ਖੰਨਾ, 18 ਜੁਲਾਈ (ਕੇ ਐਲ ਸਹਿਗਲ)- ਦੀ ਖੰਨਾ ਪ੍ਰਾਇਮਰੀ ਸ਼ਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਖੰਨਾ ਦੀਆਂ 27 ਜੁਲਾਈ ਨੂੰ 11 ਸਾਲ ਬਾਅਦ ਹੋਣ ਜਾ ਰਹੀਆਂ ਚੋਣਾਂ ਲਈ 12 ਉਮੀਦਵਾਰ ਚੋਣ ਮੈਦਾਨ ਵਿਚ ਉੱਤਰੇ ਹਨ। ਜਦਕਿ ਰੋਹਣੋਂ ਕਲ੍ਹਾਂ ਜੋਨ ਤੋਂ ਕਾਂਗਰਸੀ ਉਮੀਦਵਾਰ ਹਰੀ ਸਿੰਘ ਰੋਹਣੋ ਬਿਨ੍ਹਾਂ ਮੁਕਾਬਲਾ ਜੇਤੂ ਬਣੇ ਹਨ ਕਿਉਂਕਿ ਇੱਥੋਂ ਅਕਾਲੀ ਦਲ ਨੇ ਆਪਣਾ ਕੋਈ ਉਮਦੀਵਾਰ ਹੀ ਖੜਾਂ ਨਹੀਂ ਕੀਤਾ। ਇਸ ਦੇ ਨਾਲ ਹੀ ਮਾਣਕਮਾਜਰਾ ਜੋਨ ਤੋਂ ਅਕਾਲੀ ਦਲ ਦੇ ਦੋਵੇਂ ਧੜਿਆਂ ਵਿਚ ਮੁਕਾਬਲਾ ਹੈ ਕਿਉਂਕਿ ਇੱਥੋਂ ਕਾਂਗਰਸ ਦਾ ਕੋਈ ਉਮੀਦਵਾਰ ਨਹੀਂ ਹੈ। ਇੰਨ੍ਹਾਂ ਚੋਣਾਂ ਜਿੱਥੇ 2 ਜੋਨਾਂ ’ਤੇ ਤਿਕੋਣੀ ਟੱਕਰ ਹੋਵੇਗੀ ਉੱਥੇ ਹੀ ਇੱਕ ਸੀਟ ’ਤੇ ਅਕਾਲੀ ਦਲ ਹਲਕਾ ਇੰਚਾਰਜ ਰਣਜੀਤ ਸਿੰਘ ਤਲਵੰਡੀ ਅਤੇ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਯਾਦਵਿੰਦਰ
ਸਿੰਘ ਯਾਦੂ ਦੇ ਆਪਸੀ ਲੜਾਈ ਨੇ ਚੋਣਾਂ ਨੂੰ ਦਿਲਚਪਸ ਬਣਾ ਦਿੱਤਾ ਹੈ। ਪਹਿਲੀ ਵਾਰ ਅਕਾਲੀ ਦਲ ਦੇ ਦੋਵੇਂ ਧੜੇ ਸਿੱਧੇ ਤੋਰ ’ਤੇ ਇੱਕ ਦੂਜੇ ਦੇ ਖਿਲਾਫ਼ ਚੋਣ ਮੈਦਾਨ ਵਿਚ ਉਤਰੇ ਹਨ। ਇੰਨ੍ਹਾਂ ਚੋਣਾਂ ਵਿਚ ਦੋਵਾਂ ਧੜਿਆਂ ਦੀ ਪਰਖ ਵੀ ਹੋਵੇਗੀ ਕਿ ਕਿਹੜਾ ਕਿੰਨੇ ਪਾਣੀ ਵਿਚ ਹੈ?
ਬੈਂਕ ਵਿਚ ਸ਼ੁੱਕਰਵਾਰ ਨੂੰ ਇਕੋਲਾਹੀ ਜੋਨ ਤੋਂ ਮੋਹਨ ਸਿੰਘ ਭੁਮੱਦੀ ਅਤੇ ਰਾਜਿੰਦਰ ਸਿੰਘ, ਨਸਰਾਲੀ ਤੋਂ ਜੋਨ ਤੋਂ ਦਰਸ਼ਨ ਸਿੰਘ ਕੰਮਾਂ ਅਤੇ ਨਰਿੰਦਰਜੀਤ ਸਿੰਘ ਈਸੜੂ, ਲਲਹੇੜੀ ਜੋਨ ਤੋਂ ਮੋਹਨ ਸਿੰਘ ਢਿੱਲੋਂ ਹਰਿਓ ਅਤੇ ਰਣਜੀਤ ਸਿੰਘ ਗੋਹ, ਬੀਜਾ ਜੋਨ ਤੋਂ ਗਗਨਦੀਪ ਸਿੰਘ ਭੁੱਲਰ, ਰਣਜੀਤ ਸਿੰਘ ਅਤੇ ਹਰਜੀਤ ਸਿੰਘ ਕੋਟ ਪਨੈਚ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ। ਜਦਕਿ ਅਕਾਲੀ ਦੇ ਦੋਵੇਂ ਦੇ ਧੜਿਆਂ ਦੇ ਮਾਣਕਮਾਜਰਾ ਜੋਨ ਤੋਂ ਗੁਰਮੁੱਖ ਸਿੰਘ ਬੂਲੇਪੁਰ ਅਤੇ ਹਰਿੰਦਰ ਸਿੰਘ ਨੇ ਕਾਗਜ ਦਾਖਲ ਕੀਤੇ ਹਨ। ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਅਕਾਲੀ ਦਲ ਦੇ ਉਮਦੀਵਾਰ ਬੈਂਕ ਚੋਣਾਂ ਵਿਚ ਸ਼ਾਨ ਨਾਲ ਜਿੱਤਣਗੇ। ਇਸ ਮੌਕੇ ਸਵਰਨ ਸਿੰਘ ਸੰਧੂ ਬਲਾਕ ਪ੍ਰਧਾਨ, ਅਮਨਦੀਪ ਸਿੰਘ ਲੇਲ੍ਹ ਘੁੰਗਰਾਲੀ, ਜਗਦੀਪ ਸਿੰਘ ਦੀਪੀ ਨਵਾਂ ਪਿੰਡ, ਕਮਲਜੀਤ ਸਿੰਘ ਬਾਵਾ ਫੈਜਗੜ੍ਹ, ਰਿੰਕੀ ਅਜਨੌਦ, ਕਾਲਾ ਮਾਣਕਮਾਜਰਾ ਆਦਿ ਹਾਜਰ ਸਨ।
ਚੋਣ ਅਫ਼ਸਰ ਬੈਂਕ ਮੈਨੇਂਜਰ ਸੁਖਦੀਪ ਸਿੰਘ ਖੰਨਾ ਨੇ ਦੱਸਿਆ ਕਿ ਇਹ ਚੋਣਾਂ ਹੁਣ 27 ਜੁਲਾਈ ਨੂੰ ਹੋਣਗੀਆਂ । ਅੱਜ ਕੁੱਲ 13 ਨਾਮਜ਼ਦਗੀਆਂ ਹੋਈਆਂ ਹਨ। ਕਾਗਜ਼ਾਂ ਦੀ ਵਾਪਸੀ ਦੀ ਤਰੀਕ 20 ਜੁਲਾਈ ਰੱਖੀ ਗਈ ਹੈ ਅਤੇ 27 ਜੁਲਾਈ ਨੂੰ ਵੋਟਾਂ ਪੈਣਗੀਆਂ। ਉਸਦੇ ਦਿਨ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਐਲਾਨੇ ਜਾਣਗੇ। ਸੁਖਦੀਪ ਸਿੰਘ ਨੇ ਦੱਸਿਆ ਕਿ ਵੋਟਾਂ ਪਾਉਣ ਲਈ 6 ਜੋਨ ਬਣਾਏ ਗਏ ਹਨ। ਪਹਿਲਾ ਮਾਣਕਮਾਜਰਾ ਜੋਨ ਵਿਚ 13 ਪਿੰਡ, ਲਲਹੇੜੀ ਜੋੜ ਵਿਚ 11 ਪਿੰਡ, ਇਕੋਲਾਹੀ ਜੋਨ ਵਿਚ 11 ਪਿੰਡ, ਬੀਜਾ ਜੋਨ ਵਿਚ 14 ਪਿੰਡ, ਨਸਰਾਲੀ ਜੋਨ ਵਿਚ 13 ਪਿੰਡ ਅਤੇ ਰੋਹਣੋਂ ਕਲ੍ਹਾਂ ਜੋਨ ਵਿਚ 9 ਪਿੰਡ ਸ਼ਾਮਲ ਕੀਤੇ ਗਏ ਹਨ। ਕੁਲ 71 ਪਿੰਡਾਂ ਵਿਚ ਵੋਟਰਾਂ ਦੀ ਗਿਣਤੀ 7496 ਹੈ।



