ਸ੍ਰੀ ਅਨੰਦਪੁਰ ਸਾਹਿਬ, 11 ਜੂਨ (ਅਰਵਿੰਦਰ ਭਾਰਦਵਾਜ, ਦਵਿੰਦਰਪਾਲ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ‘ਸ੍ਰੀ ਅਨੰਦਪੁਰ ਸਾਹਿਬ ਵਿਰਾਸਤ ਅਤੇ ਸੰਦੇਸ਼’ ਵਿਸ਼ੇ ਤੇ ਵਿਰਾਸਤ-ਏ-ਖ਼ਾਲਸਾ ਦੇ ਆਡੀਟੋਰੀਅਮ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਪਹਿਲੇ ਸੈਸ਼ਨ ਦਾ ਰਸਮੀ ਉਦਘਾਟਨ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਿੱਖ ਧਰਮ ਦਾ ਉਦਭਵ ਮਾਨਵ ਕਲਿਆਣ ਲਈ ਹੋਇਆ ਸੀ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਦੀ ਭਲਾਈ ਲਈ ਗੁਰਬਾਣੀ ਰਾਹੀਂ ਜੀਵਨ ਦੇ ਦਰਸ਼ਨ ਦਾ ਸੰਦੇਸ਼ ਦਿੱਤਾ। ਇਸ ਪਿੱਛੋਂ ਨੌ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਅਤੇ ਸਿੱਖਿਆ ਰਾਹੀਂ ਮਾਰਗ ਦਰਸ਼ਨ ਕੀਤਾ। ਗੁਰਬਾਣੀ ਸਿਧਾਤਾਂ ਦੀ ਰੋਸ਼ਨੀ ਵਿਚ ਹੀ ਸਤਸੰਗਤ, ਧਰਮਸ਼ਾਲ, ਗੁਰਦੁਆਰਾ,
ਕੀਰਤਨ, ਮੰਜੀ, ਖਾਲਸਾ ਪੰਥ ਆਦਿ ਸੰਸਥਾਵਾਂ ਦੀ ਸਿਰਜਨਾ ਹੋਈ। ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਗੁਰੂ ਸਾਹਿਬਾਨ ਨੇ ਵੱਖ-ਵੱਖ ਨਗਰਾਂ ਦੀ ਸਥਾਪਨਾ ਵੀ ਕੀਤੀ, ਇਸ ਦੀ ਸ਼ੁਰੂਆਤ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਤੋਂ ਕੀਤੀ ਮੰਨੀ ਜਾ ਸਕਦੀ ਹੈ। ਇਸ ਪਿਛੋਂ ਸਮੇਂ-ਸਮੇਂ ਦੂਸਰੇ ਗੁਰੂ ਸਾਹਿਬਾਨ ਨੇ ਵੀ ਨਵੇਂ ਪ੍ਰਚਾਰ ਕੇਂਦਰ ਸਥਾਪਿਤ ਕਰਦਿਆਂ ਨਵੇਂ ਨਗਰਾਂ ਦੀ ਸਥਾਪਨਾ ਕੀਤੀ। ਜਿਵੇਂ ਸ੍ਰੀ ਗੋਇੰਦਵਾਲ ਸਾਹਿਬ, ਸ੍ਰੀ ਅੰਮ੍ਰਿਤਸਰ, ਸ੍ਰੀ ਹਰਿਗੋਬਿੰਦਪੁਰ, ਸ੍ਰੀ ਕੀਰਤਪੁਰ ਸਾਹਿਬ ਆਦਿ ਨਗਰ ਵਸਾਏ। ਇਸੇ ਮਿਸ਼ਨ ਤਹਿਤ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ‘ਚੱਕ ਨਾਨਕੀ’ ਨਗਰ ਦੀ ਨੀਂਹ ਰੱਖੀ ਅਤੇ ਇਹ ਨਗਰ ਅਨੰਦਪੁਰ ਭਾਵ ਅਨੰਦਾਂ ਦੀ ਪੁਰੀ ਵਜੋਂ ਪ੍ਰਸਿੱਧ ਹੋਇਆ। ਸ੍ਰੀ ਅਨੰਦਪੁਰ ਸਾਹਿਬ ਸਿੱਖ ਪੰਥ ਦਾ ਗੌਰਵਮਈ ਇਤਿਹਾਸ ਆਪਣੇ ਹਿਰਦੇ ਵਿਚ ਸਮੋਈ ਬੈਠਾ ਹੈ। ਅਨੰਦਾਂ ਦੀ ਪੁਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਖਾਲਸੇ ਦੀ ਜਨਮ-ਭੂਮੀ ਹੋਣ ਦਾ ਮਾਣ ਹਾਸਲ ਹੈ। ਇਥੇ ਪੰਜ ਪਿਆਰੇ ਸਾਹਿਬਾਨ ਨੇ ਅੰਮ੍ਰਿਤ ਦੀ ਪਾਹੁਲ ਛੱਕ ਕੇ ਨਵ-ਜੀਵਨ ਧਾਰਨ ਕੀਤਾ ਅਤੇ ਚਾਰ ਸਾਹਿਬਜ਼ਾਦੇ ਇਥੋਂ ਦੀਆਂ ਗਲੀਆਂ ਵਿਚ ਖੇਡੇ ਅਤੇ ਵੱਡੇ ਹੋਏ।
ਉਚੇਰੀ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੇ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਮੇਰੇ ਤੋਂ ਪਹਿਲਾਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ, ਡਾ. ਜਸਪਾਲ ਸਿੰਘ ਵਾਈਸ ਚਾਂਸਲਰ, ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸ ਬਾਰੇ ਅਰਥ ਭਰਪੂਰ ਜਾਣਕਾਰੀ ਸਾਂਝੀ ਕੀਤੀ ਹੈ। ਮੈਂ ਇਨ੍ਹਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਰਾਜਨੀਤਿਕ ਖੇਤਰ ਦੇ ਨਾਲ ਨਾਲ ਇਸ ਧਰਤੀ ਦੇ ਬਹੁਤ ਨੇੜੇ ਹੋ ਕੇ ਵਿਚਰਨ ਦਾ ਮੈਨੂੰ ਮੌਕਾ ਮਿਲਿਆ ਹੈ।
ਇਸ ਧਰਤੀ ਦੇ ਇਤਿਹਾਸ ਬਾਰੇ ਇਥੋਂ ਦੇ ਵਸਨੀਕਾਂ ਪਾਸੋਂ ਮੈਨੂੰ ਬਹੁਤ ਜਾਣਕਾਰੀ ਪ੍ਰਾਪਤ ਹੋਈ ਹੈ। ਉਨ੍ਹਾ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ਮੀਨ ਖਰੀਦ ਕੇ ਇਹ ਨਗਰ ਵਸਾਇਆ ਤੇ ਇਸ ਦਾ ਨਾਮ ਆਪਣੀ ਸਤਿਕਾਰਯੋਗ ਮਾਤਾ ਦੇ ਨਾਮ ਤੇ ‘ਚੱਕ ਨਾਨਕੀ’ ਰਖਿਆ ਇਸ ਤੋਂ ਸਿੱਧ ਹੈ ਕਿ ਗੁਰੂ ਸਾਹਿਬ ਨੇ ਇਸਤਰੀ ਜਾਤੀ ਤੇ ਖਾਸਕਰ ਮਾਤਾ ਨੂੰ ਕਿੰਨਾ ਮਾਣ ਤੇ ਸਤਿਕਾਰ ਦਿੱਤਾ ਹੈ ਇਹ ਆਪਣੇ ਆਪ ਵਿਚ ਇਕ ਉਦਾਹਰਣ ਹੈ।
ਇਸੇ ਸਥਾਨ ਤੇ ਹੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜ ਕੇ ਇਕ ਵੱਖਰਾ ਤੇ ਨਿਆਰਾ ਧਰਮ ਸਥਾਪਿਤ ਕੀਤਾ ਜਿਸ ਦੀ ਕਿਧਰੇ ਮਿਸਾਲ ਨਹੀਂ ਮਿਲਦੀ ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਵਿਲੱਖਣ ਹੈ ਤੇ ਇਸ ਸ਼ਾਨਾਮੱਤੇ ਇਤਿਹਾਸ ਨੂੰ ਦੁਨੀਆਂ ਦੇ ਸਾਹਮਣੇ ਰੱਖਣ ਦੀ ਜ਼ਰੂਰਤ ਹੈ ਤਾਂ ਜੋ ਦੁਨੀਆਂ ਹੋਰਨਾਂ ਧਰਮਾਂ ਵਿਚੋਂ ਵੀ ਬੁਰਾਈਆਂ ਜਾਤ-ਪਾਤ ਦੇ ਭੇਦ-ਭਾਵ ਆਦਿ ਖਤਮ ਹੋ ਸਕਣ।
ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਲੁਧਿਆਣਾ ਵਲੋਂ ਸ੍ਰੀ ਅਨੰਦਪੁਰ ਸਾਹਿਬ ਸਬੰਧੀ ਆਪਣੇ ਕੂੰਜੀਵਤ ਭਾਸ਼ਣ ‘ਚ ਕਿਹਾ ਕਿ 1469 ਈ: ਵਿਚ ਗੁਰੂ ਨਾਨਕ ਸਾਹਿਬ ਦੇ ਆਗਮਨ ਨਾਲ ਹੀ ਪੰਜਾਬ ਦੇ ਗਤੀਸ਼ੀਲ ਵਸਨੀਕਾਂ ਲਈ ਵਿਕਾਸ, ਖੁਸ਼ਹਾਲੀ ਤੇ ਸੰਵੇਦਨਸ਼ੀਲਤਾ ਦੇ ਨਵੇਂ ਯੁੱਗ ਦਾ ਆਰੰਭ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਵੇਕਲੇ ਸੰਦੇਸ਼ ਨੇ ਪੰਜਾਬੀਆਂ ਨੂੰ ਸਾਦਾ ਜੀਵਨ ਨਿਰਬਾਹ, ਸਹਿ-ਹੋਂਦ ਅਤੇ ਬਰਾਬਰੀ ਦੇ ਅਸੂਲਾਂ ਤੇ ਅਧਾਰਤਿ ਸਰਬ ਵਿਆਪੀ ਸਮਾਜਿਕ ਪ੍ਰਣਾਲੀ ਦੇ ਆਦਰਸ਼ਾਂ ਨੂੰ ਅਪਨਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਅੱਗੇ ਕਿਹਾ ਕਿ 19 ਜੂਨ 2015 ਨੂੰ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੀ ਨੀਂਹ ਰੱਖੇ ਜਾਣ ਦੇ 350ਵੇਂ ਸਾਲ ਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾ ਰਹੇ ਹਾਂ। ਇਸ ਅਵਸਰ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੀ ਉਪਲੱਭਧ ਇਤਿਹਾਸਿਕ ਗਵਾਹੀ ਵੱਲ ਸਾਡਾ ਧਿਆਨ ਜਾਣਾ ਸੁਭਾਵਿਕ ਹੈ।
ਸਿੱਖ ਧਰਮ ਦੇ ਪੈਰੋਕਾਰ ਮਾਝੇ ਦੇ ਉਪਜਾਉ ਇਲਾਕੇ ਤੋਂ ਬਾਹਰ ਵੀ ਫੈਲ ਚੁੱਕੇ ਸਨ ਅਤੇ ਸਿੱਖ ਲਹਿਰ ਦੀ ਧਾਰਮਿਕ ਨੁਹਾਰ ਨੇ ਸਮੁੱਚੇ ਪੰਜਾਬ ਅਤੇ ਇਸ ਤੋਂ ਵੀ ਦੂਰ-ਦੁਰਾਡੇ ਬਾਹਰਲੇ ਇਲਾਕਿਆਂ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ।
ਇਸ ਮੌਕੇ ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਨਿਰਮੈਲ ਸਿੰਘ ਜੌਲਾਂ, ਸ. ਗੁਰਬਚਨ ਸਿੰਘ ਕਰਮੂੰਵਾਲ ਤੇ ਰਾਮਪਾਲ ਸਿੰਘ ਬਹਿਣੀਵਾਲ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਕਮੇਟੀ, ਸ. ਜਗੀਰ ਸਿੰਘ ਸਾਬਕਾ ਮੈਂਬਰ, ਡਾਕਟਰ ਰੂਪ ਸਿੰਘ ਸਕੱਤਰ, ਸ. ਸਤਬੀਰ ਸਿੰਘ ਸਾਬਕਾ ਸਕੱਤਰ ਤੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ, ਸ. ਜਗਜੀਤ ਸਿੰਘ ਤੇ ਸ. ਜਗੀਰ ਸਿੰਘ ਮੀਤ ਸਕੱਤਰ, ਡਾ. ਧਰਮਿੰਦਰ ਸਿੰਘ ਉ¤ਭਾ ਡਾਇਰੈਕਟਰ ਐਜੂਕੇਸ਼ਨ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਸੁਖਵਿੰਦਰ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ. ਸਿਮਰਜੀਤ ਸਿੰਘ ਸੰਪਾਦਕ ਗੁਰਮਤਿ ਪ੍ਰਕਾਸ਼, ਸ. ਸੁਰਜੀਤ ਸਿੰਘ ਪਾਤਰ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਕੂਲਾਂ, ਕਾਲਜਾਂ ਦੇ ਸਮੂੰਹ ਪ੍ਰਿੰਸੀਪਲ ਸਾਹਿਬਾਨ, ਸਟਾਫ਼ ਤੇ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।



