ਚੰਡੀਗੜ੍ਹ, 4 ਜੂਨ (ਨਾਗਪਾਲ)- ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਯੂ ਨੇ ਕਿਹਾ ਹੈ ਕਿ ਸੂਬੇ ਵਿਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਆਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਬਾਰੇ ਵਿਚ ਸਬੰਧਤ ਅਧਿਕਾਰੀਆਂ ਨੂੰ ਹਿਦਾਇਤਾਂ ਦੇ ਦਿੱਤੀਆਂ ਗਈਆਂ ਹਨ। ਕੈਪਟਨ ਅਭਿਮਨਯੂ ਅੱਜ ਗੁੜਗਾਉਂ ਵਿਚ ‘ਇਕੋ ਰੈਸਟੋਰੇਸ਼ਨ ਓਪੋਰਚਯੂਨੀਟੀਜ ਇਨ ਐਂਡ ਅਰਾਊਂਡ ਅਰਾਵਲੀ ਟੂ ਰੈਡਯੂਸ ਵਾਟਰ ਸਟ੍ਰੈਸ ਆਫ ਗੁੜਗਾਉਂ ਐਂਡ ਐਨ.ਸੀ.ਆਰ.’ (ਗੁੜਗਾਉਂ ਅਤੇ ਐਨ.ਸੀ.ਆਰ. ਦੇ ਪਾਣੀ ਦਬਾਅ ਨੂੰ ਘੱਟ ਕਰਨ ਲਈ ਅਰਾਵਲੀ ਵਿਚ ਅਤੇ ਚਾਰੋਂ ਪਾਸੇ ਇਕੋਲਾਜੀ ਮੁੜ ਸਥਾਪਨਾ ਦੀ ਸੰਭਾਵਨਾਵਾਂ) ਵਿਸ਼ੇ ’ਤੇ ਆਯੋਜਿਤ ਸੈਮੀਨਾਰ ਤੋਂ ਬਾਅਦ ਪੱਤਰਕਾਰਾਂ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ।
ਇਕ ਸੁਆਲ ਦੇ ਜਵਾਬ ਵਿਚ ਕੈਪਟਨ ਅਭਿਮਨਯੂ ਨੇ ਕਿਹਾ ਕਿ ਅੱਜ ਉਹ ਅਰਾਵਲੀ ਖੇਤਰ ਵਿਚ ਜਲ ਸਰੰਖਣ ’ਤੇ ਆਯੋਜਿਤ ਸੈਮੀਨਾਰ ਵੀ ਹਿੱਸਾ ਲੈਣ ਆਏ ਸਨ, ਜਿਸ ਵਿਚ ਉਨ੍ਹਾਂ ਨੇ ਚੌਗਿਰਦਾ ਮਾਹਿਰਾਂ, ਸੰਸਥਾਵਾਂ ਅਤੇ ਕਾਰਪੋਰੇਟ ਸੈਕਟਰ ਵੱਲੋਂ ਅਰਾਵਲੀ ਖੇਤਰ ਵਿਚ ਪਾਣੀ ਸਰੰਖਣ ਲਈ ਕੀਤੇ ਜਾ ਰਹੇ ਉਪਾਇਆਂ ਬਾਰੇ ਪਤਾ ਲਗਿਆ ਹੈ।



