ਜੰਮੂ, 7 ਅਗਸਤ (ਵਿਸ਼ਵ ਵਾਰਤਾ)-ਸੈਨਾ ਮੁਖੀ ਜਨਰਲ ਬਿਕਰਮ ਸਿੰਘ ਨੇ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਵਿਚ ਕੰਟਰੋਲ ਰੇਖਾ ਨੇੜੇ ਪੰਜ ਭਾਰਤੀ ਜਵਾਨਾਂ ਦੀ ਹੱਤਿਆ ਦੇ ਮੱਦੇਨਜ਼ਰ ਅੱਜ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ। ਵੱਖ-ਵੱਖ ਸੁਰੱਖਿਆ ਬਲਾਂ ਦੇ ਸੀਨੀਅਰ ਕਮਾਂਡਰਾਂ ਨਾਲ ਜਨਰਲ ਸਿੰਘ ਨਗਰੋਟਾ ਸਥਿਤ 16ਕੋਰ ਦੇ ਦਫ਼ਤਰ ਪਹੁੰਚੇ, ਜਿਥੇ ਜੀ.ਓ.ਸੀ-ਇਨ-ਸੀ ਲੈਫ਼ਟੀਨੈਂਟ ਜਨਰਲ ਸੰਜੀਵ ਚਾਚਰਾ ਜੀ.ਓ.ਸੀ 16 ਕੋਰ ਲੈਫ਼ਟੀਨੈਂਟ ਜਨਰਲ ਡੀ.ਐਸ ਹੁਡਾ ਦੀ ਅਗਵਾਈ ਵਿਚ ਸੀਨੀਅਰ ਸੈਨਿਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੁਰੱਖਿਆ ਹਾਲਤ ਤੋਂ ਜਾਣੂੰ ਕਰਵਾਇਆ। ਉਨ੍ਹਾਂ ਨੇ ਸੋਮਵਾਰ ਨੂੰ ਹੋਏ ਹਮਲੇ ਅਤੇ ਉਸ ਤੋਂ ਪਹਿਲਾਂ ਹੋਏ ਹਮਲਿਆਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਅਤੇ ਜੰਗਬੰਦੀ ਦੇ ਉਲੰਘਣ ਦੇ ਬਾਰੇ ਵਿਚ ਵੀ ਜਾਣਕਾਰੀ ਦਿੱਤੀ। ਨਵੀਂ ਦਿੱਲੀ ਤੋਂ ਸਵੇਰੇ ਇਥੇ ਪਹੁੰਚਣ ਤੋਂ ਬਾਅਦ ਜਨਰਲ ਸਿੰਘ ਨੇ ਜੰਮੂ ਵਿਚ ਟੈਕਨੀਕਲ ਹਵਾਈ ਅੱਡਾ ਪਹੁੰਚ ਕੇ ਤਿਰੰਗੇ ਵਿਚ ਲਿਪਟੇ ਤਾਬੂਤਾਂ ਵਿਚ ਰੱਖੇ ਸ਼ਹੀਦ ਜਵਾਨਾਂ ਦੀਆਂ ਲਾਸ਼ਾਂ ‘ਤੇ ਪੁਸ਼ਪ ਚੱਕਰ ਅਰਪਿਤ ਕੀਤੇ।