Skip to content
Independent perspectives. Global stories.
BREAKING

ਯੂ.ਪੀ.ਏ. ਦੀਆਂ ਕਮਜ਼ੋਰ ਨੀਤੀਆਂ ਕਾਰਨ ਦੇਸ਼ ਦੀ ਹੋ ਰਹੀ ਹੈ ਬਦਨਾਮੀ : ਸੁਖਬੀਰ

Share this story

ਰੂਪਨਗਰ, 7 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਉਪ ਮੁੱਖ  ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਯੂ.ਪੀ.ਏ. ਸਰਕਾਰ ਦੀਆਂ ਕਮਜ਼ੋਰ ਨੀਤੀਆਂ ਕਾਰਨ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਬਦਨਾਮੀ ਖੱਟਣੀ ਪੈ ਰਹੀ ਹੈ ਅਤੇ ਸਥਿਤੀ ਇੱਥੋਂ ਤੱਕ ਨਿਘਰ ਗਈ ਹੈ ਕਿ ਹੁਣ ਨੇਪਾਲ ਤੇ ਬੰਗਲਾਦੇਸ਼ ਵਰਗੇ ਦੇਸ਼ ਵੀ ਭਾਰਤ ਨੂੰ ਅੱਖਾਂ ਵਿਖਾਉਣ ਲੱਗ ਪਏ ਹਨ। ਅੱਜ ਇੱਥੇ 592 ਸਰਪੰਚਾਂ ਤੇ 3297 ਪੰਚਾਂ ਨੂੰ ਸਹੁੰ ਚਕਾਉਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਦੇਸ਼ ਦੀ ਸਥਿਤੀ ‘ਤੇ ਕੋਈ ਕੰਟਰੋਲ ਨਹੀਂ ਹੈ ਅਤੇ ਸਰਕਾਰ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨ ਵਿਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਦੂਜੇ ਦਿਨ ਚੀਨ ਸਾਡਾ ਬਾਰਡਰ ਲੰਘ ਆਉਂਦਾ ਹੈ ਤੇ ਹੁਣ ਪਾਕਿਸਤਾਨ ਵਲੋਂ ਸਾਡੇ 5 ਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ 26-11 ਵਰਗੇ ਦਰਦਨਾਕ ਹਮਲੇ ਪਿੱਛੋਂ ਵੀ ਕੇਂਦਰ ਸਰਕਾਰ ਪਾਕਿਸਤਾਨ ਨੂੰ ਸਖਤ ਸੁਨੇਹਾ ਦੇਣ ਵਿਚ ਨਾਕਾਮ ਰਹੀ ਸੀ। ਰੋਮ ਦੇ ਹਵਾਈ ਅੱਡੇ ‘ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਦੀ ਪੱਗ ਉਤਾਰਨ ਨੂੰ ਮੰੰਦਭਾਗਾ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਅਨੇਕਾਂ ਵਾਰ ਇਟਲੀ ਦੇ ਹਵਾਈ ਅੱਡਿਅÎਾਂ ‘ਤੇ ਸਿੱਖਾਂ ਦੀਆਂ ਪੱਗਾਂ ਲਾਹੁਣ  ਦੀਆਂ ਅਨੇਕਾਂ ਘਟਨਾਵਾਂ ਹੋ ਚੁੱਕੀਆਂ ਹਨ ਤੇ ਸ੍ਰੀਮਤੀ ਸੋਨੀਆ ਗਾਂਧੀ ਦੇ ਇਟਲੀ ਨਾਲ ਸਬੰਧਾਂ ਕਰਕੇ ਕੇਂਦਰ ਸਰਕਾਰ ਇਟਲੀ ਵਿਰੁੱਧ ਕੋਈ ਸਖਤ ਕਦਮ ਚੁੱਕਣ ਵਿਚ ਨਾਕਾਮ ਹੈ। ਭੋਜਨ ਸੁੱਰਖਿਆ ਬਿੱਲ ਨੂੰ ਆਟਾ ਦਾਲ ਸਕੀਮ ਦੀ ਕਾਪੀ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਸਕੀਮ ਤਹਿਤ ਦਾਲ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਕਿਉਂ ਜੋ ਇਕੱਲੇ ਚੌਲਾਂ ਤੇ ਕਣਕ ਨਾਲ ਗੁਜ਼ਾਰਾ ਨਹੀਂ ਹੋ ਸਕਦਾ। ਇਸ ਤੋਂ  ਪਹਿਲਾਂ ਨਵੇਂ ਚੁਣੇ ਸਰਪੰਚਾਂ ਤੇ ਪੰਚਾਂ ਨੂੰ ਸਹੁੰ ਚੁਕਾਉਣ ਮੌਕੇ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਵਿਕਾਸ ਕੰਮਾਂ ਕਰਕੇ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਦੁਬਾਰਾ ਬਣੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ  ਲੋਕਾਂ ਦੀ ਨਬਜ਼ ਪਛਾਨਣ ਵਿਚ ਨਾਕਾਮ ਰਹੀ ਹੈ ਜਦਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਜੋ ਕਿ ਸਰਪੰਚੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਪਹੁੰਚੇ ਹਨ, ਨੂੰ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਪੂਰੀ ਜਾਣਕਾਰੀ ਹੈ। ਸੂਬੇ ਵਿਚ ਵਿੱਤੀ ਸੰਕਟ ਬਾਰੇ ਕਾਂਗਰਸ ਦੇ ਪ੍ਰਚਾਰ  ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਅਗਲੇ 3 ਸਾਲ ਦੌਰਾਨ 40 ਹਜ਼ਾਰ ਕਰੋੜ ਨਾਲ ਸਾਰੇ ਸ਼ਹਿਰਾਂ ਨੂੰ 4-6 ਮਾਰਗੀ ਸੜਕਾਂ ਨਾਲ ਜੋੜ ਦਿੱਤਾ ਜਾਵੇਗਾ। ਰੂਪਨਗਰ ਜਿਲ੍ਹੇ ਲਈ ਵੱਡੇ ਪ੍ਰਾਜੈਕਟਾਂ ਦਾ ਐਲਾਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਰੋਪੜ ਬਾਈਪਾਸ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ ਜਦਕਿ ਰੋਪੜ-ਫਗਵਾੜਾ ਸੜਕ  ਨੂੰ 1400 ਕਰੋੜ ਦੀ ਲਾਗਤ ਨਾਲ 4 ਮਾਰਗੀ ਕੀਤਾ ਜਾ ਰਿਹਾ ਹੈ। ਸ. ਬਾਦਲ ਵਲੋਂ ਵੱਖ-ਵੱਖ ਹਲਕਿਆਂ ਦੇ ਵਿਕਾਸ ਲਈ 8 ਕਰੋੜ ਰੁਪੈ ਡਾ ਦਲਜੀਤ ਸਿੰਘ ਚੀਮਾ, 5.5 ਕਰੋੜ ਰੁਪੈ ਮਦਨ ਮੋਹਨ ਮਿੱਤਲ ਤੇ 1.5  ਕਰੋੜ ਰੁਪੈ ਦੇ ਚੈਕ ਸਤਵੰਤ ਕੌਰ ਸੰਧੂ ਨੂੰ ਦਿੱਤੇ । ਇਸ ਤੋਂ ਇਲਾਵਾ ਸਿਹਤ ਮੰਤਰੀ ਸ੍ਰੀ ਮਿੱਤਲ ਵਲੋਂ ਨੰਗਲ ਹਸਪਤਾਲ ਲਈ 5 ਕਰੋੜ ਰੁਪੈ ਦੇਣ ਦਾ ਐਲਾਨ ਵੀ ਕੀਤਾ ਗਿਆ।
ਇਸ ਮੌਕੇ ਸਿਹਤ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਤੇ ਡਾ. ਦਲਜੀਤ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ ਤੇ ਪੰਜਾਬ ਸਰਕਾਰ ਵਲੋਂ ਰੂਪਨਗਰ ਜਿਲ੍ਹੇ ਦੇ ਵਿਕਾਸ ਲਈ ਕੀਤੇ ਯਤਨਾਂ ਬਦਲੇ ਸ. ਬਾਦਲ ਦਾ ਧੰਨਵਾਦ ਕੀਤਾ।  ਇਸ ਮੌਕੇ ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ ਤੇ ਅਕਾਲੀ ਦਲ ਤੇ ਭਾਜਪਾ ਦੇ ਹੋਰ ਆਗੂ ਵੀ ਸ਼ਾਮਿਲ ਸਨ।

WRITTEN BY