Skip to content
Independent perspectives. Global stories.
BREAKING

ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ’ਚ ਪ੍ਰਵੇਸ਼ ’ਤੇ ਧਾਰਮਿਕ ਦਰਸ਼ਨ ਯਾਤਰਾ ਦਾ ਸ਼ਰਧਾਪੂਰਵਕ ਸਵਾਗਤ

Share this story

ਮੰਡੀ ਗੋਬਿੰਦਗੜ੍ਹ/ਫ਼ਤਹਿਗੜ੍ਹ ਸਾਹਿਬ, 8  ਜੂਨ (ਮਨੋਜ ਭੱਲਾ)- ਗੁਰੂ ਸਹਿਬਾਨ ਦੀਆਂ ਪਾਵਨ-ਪਵਿੱਤਰ ਨਿਸ਼ਾਨੀਆਂ ਨੂੰ ਲੈ ਕੇ ਆਉਣ ਵਾਲੀ ਪਵਿੱਤਰ ਧਾਰਮਿਕ ਦਰਸ਼ਨ ਯਾਤਰਾ ਦਾ ਅੱਜ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀਆਂ ਸੰਗਤਾਂ ਵੱਲੋਂ ਜੋਰਦਾਰ ਸਵਾਗਤ ਕੀਤਾ ਗਿਆ। ਜਿਉਂ ਹੀ ਇਹ ਯਾਤਰਾ ਮੰਡੀ ਗੋਬਿੰਦਗੜ੍ਹ ਨੇੜੇ ਮੁਗਲ ਮਾਜਰਾ ਨਜਦੀਕ ਜੀ.ਟੀ. ਰੋਡ ’ਤੇ ਜ਼ਿਲ੍ਹੇ ਵਿੱਚ ਪ੍ਰਵੇਸ਼ ਹੋਈ ਤਾਂ ਸੰਗਤਾਂ ਨੇ ਪੂਰੇ ਖਾਲਸਾਈ ਮਾਹੌਲ ਵਿੱਚ  ‘ ਬੋਲੇ ਸੋ ਨਿਹਾਲ ’ ਦੇ ਜੈਕਾਰੇ ਲਗਾ ਕੇ ਅਸਮਾਨ ਗੂੰਜਣ ਲਾ ਦਿੱਤਾ । ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤੀ ਗਈ ਧਾਰਮਿਕ ਦਰਸ਼ਨ ਦੀਦਾਰ ਯਾਤਰਾ ਦੇ ਉਪਰਾਲੇ ਦੀ ਸਮੁੱਚੀਆਂ ਸੰਗਤਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਇਥੇ ਵਰਨਣਯੋਗ ਹੈ ਕਿ ਗੁਰੂ ਸਾਹਿਬਾਨ ਦੀਆਂ ਪਾਵਨ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਉਮੜੀ ਸੰਗਤ ਵਿੱਚ ਨੌਜਵਾਨਾਂ ਦੇ ਨਾਲ-ਨਾਲ ਔਰਤਾਂ ਵਿੱਚ ਵੀ ਵਿਸ਼ੇਸ ਉਤਸਾਹ ਵੇਖਣ ਨੂੰ ਪਾਇਆ ਜਾ ਰਿਹਾ ਹੈ।

ਇਸ ਮੌਕੇ ਪੰਜਾਬ ਪੁਲਿਸ ਵੱਲੋਂ ਜਿਥੇ ਇਸ ਧਾਰਮਿਕ ਦਰਸ਼ਨ ਯਾਤਰਾ ਨੂੰ ਸਲਾਮੀ ਦਿੱਤੀ ਗਈ, ਉਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਸ਼ਰੂਤੀ ਸ਼ਰਮਾ ਅਤੇ ਐਸ.ਐਸ.ਪੀ. ਸ. ਗੁਰਮੀਤ ਸਿੰਘ ਰੰਧਾਵਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲੇ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ। ਇਸ ਪਵਿੱਤਰ ਧਾਰਮਿਕ ਦਰਸ਼ਨ ਯਾਤਰਾ ਦਾ ਵਿਧਾਇਕ ਨਾਭਾ ਸ. ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਸ. ਰਣਧੀਰ ਸਿੰਘ ਚੀਮਾ, ਹਲਕਾ ਇੰਚਾਰਜ ਫ਼ਤਹਿਗੜ੍ਹ ਸਾਹਿਬ ਸ. ਦੀਦਾਰ ਸਿੰਘ ਭੱਟੀ, ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਸ. ਕਰਨੈਲ ਸਿੰਘ ਪੰਜੋਲੀ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਅਜੇ ਸਿੰਘ ਲਿਬੜਾ, ਐਸ.ਜੀ.ਪੀ.ਸੀ. ਮੈਂਬਰ ਸ. ਰਵਿੰਦਰ ਸਿੰਘ ਖਾਲਸਾ ਤੇ ਅਵਤਾਰ ਸਿੰਘ ਰਿਆ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਜੋਗਿੰਦਰਪਾਲ ਸਿੰਗਲਾ, ਸਾਬਕਾ ਮੈਂਬਰ ਬੀਬੀ ਸੁਰਿੰਦਰ ਕੌਰ, ਪ੍ਰਧਾਨ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਸ੍ਰੀਮਤੀ ਪੂਨਮ ਜਿੰਦਲ, ਪ੍ਰਧਾਨ ਨਗਰ ਕੌਂਸਲ ਅਮਲੋਹ ਵਿੱਕੀ ਮਿੱਤਲ, ਚੇਅਰਮੈਨ ਮਾਰਕੀਟ ਕਮੇਟੀ ਅਮਲੋਹ ਜਤਿੰਦਰ ਸਿੰਘ ਚੈਰੀ ਭਾਂਬਰੀ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਮੈਨੇਜਰ ਅਮਰਜੀਤ ਸਿੰਘ, ਕਰਮਜੀਤ ਸਿੰਘ ਭਗੜਾਣਾ, ਟੋਨੀ ਜਿੰਦਲ, ਮਲਕੀਤ ਸਿੰਘ ਮਠਾੜੂ, ਪਰਮਜੀਤ ਸਿੰਘ ਖਨਿਆਣ, ਏ.ਡੀ.ਸੀ. ਵਿਕਾਸ ਸ੍ਰੀ ਸੰਜੀਵ ਗਰਗ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ. ਅਮਲੋਹ ਡਾ. ਰਵਜੋਤ ਗਰੇਵਾਲ, ਐਸ.ਡੀ.ਐਮ. ਬਸੀ ਪਠਾਣਾਂ ਸੁਖਦੇਵ ਸਿੰਘ ਮਾਹਲ, ਐਸ.ਪੀ. ਦਲਜੀਤ ਸਿੰਘ ਰਾਣਾ, ਡੀ.ਐਸ.ਪੀ. ਹਰਦਵਿੰਦਰ ਸਿੰਘ ਸੰਧੂ ਅਤੇ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਕੇ ਧਾਰਮਿਕ ਦਰਸ਼ਨ ਯਾਤਰਾ ਦਾ ਹਾਰਦਿਕ ਸਵਾਗਤ ਕੀਤਾ ਅਤੇ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਪੂਰੀ ਸ਼ਰਧਾ ਨਾਲ ਦਰਸ਼ਨ ਕੀਤੇ। 
ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨਾ ਲਈ ਸਵੇਰ ਤੋਂ ਹੀ ਸੰਗਤਾਂ ਜੀ.ਟੀ.ਰੋਡ ਦੇ ਦੋਨੋ ਪਾਸੇ ਗੁਰਬਾਣੀ ਦਾ ਜਾਪ ਕਰਦੀਆਂ ਹੋਈਆਂ ਸਖਤ ਗਰਮੀ ਦੇ ਬਾਵਜੂਦ ਸ਼ਿੱਦਤ ਨਾਲ ਉਡੀਕ ਕਰ ਰਹੀਆਂ ਸਨ। ਇਥੇ ਵਰਨਣਯੋਗ ਹੈ ਕਿ ਸ਼ਰਧਾਲੂਆਂ ਨੇ ਯਾਤਰਾ ਦੇ ਹਰ ਪੜਾਅ ’ਤੇ ਥਾਂ-ਥਾਂ ਗੁਰੂ ਕਾ ¦ਗਰ ਅਤੇ ਮਿੱਠੇ ਪਾਣੀ ਦੀਆਂ ਛਬੀਲਾਂ ਲਗਾਈਆਂ ਹੋਈਆਂ ਸਨ। ਜੀ.ਟੀ. ਰੋਡ ਮੁਗਲ ਮਾਜਰਾ ਤੋਂ ਬਾਅਦ ਇਹ ਧਾਰਮਿਕ ਦਰਸ਼ਨ ਯਾਤਰਾ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਨੂੰ ਲੈ ਕੇ  ਮੰਡੀ ਗੋਬਿੰਦਗੜ੍ਹ ਦੇ ਬੱਸ ਸਟੈਂਡ ਵਿਖੇ ਅਤੇ ਇਸ ਉਪਰੰਤ ਜੀ.ਟੀ.ਰੋਡ ’ਤੇ ਹੀ ਸਥਿਤ ਅਮਲੋਹ ਰੋਡ ਚੌਂਕ ਵਿਖੇ ਕੁਝ ਸਮੇਂ ਲਈ ਸੰਗਤਾਂ ਦੇ ਦਰਸ਼ਨਾ ਲਈ ਠਹਿਰੀ। ਜਿਥੇ ਕਿ ਸੰਗਤਾਂ ਸਵੇਰ ਤੋਂ ਹੀ ਢਾਡੀਆਂ ਦੀਆਂ ਵਾਰਾਂ ਅਤੇ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਦੇ ਰਸਭਿੰਨੇ ਕੀਰਤਨ ਦਾ ਆਨੰਦ ਮਾਣ ਰਹੀਆਂ ਸਨ। ਇਸ ਉਪਰੰਤ ਇਹ ਧਾਰਮਿਕ ਦਰਸ਼ਨ ਯਾਤਰਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨਾਲ ਜੁੜੀ ਪਵਿੱਤਰ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਲਈ ਰਵਾਨਾਂ ਹੋ ਗਈ।

WRITTEN BY