Skip to content
Independent perspectives. Global stories.
BREAKING

ਸਿਵਲ ਹਸਪਤਾਲ ਤਪਾ ਦੇ ਮੁਖ ਗੇਟ ਦੇ ਰਸਤੇ ਦੀ ਮੁਰੰਮਤ ਸ਼ੁਰੂ

Share this story

ਤਪਾ ਮੰਡੀ, 10 ਜੁਲਾਈ (ਖੁਸ਼ਦੀਪ ਗਰਗ, ਰੋਬਿਨ ਗੋਇਲ)- ਪਿਛਲੇ ਦਿਨੀ ਪੰਜਾਬ ਟ੍ਯਾਇਮਜ਼ ਵਿੱਚ ਸਿਵਿਲ ਹਸਪਤਾਲ ਤਪਾ (ਜੋ ਕਿ ਪਿਛਲੇ ਕਈ ਮਹਿਨੀਆਂ ਤੋ ਆਪਣੀ ਮਾੜੀ ਹਾਲਤ ਸੰਬੰਧੀ ਸੁਰਖੀਆਂ ਵਿੱਚ ਸੀ) ਦੇ ਮੁੱਖ ਗੇਟ ਦੀ ਮਾੜੀ ਹਾਲਤ ਸੰਬੰਧੀ ਪ੍ਰਕਾਸ਼ਿਤ ਹੋਈ ਖਬਰ ਦਾ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ ਜਦੋ ਅੱਜ ਸੰਬੰਧਤ ਮਹਿਕਮੇ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਹਸਪਤਾਲ ਨੂੰ ਜਾਣ ਵਾਲੇ ਮੁੱਖ ਰਸਤੇ ਦੀ ਸਾਰ ਲੈਣਾ ਆਪਣਾ ਫਰਜ਼ ਸਮਝਿਆ। ਮੀਂਹ ਪੈਣ ਕਾਰਨ ਹਸਪਤਾਲ ਦੇ ਮੁੱਖ ਗੇਟ ਅੱਗੇ ਪਾਣੀ ਦੇ ਖੜ੍ਹੇ ਹੋਣ ਨਾਲ ਛੱਪੜ ਦਾ ਰੂਪ ਧਾਰਨ ਕਰ ਚੁੱਕੇ ਰਸਤੇ ਉਪਰ ਅੱਜ ਨਗਰ ਕੌਂਸਲ ਵੱਲੋਂ ਖੋਰੇ ਦੀਆਂ ਅੱਧੀ ਦਰਜਨ ਦੇ ਕਰੀਬ ਟਰਾਲੀਆਂ ਸੁੱਟਵਾਕੇ ਹਸਪਤਾਲ ਨੂੰ ਜਾਂਦੇ ਰਾਹ ਨੂੰ ਸਾਫ-ਸੁਥਰਾ ਬਣਾਉਣ ਲਈ ਕੰਮ ਸ਼ੁਰੂ ਕੀਤਾ ਗਿਆ। ਬੇਸ਼ਕ ਹਸਪਤਾਲ ਦਾ ਸਮੂਹ ਸਟਾਫ ਅਤੇ ਨਗਰ ਕੌਂਸਲ ਕਿਸੇ ਹਾਦਸੇ ਦੀ ੳਡੀਕ ਵਿੱਚ ਲੱਗਦਾ ਨਜ਼ਰ ਆ ਰਿਹਾ ਸੀ ਪਰ ਸ਼ਹਿਰ

ਦੀਆਂ ਸਮਾਜਸੇਵੀ ਸੰਸਥਾਵਾਂ ਅਤੇ ਮਰੀਜ਼ਾਂ ਵੱਲੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਨੂੰ ਦੇਖਦਿਆਂ ਨਗਰ ਕੌਂਸਲ ਨੂੰ ਹਰਕਤ ’ਚ ਆਉਣ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਵਾਰਡ ਨੰਬਰ 3 ਤੋਂ ਕੌਂਸਲਰ ਲਤਾ ਸ਼ਰਮਾ ਦੇ ਪਤੀ ਧਰਮਪਾਲ ਸ਼ਰਮਾ (ਸਮਾਜਸੇਵੀ), ਗਿਆਨ ਚੰਦ ਮਿੱਤਲ, ਰਾਕੇਸ਼ ਕੁਮਾਰ, ਆਰ ਡੀ ਸਿੰਘ ਨੇ ਦੱਸਿਆ ਕਿ ਮੀਂਹ ਪੈਣ ਕਾਰਨ ਹਸਪਤਾਲ ਨੂੰ ਜਾਣ ਵਾਲੇ ਰਸਤੇ ਨੇ ਛੱਪੜ ਦਾ ਰੂਪ ਧਾਰਨ ਕੀਤਾ ਹੋਇਆ ਸੀ ਜਿਸ ਕਾਰਨ ਹਸਪਤਾਲ ਆਉਣ ਜਾਣ ਵਾਲੇ ਮਰੀਜਾਂ, ਡਾਕਟਰਾਂ ਸਮੇਤ ਸਮੂਹ ਸਟਾਫ ਅਤੇ ਨਜ਼ਦੀਕ ਪੈਂਦੇ ਸਕੂਲ ਵਿੱਚ ਜਾਣ ਵਾਲੇ ਵਿਦਿਆਰਥੀਆਂ ਨੂੰ ਕਈ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਕਈ ਵਾਰ ਤਾਂ ਮਰੀਜ਼ਾਂ ਦੇ ਵਾਹਨ ਡੂੰਘੇ ਟੋਇਆਂ ਵਿੱਚ ਫਸਣ ਕਾਰਨ ਪ੍ਰੇਸ਼ਾਨ ਹੋਣਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਅਧੀਨ ਆਉਂਦੀ ਇਸ ਸੜਕ ਦੀ ਮਾੜੀ ਹਾਲਤ ਨੂੰ ਦਰੁਸਤ ਕਰਨ ਲਈ ਅਤੇ ਸ਼ਹਿਰ ਦੀ ਸੁੰਦਰਤਾ ਅਤੇ ਰੂਪ ਰੇਖਾ ਬਦਲਣ ਲਈ ਨਗਰ ਕੌਂਸਲ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਸ ਮੌਕੇ ਹਸਪਤਾਲ ਆਉਣ ਜਾਣ ਵਾਲੇ ਮਰੀਜ਼ਾਂ ਨੇ ਨਗਰ ਕੌਂਸਲ ਅਤੇ ਪੰਜਾਬ ਟਾਇਮਜ਼ ਅਦਾਰੇ ਦਾ ਕੋਟਿ-ਕੋਟਿ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਟਾਇਮਜ਼ ਵੱਲੋਂ ਇਸ ਸੜਕ ਦੀ ਮਾੜੀ ਹਾਲਤ ਸੰਬੰਧੀ ਖਬਰਾਂ ਪ੍ਰਕਾਸ਼ਿਤ ਕਰਕੇ ਸੁੱਤੇ ਹੋਏ ਮਹਿਕਮੇ ਨੂੰ ਜਗਾਉਣ ਲਈ ਜੋ ਕਦਮ ਉਲੀਕਿਆ ਹੈ ਉਸਦਾ ਅਸੀਂ ਧੰਨਵਾਦੀ ਹਾਂ ਅਤੇ ਪੰਜਾਬ ਟਾਇਮਜ਼ ਅਦਾਰੇ ਦੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਨ ਦੀ ਕਾਮਨਾ ਕਰਦੇ ਹਾਂ ਜਿਨ੍ਹਾਂ ਇਸ ਸੜਕ ਦੀ ਮਾੜੀ ਹਾਲਤ ਨੂੰ ਦਰੁਸਤ ਕਰਨ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ।

WRITTEN BY