ਚੰਡੀਗੜ੍ਹ 29 ਜੁਲਾਈ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਕਾਂਗਰਸ ਦੇ ਨੇਤਾਵਾਂ ਵਲੋਂ ਦੀਨਾਨਗਰ ਵਿਖੇ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਕੀਤੇ ਹਮਲੇ ’ਤੇ ਸਿਆਸੀ ਰੋਟੀਆਂ ਸੇਕਣ ਦੀ ਸਖਤ ਨਿੰਦਾ ਕਰਦਿਆਂ ਕਿਹਾ ਹੈ ਕਿ ਇਨਾਂ ਕਾਂਗਰਸੀ ਨੇਤਾਵਾਂ ਨੂੰ ਉਥੇ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਤੇ ਆਮ ਨਾਗਰਿਕਾਂ ਦੇ ਡੁੱਲੇ ਖੂਨ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਪੰਜਾਬ ਪੁਲਿਸ ਵਲੋਂ ਅੱਤਵਾਦੀਆਂ ਨੂੰ ਖਦੇੜਨ ਦੀ ਕਾਰਵਾਈ ਦੀ ਪ੍ਰਸੰਸ਼ਾ ਕਰਨ ਦੀ ਥਾਂ ਪੰਜਾਬ ਸਰਕਾਰ ਦੀ ਇਸ ਮਾਮਲੇ ’ਤੇ ਨਿੰਦਾ ਕਰਨੀ ਉਨ੍ਹਾਂ ਦੀ ਰਾਜਸੀ ਸੂਝ ਦਾ ਖੋਖਲਾਪਨ ਨਜ਼ਰ ਆਉਂਦਾ ਹੈ।
ਅੱਜ ਇਥੇ ਜਾਰੀ ਇਕ ਬਿਆਨ ਵਿਚ ਪ੍ਰੋ. ਚੰਦੁਮਾਜਰਾ ਨੇ ਕਿਹਾ ਕਿ ਬੀਤੇ ਦਿਨ ਲੋਕ ਸਭਾ ਵਿਚ ਚਰਚਾ ਦੌਰਾਨ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਦੀਨਾਨਗਰ ਵਿਖੇ ਕੀਤੇ ਹਮਲੇ ਦੀ ਸਮੂਹ ਸਿਆਸੀ ਪਾਰਟੀਆਂ ਨੇ ਨਿੰਦਾ ਕੀਤੀ ਅਤੇ ਪੰਜਾਬ ਪੁਲਿਸ ਵਲੋਂ ਇਸ ਹਮਲੇ ਨੂੰ ਦਲੇਰੀ ਨਾਲ ਪਛਾੜੇ ਜਾਣ ਦੀ ਸ਼ਲਾਘਾ ਕੀਤੀ ਜਦਕਿ ਕਾਂਗਰਸੀ ਮੈਂਬਰ ਇਸ ਸ਼ੋਕ ਪ੍ਰਸਤਾਵ ਮੌਕੇ ਵਿਘਨ ਪਾਉਂਦੇ ਰਹੇ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿਚ ਜਦੋਂ ਸਮੂਹ ਖੇਤਰੀ ਅਤੇ ਕੌਮੀ ਪੱਧਰ ਦੀਆਂ ਪਾਰਟੀਆਂ ਵਲੋਂ ਰਾਸ਼ਟਰ ’ਤੇ ਹੋਏ ਇਸ ਹਮਲੇ ਨੂੰ ਨਜਿੱਠਣ ਲਈ ਪੰਜਾਬ ਪੁਲਿਸ ਦੀ ਬੇਹਤਰੀਨ ਭੂਮਿਕਾ ਦੀ ਸ਼ਲਾਘਾ ਹੋ ਰਹੀ ਸੀ ਉਥੇ ਕਾਂਗਰਸੀ ਮੈਂਬਰਾਂ ਨੇ ਇਸ ਹਮਲੇ ’ਤੇ ਰਾਜਨੀਤੀ ਕਰਦਿਆਂ ਰਾਜਸੀ ਲਾਹਾ ਲੈਣ ਤੋਂ ਗੁਰੇਜ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੀ ਸੌੜੀ ਸੋਚ ਕਾਰਨ ਹੀ ਦੇਸ਼ ਵਿਚ ਅਲੱਗ-ਥਲੱਗ ਹੋ ਚੁੱਕੀ ਹੈ ਅਤੇ ਅਜਿਹੇ ਕਾਰਨਾਮਿਆਂ ਕਾਰਨ ਭਵਿੱਖ ਵਿਚ ਕਾਂਗਰਸ ਦਾ ਖਾਤਮਾ ਲਗਭਗ ਤੈਅ ਹੈ।



