਸਿੰਘ ਦੇਹਰਾਦੂਨ, ਚਮਕੌਰ ਸਿੰਘ ਇਟਲੀ, ਪ੍ਰਧਾਨ ਮੁਕੰਦ ਸਿੰਘ ਮੋਰਾਂਵਾਲੀ, ਸੋਨੀ ਪੀਏ ਚੇਅਰਮੈਨ ਜਗਤਾਰ ਸਿੰਘ ਰਾਜੇਆਣਾ, ਗਿਆਨੀ ਜਸਵਿੰਦਰ ਸਿੰਘ, ਅਮਰਜੀਤ ਸਿੰਘ, ਬਿਲੂ ਸਿੰਘ, ਕੁਲਬੀਰ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ, ਪੰਚ ਨਛੱਤਰ ਸਿੰਘ, ਸਾਧੂ ਸਿੰਘ ਜਨੇਰ, ਸੁਖਦੇਵ ਸਿੰਘ ਪਟਵਾਰੀ, ਸਰਪੰਚ ਗੁਰਦਿਆਲ ਸਿੰਘ, ਜਸਵਿੰਦਰ ਸਿੰਘ ਕਲਰਕ, ਨੰਦ ਸਿੰਘ ਬਰਾੜ ਮੀਤ ਪ੍ਰਧਾਨ ਮਿਊਂਸੀਪਲ ਕਮੇਟੀ ਬਾਘਾਪੁਰਾਣਾ, ਸੁੱਖਾ ਸਿੰਘ ਮੋਗਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।



