ਤਪਾ ਮੰਡੀ, 4 ਜੂਨ (ਸੁਨੀਲ ਸ਼ੀਲਾ)- ਪਿੰਡ ਪੱਖੋ ਕਲਾਂ ਦੇ ਲੋਕਾਂ ਦੇ ਏਕੇ ਅੱਗੇ ਆਖਰ ਆਬਕਾਰੀ ਵਿਭਾਗ ਅਤੇ ਸ਼ਰਾਬ ਦੇ ਠੇਕੇਦਾਰਾਂ ਨੂੰ ਝੁੱਕਣਾ ਪੈ ਹੀ ਗਿਆ। ਪਿੰਡੋ ਬਾਹਰ ਠੇਕਾ ਚੁੱਕਵਾਉਣ ਲਈ ਅੱਜ ਤੀਜੇ ਦਿਨ ਬਰਨਾਲਾ –ਮਾਨਸਾ ਸੜਕ ਉੱਤੇ ਲਾਇਆ ਧਰਨਾ ਉਦੋ ਚੁੱਕ ਲਿਆ ਗਿਆ ਜਦੋਂ ਆਬਕਾਰੀ ਵਿਭਾਗ ਨੇ ਸ਼ਰਾਬ ਦੇ ਠੇਕੇ ਨੂੰ ਜਿੰਦੇ ਮਾਰਕੇ ਸੀਲ ਕਰ ਦਿੱਤਾ ਅਤੇ ਐਲਾਨ ਕੀਤਾ ਕਿ ਹੁਣ ਸ਼ਰਾਬ ਦੇ ਇਸ ਠੇਕੇ ਤੋਂ ਕਦੇ ਵੀ ਸ਼ਰਾਬ ਨਹੀਂ ਵੇਚੀ ਜਾਵੇਗੀ। ਸ਼ਰਾਬ ਦੇ ਠੇਕੇਦਾਰਾਂ ਨੇ ਪਿੰਡ ਦੀ ਆਬਾਦੀ ਤੋਂ ਇੱਕ ਕਿਲੋਮੀਟਰ ਦੀ ਦੂਰੀ ਤੇ ਖੋਖਾ ਰੱਖ ਕੇ ਆਰਜੀ ਤੌਰ ਤੇ ਠੇਕਾ ਚਲਾਉਣ ਦਾ ਪ੍ਰਬੰਧ ਕਰ ਲਿਆ ਹੈ। ਅੱਜ ਸਵੇਰੇ ਤੀਜੇ ਦਿਨ ਪਿੰਡ ਵਾਸੀਆਂ ਨੇ ਜਿਓਂ ਹੀ ਸੜਕ ਤੇ ਜਾਮ ਲਾਕੇ ਆਵਾਜਾਈ ਠੱਪ ਕੀਤੀ ਤਾਂ ਪ੍ਰਸ਼ਾਸ਼ਨ ਨੂੰ ਫ਼ਿਕਰ ਪੈ ਗਿਆ
ਤਾਂ ਐਸਡੀਐਮ ਤਪਾ ਵਰਿੰਦਰ ਸਿੰਘ, ਆਬਕਾਰੀ ਵਿਭਾਗ ਬਰਨਾਲਾ ਦੇ ਈਟੀਓ ਪਹੂਜਾ ਅਤੇ ਡੀਐਸਪੀ ਤਪਾ ਕੇਸਰ ਸਿੰਘ ਧਰਨਾਕਾਰੀਆਂ ਕੋਲ ਧਰਨਾ ਖਤਮ ਕਰਵਾਉਣ ਲਈ ਮੌਕੇ ਤੇ ਪਹੁੰਚੇ। ਉਨ੍ਹਾਂ ਧਰਨਾਕਾਰੀਆਂ ਦੀ ਮੰਗ ਨੂੰ ਮੰਨ ਕੇ ਪੱਕੇ ਤੌਰ ਤੇ ਠੇਕਾ ਬੰਦ ਕਰਾਉਣਾ ਮੰਨਿਆ। ਜਦੋਂ ਠੇਕਾ ਸੀਲ ਕਰ ਦਿੱਤਾ ਤਾਂ ਧਰਨਾ ਸਮਾਪਤ ਕਰ ਦਿੱਤਾ ਗਿਆ। ਪਿੰਡ ਦੇ ਸਰਪੰਚ ਸੁਖਪਾਲ ਸਿੰਘ ਸਮਰਾ , ਕਾ. ਚਮਕੌਰ ਸਿੰਘ, ਸਰਪੰਚ ਗੁਰਵਿੰਦਰ ਸਿੰਘ ਬਿੰਦੂ , ਕਾ. ਜੀਤ ਸਿੰਘ, ਪਾਲ ਸਿੰਘ, ਪੰਚ ਜਗਸੀਰ ਸਿੰਘ, ਗੁਰਪਾਲ ਸਿੰਘ, ਹਰਭਜਨ ਸਿੰਘ, ਸੋਹਣ ਲਾਲ, ਕੈਪਟਨ ਜਸਵੰਤ ਸਿੰਘ, ਪੰਚ ਜਸਵੰਤ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ, ਪੰਚ ਸੁਖਦੀਪ ਕੌਰ ਅਤੇ ਗੁਰਤੇਜ ਸਿੰਘ ਸਰਾਂ ਆਦਿ ਨੇ ਸੰਘਰਸ਼ ਜਿੱਤਣ ਦੀ ਖ਼ੁਸ਼ੀ ਵਿਚ ਨਾਹਰੇ ਲਾਏ।



