ਰੋਪੜ, 10 ਜੁਲਾਈ (ਧਰਮ ਸਿੰਘ, ਕਮਲਜੀਤ ਸਿੰਘ, ਹਰਜਿੰਦਰ ਸਿੰਘ)- ਪਿੰਡ ਚਕਲਾਂ ਦੇ ਕੋਲ ਡੱਬਵਾਲੀ ਟਰਾਂਸਪੋਰਟ ਬੱਸ ਕੰਪਨੀ ਦੀ ਬੱਸ ਦੀ ਲਪੇਟ ਵਿੱਚ ਆਉਣ ਵਾਲੇ ਮ੍ਰਿਤਕ ਸਵਰਨ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਬਹਿਰਾਮਪੁਰ ਜਿਮੀਂਦਾਰਾ ਸਹਿਤ ਦਰਜਨਾਂ ਪਿੰਡਾਂ ਦੇ ਲੋਕ ਦੂਜੇ ਦਿਨ ਵੀ ਧਰਨੇ ’ਤੇ ਡਟੇ ਰਹੇ। ਸ਼ਾਮ ਨੂੰ ਪ੍ਰਸ਼ਾਸਨ ਨਾਲ ਗੱਲਬਾਤ ਦੌਰਾਨ ਦੋਹਾਂ ਧਿਰਾਂ ਦਰਮਿਆਨ ਸਮਝੌਤਾ ਹੋ ਗਿਆ। ਭਾਵੇਂ ਇਸ ਸਬੰਧੀ ੌਕੋਈ ਸਰਕਾਰੀ ਤੌਰ ’ਤੇ ਲਿਖਤੀ ਜਾਣਕਾਰੀ ਨਹੀਂ ਦਿੱਤੀ ਗਈ ਪ੍ਰੰਤੂ ਸੂਤਰਾਂ ਮੁਤਾਬਿਕ ਪੰਜਾਬ ਸਰਕਾਰ ਮ੍ਰਿਤਕ ਦੇ ਪਰਿਵਾਰ ਨੂੰ 22.50 ਲੱਖ ਰੁਪਏ ਮੁਆਵਜ਼ਾ ਦੇਣ ਲਈ ਸਹਿਮਤ ਹੋ ਗਈ ਹੈ। ਇਸ ਦੇ ਨਾਲ ਹੀ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਹਾਦਸੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਕਮੇਟੀ ਕਾਇਮ ਕੀਤੀ ਗਈ ਹੈ।
ਇੱਕ ਹੋਰ ਸੂਚਨਾ ਮੁਤਾਬਿਕ ਪੁਲਿਸ ਨੇ ਆਰਬਿਟ ਬੱਸ ਦੇ ਡਰਾਇਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਧਰਨਾ ਖੁੱਲ੍ਹਣ ਨਾਲ ਰੋਪੜ-ਚੰਡੀਗੜ੍ਹ ਮਾਰਗ ਉੱਪਰ ਸ਼ਾਮ ਨੂੰ ਆਵਾਜਾਈ ਆਮ ਵਾਂਗ ਹੋ ਗਈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰੀ ਮੀਂਹ ਦੇ ਬਾਵਜੂਦ ਲੋਕਾਂ ਨੇ ਵੱਡੀ ਗਿਣਤੀ ’ਚ ਧਰਨੇ ਵਿੱਚ ਪਹੁੰਚ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਅਤੇ ਦੁਖ ਦੀ ਘੜੀ ਵਿੱਚ ਪਰਿਵਾਰ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦੀ ਗੱਲ ਕਹੀ।
ਸੋਲਖਿਆਂ ਟੋਲ ਪਲਾਜ਼ਾ ਦੇ ਕੋਲ ਮ੍ਰਿਤਕ ਸਵਰਨ ਸਿੰਘ ਦੀ ਲਾਸ਼ ਨੂੰ ਫਰੀਜ਼ਰ ਵਿੱਚ ਰੱਖਿਆ ਹੋਇਆ ਸੀ ਅਤੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਨੇ ਬਾਦਲ ਪਰਿਵਾਰ ਦੀ ਡੱਬਵਾਲੀ ਟਰਾਂਸਪੋਰਟ ਕੰਪਨੀ ਦੇ ਮਾਲਿਕ ਅਤੇ ਬੱਸ ਡਰਾਇਵਰ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਕਾਰਵਾਈ ਦੀ ਮੰਗ ਕੀਤੀ।
ਪੀੜਤ ਪਰਿਵਾਰ ਦੇ ਨਾਲ ਹਮਦਰਦੀ ਜਤਾਉਣ ਲਈ ਕਾਂਗਰਸ, ਆਮ ਆਦਮੀ ਪਾਰਟੀ, ਸੀਪੀਆਈਐਮ, ਬਸਪਾ ਸਹਿਤ ਹੋਰ ਸੰਗਠਨਾਂ ਦੇ ਆਗੂ ਪੁੱਜੇ ਅਤੇ ਧਰਨੇ ਨੂੰ ਸੰਬੋਧਿਤ ਕਰਦੇ ਹੋਏ ਬਾਦਲ ਪਰਿਵਾਰ ਦੀ ਧੱਕੇਸ਼ਾਹੀ ਦਾ ਜ਼ੋਰਦਾਰ ਵਿਰੋਧ ਕੀਤਾ।
ਕਾਂਗਰਸ ਪ੍ਰਧਾਨ ਬਾਜਵਾ ਧਰਨੇ ਵਾਲੀ ਥਾਂ ਪਹੁੰਚੇ- ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਸੋਲਖਿਆਂ ਟੋਲ ਪਲਾਜ਼ਾ ’ਤੇ ਧਰਨੇ ਵਾਲੀ ਥਾਂ ਪੁੱਜੇ ਅਤੇ ਹਾਦਸੇ ’ਚ ਮਾਰੇ ਗਏ ਸਵਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਹਰ ਹਾਲਤ ’ਚ ਇਨਸਾਫ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਾਦਲ ਪਰਿਵਾਰ ਦੀਆਂ ਵਧੀਕੀਆਂ ਨੂੰ ਰੋਕਿਆ ਜਾਵੇਗਾ ਅਤੇ ਬਾਦਲ ਰਾਜ ਤੋਂ ਛੁਟਕਾਰਾ ਦਿਵਾਇਆ ਜਾਵੇਗਾ।
ਬਾਦਲ ਪਰਿਵਾਰ ਤੋਂ ਲੋਕ ਦੁਖੀ : ਵਿਧਾਇਕ ਕੰਗ, ਸਿੱਧੂ- ਖਰੜ ਦੇ ਵਿਧਾਇਕ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਮੈਨੂੰ 40 ਸਾਲ ਰਾਜਨੀਤਕ ਜੀਵਨ ਵਿੱਚ ਹੋਏ ਹਨ ਅਤੇ ਮੈਂ ਆਪਣੇ ਰਾਜਨੀਤਕ ਜੀਵਨ ਵਿੱਚ ਅਜਿਹਾ ਗੁੰਡਾ ਮਾਹੌਲ ਨਹੀਂ ਵੇਖਿਆ ਜੋ ਕਿ ਹੁਣ ਬਾਦਲ ਸਰਕਾਰ ਦੇ ਸਮੇਂ ਵੇਖਿਆ ਹੈ।
ਬਾਦਲਾਂ ਦੀ ਗੁੰਡਾ ਸਰਕਾਰ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਇਨ੍ਹਾਂ ਦੀਆਂ ਆਰਬਿਟ ਬੱਸਾਂ ਲੋਕਾਂ ਨੂੰ ਸੜਕਾਂ ਉੱਤੇ ਕੁਚਲ ਰਹੀਆਂ ਹਨ।
ਬਾਦਲ ਦੀਆਂ ਬੱਸਾਂ ਨੂੰ ਕੋਈ ਰੋਕਣ ਵਾਲਾ ਨਹੀਂ ਹੈ ਅਤੇ ਪੁਲਿਸ ਪ੍ਰਸ਼ਾਸਨ ਨੇ ਵੀ ਖਾਮੋਸ਼ੀ ਧਾਰਨ ਕਰ ਰੱਖੀ ਹੈ ।ਮੋਹਾਲੀ ਦੇ ਵਿਧਾਇਕ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਰਾਜ ਨਹੀਂ ਸੇਵਾ ਦੇ ਨਾਅਰੇ ਦੀ ਬਜਾਏ ਲੋਕਾਂ ਨੂੰ ਡੰਡੇ ਨਾਲ ਦਬਾਇਆ ਜਾ ਰਿਹਾ ਹੈ ਅਤੇ ਲਾਠੀਚਾਰਜ ਕਰਕੇ ਲੋਕਾਂ, ਮੁਲਾਜ਼ਮਾਂ ਅਤੇ ਕਿਸਾਨਾਂ ਦੀ ਸੇਵਾ ਕੀਤੀ ਜਾ ਰਹੀ ਹੈ। ਰਾਜ ਦੇ ਲੋਕ ਸਰਕਾਰ ਵਲੋਂ ਬੁਰੀ ਤਰ੍ਹਾਂ ਦੁਖੀ ਹਾਂ।
ਧਰਨੇ ਨੂੰ ਬਸਪਾ ਦੇ ਪੰਜਾਬ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਰਾਜਾ, ਮੱਖਣ ਸਿੰਘ ਸੁਰਤਾਪੁਰ, ਸੀਪੀਆਈ (ਐਮ) ਦੇ ਨੇਤਾ ਕਾਮਰੇਡ ਮਹਾਂ ਸਿੰਘ ਰੋੜੀ, ਐਡਵੋਕੇਟ ਦਿਨੇਸ਼ ਚੱਡਾ, ਹਰਵਿੰਦਰ ਕੌਰ ਸਹਿਤ ਹੋਰ ਨੇਤਾਵਾਂ ਨੇ ਵੀ ਸੰਬੋਧਨ ਕੀਤਾ ਅਤੇ ਮ੍ਰਿਤਕ ਸਵਰਨ ਸਿੰਘ ਦੇ ਮਾਮਲੇ ਵਿੱਚ ਡੱਬਵਾਲੀ ਟ੍ਰਾਂਸਪੋਰਟ ਕੰਪਨੀ ਦੇ ਮਾਲਿਕ ਅਤੇ ਬੱਸ ਡਰਾਇਵਰ ਦੇ ਖਿਲਾਫ ਧਾਰਾ 304 ਦੇ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ।



