ਸ੍ਰੀ ਅਨੰਦਪੁਰ ਸਾਹਿਬ, 3 ਜੂਨ- ਜੇਕਰ ਸ੍ਰੀ ਅਨੰਦਪੁਰ ਸਾਹਿਬ ਦੀ ਭੁੂਗੋਲਿਕ ਸਥਿਤੀ ਤੇ ਨਜ਼ਰ ਮਾਰੀਏ ਤਾਂ ਚੱਕ ਨਾਨਕੀ,ਅਨੰਦਪੁਰ ਸਾਹਿਬ,ਸਹੋਟਾ,ਲੋਦੀਪੁਰ,ਅਗੰਮਪੁਰ,ਮਟੌਰ ਹੁਣ ਏਨੇ ਵਸ ਚੁੱਕੇ ਹਨ ਕਿ ਇੱਕ ਆਮ ਆਦਮੀ ਇਨ੍ਹਾਂ ਪਿੰਡਾਂ ਦੀਆਂ ਹੱਦਾਂ ਬਾਰੇ ਕੁਝ ਨਹੀ ਦੱਸ ਸਕਦਾ। ਸਿਰਫ਼ ਪਟਵਾਰੀ ਤੇ ਨੰਬਰਦਾਰ ਹੀ ਇਨ੍ਹਾਂ ਪਿੰਡਾਂ ਦੀਆ ਹੱਦਾਂ ਬਾਰੇ ਜਾਣਦੇ ਹਨ। ਬੱਸ ਅੱਡੇ ਤੋਂ ਕੇਸਗੜ੍ਹ ਸਾਹਿਬ ਵੱਲ ਜਾਣ ਵਾਲੀ ਢੱਕੀ ਦੇ ਹੇਠਲੇ ਚੌਂਕ ਵਿਚ ੰਿਤੰਨ ਪਿੰਡਾਂ,ਚੱਕ ਨਾਨਕੀ,ਅਨੰਦਪੁਰ ਸਾਹਿਬ ਅਤੇ ਲੋਦੀਪੁਰ ,ਦੀਆਂ ਹੱਦਾਂ ਆ ਮਿਲਦੀਆ ਹਨ। ਗੁਰਦੁਆਰਾ ਸੀਸ ਗੰਜ,ਦਮਦਮਾ ਸਾਹਿਬ,ਭੋਰਾ ਸਾਹਿਬ,ਚੱਕ ਨਾਨਕੀ ਦੀਆ ਹੱਦਾ ਸਨ।ਗੁਰੂ ਦੇ ਮਹਿਲ ਗੁਰੂ ਸਾਹਿਬ ਦਾ ਨਿਵਾਸ ਸਨ। ਬਸ ਸਟੈਡ,ਹਸਪਤਾਲ,ਕੁੜੀਆ ਦਾ ਸਰਕਾਰੀ ਸਕੂਲ
ਚੱਕ ਨਾਨਕੀ ਵਿਚ ਹੈ। ਹੋਲਗੜ੍ਹ ਗੁਰਦੁਆਰੇ ਦੇ ਨੇੜੇ ਚੱਕੀ ਦਾ ਆਰਾ ਚੱਕ ਨਾਨਕੀ ਵਿਚ ਹੈ ਤੇ ਬੰਨਾ ਸਹੋਟਾ ਪਿੰਡ ਵਿਚ ਹੈ। ਰੇਲਵੇ ਦਾ ਪੁਲ ਚੱਕ ਨਾਨਕੀ ਵਿਚ ਹੈ। ਕੇਸਗੜ੍ਹ ਸਾਹਿਬ ਦੇ ਹੇਠਾਂ ਵਲ ਦਾ ਸਰੋਵਰ ਤੇ ਮਿਲਕ ਬਾਰ ਪਿੰਡ ਲੋਦੀਪੁਰ ਵਿਚ ਹੈ,ਪੁਲਿਸ ਥਾਣੇ ਦੇ ਨਾਲ ਦਾ ਬਾਗ ਚੱਕ ਨਾਨਕੀ ਦਾ ਹਿੱਸਾ ਹੈ। ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਹੋਟਾ ਵਿਚ ਹੈ। ਨਿਹੰਗ ਸਿੰਘਾ ਦੇ ਇੰਤਜ਼ਾਮ ਹੇਠਲਾ ਸ਼ਹੀਦੀ ਬਾਗ ਪਿੰਡ ਲੋਦੀਪੁਰ ਵਿਚ ਹੈ। ਕੇਸਗੜ੍ਹ ਸਾਹਿਬ ਅਤੇ ਨਾਲ ਦੇ ਬਜ਼ਾਰਾ ਤੋ ਕੇਸਗੜ੍ਹ ਅਤੇ ਅਨੰਦਗੜ੍ਹ ਕਿਲ੍ਹੇ ਤਕ ਦਾ ਸਾਰਾ ਇਲਾਕਾ ਅਨੰਦਪੁਰ ਸਾਹਿਬ ਚ ਹਨ।ਚਰਨ ਗੰਗਾ ਦਾ ਪੁਲ ਚੱਕ ਨਾਨਕੀ ਵਿਚ ਹੈ। ਖਾਲਸਾ ਕਾਲਜ ਪਿੰਡ ਮਟੌਰ ਵਿਚ ਹੈ। ਯਾਨਿ ਇਨ੍ਹਾਂ ਸਾਰੇ ਪਿੰਡਾ ਦੀਆ ਹੱਦਾਂ ਸਿਰਫ ਸਰਕਾਰੀ ਕਾਗ਼ਜ਼ਾਂ ਤੋ ਹੀ ਪਤਾ ਲੱਗ ਸਕਦੀਆਂ ਹਨ। ਅੱਜ ਕਲ੍ਹ ਇਹ ਸਾਰੇ ਪਿੰਡ ਅਨੰਦਪੁਰ ਸਾਹਿਬ ਦਾ ਹਿੱਸਾ ਹੀ ਅਖਵਾਉਦੇ ਹਨ।
ਮਾਲ ਵਿਭਾਗ ਦੇ ਵੇਰਵੇ- ਅੱਜ ਅਨੰਦਪੁਰ ਸਾਹਿਬ ਇੱਕ ਸਬ-ਡਵੀਜਨ ਹੈ। ਇਸ ਵਿਚ ਅਨੰਦਪੁਰ ਸਾਹਿਬ, ਚੱਕ ਨਾਨਕੀ, ਅਗੰਮਪੁਰ,ਸਹੋਟਾਂ,ਲੋਦੀਪੁਰ,ਮੀਆਂਪੁਰ, ਮਟੌਰ(ਅਨੰਦਪੁਰ ਸਾਹਿਬ ਕਾਨੂੰਗੋ ਹਲਕਾ) ,ਕੀਤਰਪੁਰ ਸਾਹਿਬ, ਜਊਵਾਲ,ਕਲਿਆਣਪੁਰ, ਭਗੋਵਾਲ, ਭਟੌਲੀ(ਕੀਰਤਪੁਰ ਸਾਹਿਬ ਕਾਨੂੰਗੋ ਹਲਕਾ), ਜਿੰਦਬੜੀ, ਕਲਮੋਟ, ਨੰਗਲ (ਨੰਗਲ ਕਾਨੂੰਗੋ ਹਲਕਾ), ਕਾਹਨਪੂਰ ਖੁਹੀ, ਨੂਰਪੁਰ ਬੇਦੀ (ਨੂਰਪੁਰ ਬੇਦੀ ਕਾਨੂੰਗੋ ਹਲਕਾ), ਬਜਰੂੜ, ਬਸਾਲੀ, ਚਨੌਲੀ, (ਤਖਤਗੜ੍ਹ ਕਾਨੂੰਗੋ ਹਲਕਾ), ਵਗੈਰਾ 240 ਪਿੰਡ ਸ਼ਾਮਿਲ ਹਨ। ਇਨ੍ਹਾਂ ਕਾਨੂੰਗੋ ਹਲਕਿਆ ਤੋ ਇਲਾਵਾ ਗੁਰੂ ਕਾ ਲਾਹੌਰ ਅਤੇ ਗੁਰਦੁਆਰਾ ਤਾਰਾਗੜ੍ਹ ਹਿਮਾਚਲ ਵਿਚ ਹਨ। ਅਨੰਦਪੁਰ ਸਾਹਿਬ ਦੀ ਤਵਾਰੀਖ ਨਾਲ ਜੁੜੀਆ ਘਟਨਾਵਾ ਅਤੇ ਗੁਰਦੁਆਰਿਆਂ ਵਿਚੋਂ ਬਹੁਤ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਵਿਚ ਹਨ ਪਰ ਕਲਮੋਟ, ਬਸਾਲੀ, ਬਜਰੂੜ, ਬਿਭੋਰ ਸਾਹਿਬ, ਬੱਸੀ ਕਲਾਂ, ਭੱਠਾ ਸਾਹਿਬ,ਚਮਕੌਰ ਸਾਹਿਬ, ਮਾਛੀਵਾੜਾ (ਅਤੇ ਮਾਛੀਵਾੜਾ ਤੋ ਤਲਵੰਡੀ ਸਾਬੋ ਅਤੇ ਤਲਵੰਡੀ ਸਾਬੋ ਤੋ ਨਾਂਦੇੜ) ਵਗੈਰਾ ਇਨ੍ਹਾਂ ਦੋ ਕਾਨੂੰਗੋ ਹਲਕਿਆ ਤੋ ਦੂਰ ਹਨ। ਗੁਰਪਲਾਹ, ਬਿਲਾਸਪੁਰ, ਨਾਹਨ, ਪਾਊਟਾ ਸਾਹਿਬ, ਭੰਗਾਣੀ, ਨਦੋਣ,ਰਿਵਾਲਸਰ ਵਗੈਰਾ ਹਿਮਾਂਚਲ ਪ੍ਰਦੇਸ਼ ਵਿਚ ਹਨ। ਕੁਝ ਜਗਾ ਤੇ ਅਜੇ ਗੁਰਦੁਆਰੇ ਉਸਾਰੇ ਗਏ ਹਨ ਖਾਲਸਾ ਪ੍ਰਗਟ ਮੋਕੇ ਤੇ300 ਸਾਲਾ ਪੂਰੇ ਹੋਣ ਦੇ ਸਮਾਗਮ ਤੋ ਬਾਅਦ ਹੁਣ 350 ਸਾਲਾ ਸਥਾਪਨਾ ਸਮਾਗਮਾ ਤੱਕ ਵੀ ਰਹਿੰਦੀਆ ਜਗਾ ਤੇ ਵੀ ਗੁਰਦੁਆਰੇ ਉਸਰ ਰਹੇ ਹਨ।
ਅਨੰਦਪੁਰ ਸਾਹਿਬ ਦੀ ਅਬਾਦੀ- ਅਨੰਦਪੁਰ ਸਾਹਿਬ ਦੀ ਅਬਾਦੀ ਗੁਰੂ ਸਾਹਿਬ ਵੇਲੇ ਕੁਝ ਸੈਕੜੇ ਹੀ ਸੀ। ਇਸ ਤੋ ਇਲਾਵਾ ਕੁਝ ਸੈਕੜੇ ਸਿੱਖ ਤਕਰੀਬਨ ਹਰ ਵੇਲੇ ਹੀ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਜੁੜੇ ਰਿਹਾ ਕਰਦੇ ਸਨ।
ਮਾਰਚ ਦੇ ਆਖਰੀ ਦਿਨਾਂ (ਪਹਿਲੀ ਵਿਸਾਖ) ਵਿਚ ਹਜ਼ਾਰਾਂ ਸੰਗਤਾਂ ਅਨੰਦਪੁਰ ਸਾਹਿਬ ਵਿਚ ਜੁੜਿਆ ਕਰਦੀਆ ਸਨ। 4-5 ਦਸੰਬਰ 1905 ਦੀ ਰਾਤ ਨੂੰ ਜਦੋ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡ ਦਿੱਤਾ ਉਸ ਵੇਲੇ ਸਿਰਫ਼ ਭਾਈ ਗੁਰਬਖਸ਼ ਦਾਸ ਹੀ ਇੱਥੇ ਰਹਿ ਗਏ ਸਨ। ਕੁਝ ਸਾਲਾਂ ਮਗਰੌਂ ਸੋਢੀ ਗੁਲਾਬ ਸਿੰਘ ਤੇ ਸ਼ਾਮ ਸਿੰਘ ਦੇ ਪਰਿਵਾਰ ਏਥੇ ਵਸਣ ਲੱਗ ਪਏ ਹਨ।
ਹੌਲੀ- ਹੌਲੀ ਅਨੰਦਪੁਰ ਸਾਹਿਬ ਫੇਰ ਵਸਣਾ ਸੁਰੂ ਹੋ ਗਿਆ। ਅਕਾਲੀ ਫੂਲਾ ਸਿੰਘ ਵੇਲੇ ਸੋਢੀਆਂ ਦਾ ਆਗੂ ਸ੍ਰ:ਸੁਰਜਨ ਸਿੰਘ ਤੇ ਉਸ ਦਾ ਪਰਿਵਾਰ ਵੀ ਇੱਥੇ ਰਿਹਾ ਕਰਦੇ ਸਨ। ਉਦੋਂ ਅਨੰਦਪੁਰ ਸਾਹਿਬ ਦੀ ਅਬਾਦੀ ਦੋ ਤਿੰਨ ਹਜ਼ਾਰ ਦੇ ਨੇੜੇ ਤੇੜੇ ਸੀ। ਇਸ ਮਗਰੋ ਅਬਾਦੀ ਵਧਣੀ ਸੁਰੂ ਹੋ ਗਈ।ਸੰਨ 1868 ਦੀ ਮਰਦਮ ਸੁਮਾਰੀ ਵੇਲੇ ਇਥੋ ਦੀ ਅਬਾਦੀ 6869 ਸੀ। ਵੀਹਵੀ ਸਦੀ ਦੇ ਸੁਰੂ ਤੱਕ ਇੱਥੇ ਬੀਮਾਰੀ ਫੈਲਣ ਨਾਲ ਲੋਕ ਇੱਥੋ ਖਿਸਕਣੇ ਸੁਰੂ ਹੋ ਗਏ ਸਨ। ਵੀਹਵੀ ਸਦੀ ਦੇ ਅੱਧ ਤੱਕ ਅਨੰਦਪੁਰ ਸਾਹਿਬ ਚ ਅਬਾਦੀ ਬਹੁਤ ਥੋੜੀ ਰਹਿ ਗਈ ਸੀ। ਸੰਨ 1947 ਤੋ ਮਗਰੋ ਇੱਥੇ ਕੁਝ ਸਿੱਖ ਪਾਕਿਸਤਾਨ ਤੋ ਆ ਕੇ ਰਹਿਣੇ ਸੁਰੂ ਹੋਏ। ਫਿਰ ਭਾਖੜਾ,ਨੰਗਲ,ਗੰਗੂਵਾਲ ਪ੍ਰਾਜੈਕਟ ਨਾਲ ਵੀ ਕਈ ਲੋਕ ਇੱਥੇ ਆ ਕੇ ਵਸ ਗਏ।ਹੌਲੀ ਹੌਲੀ ਇਸ ਦੀ ਅਬਾਦੀ ਵੱਧਦੀ ਗਈ। 1998 ਵਿਚ ਅਨੰਦਪੁਰ ਸਾਹਿਬ ਦੀ ਮਿਊਸਪਲ ਏਰੀਏ ਦੀ ਅਬਾਦੀ ਤਕਰੀਬਨ 13000 ਸੀ ਅਤੇ ਹੁਣ 16 ਸਾਲ ਬਾਅਦ 2015 ਵਿਚ 350 ਸਾਲਾ ਸਥਾਪਨਾ ਸਮਾਗਮਾ ਮੋਕੇ ਇਸ ਨਗਰ ਦੀ ਅਬਾਦੀ ਲਗਭਗ 18000 ਹਜ਼ਾਰ ਹੈ। ਇਸ ਵਿਚ ਅਗੰਮਪੁਰ,ਮਟੌਰ ਤੇ ਆਲੇ ਦੁਆਲੇ ਦੇ ਇਲਾਕੇ ਦੀ ਅਬਾਦੀ ਸ਼ਾਮਿਲ ਨਹੀ ਹੈ।
ਖਾਲਸੇ ਦੇ ਤਿੰਨ ਸੋ ਸਾਲਾ ਦਿਨ ਦੇ ਸੰਬੰਧ ਵਿਚ ਅਨੰਦਪੁਰ ਸਾਹਿਬ ’ਚ ਕਈ ਨਵੀਆਂ ਇਮਾਰਤਾ ਦੀ ਉਸਾਰੀ ਸੁਰੂ ਹੋ ਗਈ ਸੀ। ਇਸ ਨਾਲ ਸ਼ਹਿਰ ਵਿਚ ਨਵੀ ਦਿੱਖ ਤਾਂ ਬਣ ਗਈ ਪਰ ਸ਼ਹਿਰ ਦੀ ਪੁਰਾਣੀ ਤਵਾਰੀਖ਼ੀ ਦਿੱਖ ਵੀ ਹੋਰ ਸੁੰਦਰ ਹੋ ਗਈ ਹੈ। ਅਨੰਦਪੁਰ ਸਾਹਿਬ ਦਾ ਇਲਾਕਾ (ਕੀਰਤਪੁਰ ਤੋ ਨੰਗਲ ਤੇ ਊਨਾ ਤੱਕ) ਕਿਸੇ ਵੇਲੇ ਸੰਘਣਾ ਜੰਗਲ ਸੀ। ਇਸ ਇਲਾਕੇ ਵਿਚ ਇਸ ਪਾਸੇ ਦਰਿਆ ਸਤਲੁਜ,ਚਰਨ ਗੰਗਾ ਤੇ ਚੋਅ ਸਨ ਅਤੇ ਦੂਜੇ ਪਾਸੇ ਪਹਾੜ ਸਨ। ਦਰਿਆ ਤੇ ਪਹਾੜਾ ਵਿਚ ਸੰਘਣੇ ਜੰਗਲ ਵਿਚ ਬਹੁਤ ਸਾਰੇ ਹਾਥੀ,ਸ਼ੇਰ,ਬਘਿਆੜ ਤੇ ਹੋਰ ਜਾਨਵਰ ਖੁਲ੍ਹੇ ਆਮ ਫਿਰਿਆ ਕਰਦੇ ਸਨ। ਜਦੋ ਇੱਥੇ ਹਾਥੀ ਬਹੁਤ ਸਨ ਤਾਂ ਲੋਕ ਇਸ ਨੂੰ ਹਥੋਤ ( ਹਾਥੀਆ ਦਾ ਘਰ) ਆਖਿਆ ਕਰਦੇ ਸਨ। ਹਥੋਤ ਦੇ ਇਲਾਕੇ ਦੀ ਲੰਬਾਈ ਤਕਰੀਬਨ 50 ਕੁ ਕਿਲੋਮੀਟਰ ਚੌੜਾਈ ਤੇ 10-12 ਕਿਲੋਮੀਟਰ ਸੀ। ਜਦੋ ਗੁਰੂ ਸਾਹਿਬ ਨੇ ਇਹ ਇਲਾਕਾ ਚੁਣਿਆ ਉਸ ਵੇਲੇ ਜਾਨਵਰ ਤਾਂ ਪਹਾੜੀ ਜੰਗਲ ਵਿਚ ਹੀ ਰਹਿ ਗਏ ਸਨ ਤੇ ਬਾਕੀਆਂ ਨੂੰ ਸ਼ਿਕਾਰੀਆਂ ਨੇ ਮਾਰ ਦਿੱਤਾ ਸੀ ਪਰ ਫਿਰ ਵੀ ਇੱਥੇ ਲੋਕ ਨਹੀ ਰਹਿੰਦੇ ਸਨ। ਗੁਰੂ ਸਾਹਿਬ ਨੇ ਇਸ ਜੰਗਲ ਵਿਚ ਹੀ ਰਮਣੀਕ ਵਾਦੀ ਵਸਾ ਦਿੱਤੀ ਸੀ। ਜਿੱਥੇ ਦਿਨ ਵੇਲੇ ਵੀ ਕੋਈ ਨੇੜੇ ਨਹੀ ਭਟਕਦਾ ਸੀ ਉਥੇ ਹਰ ਵੇਲੇ ਸੈਕੜੇ ਤੇ ਹਜ਼ਾਰਾ ਸੰਗਤਾਂ ਦੀਆ ਰੋਣਕਾਂ ਲੱਗੀਆ ਰਹਿੰਦੀਆ ਸਨ।
ਮਾਖੋ ਅਤੇ ਮਾਟੋ ਦੋ ਦੈਂਤ- ਅਨੰਦਪੁਰ ਸਾਹਿਬ ਬਾਰੇ ਇਹ ਹੋਰ ਕਥਾ ਵੀ ਮਸ਼ਹੂਰ ਹੈ ਕਿ ਇੱਥੇ ਮਾਖੋ ਤੇ ਮਾਟੋ ਦੋ ਦੈਂਤ ਰਿਹਾ ਕਰਦੇ ਸਨ ਤੇ ਦੋਹਾ ਨੇ ਮਾਖੋਵਾਲ ਤੇ ਮਟੌਰ ਪਿੰਡ ਵਸਾਏ। ਉਹ ਦੋਵੇ ਜਾਲਮ ਸਨ ਤੇ ਲੋਕ ਉਨ੍ਹਾਂ ਤੋ ਦੁਖੀ ਸਨ। ਇਹ ਕਹਾਣੀ ਮੁਕਾਮੀ ਰਿਵਾਇਤ ਦਾ ਹਿੱਸਾ ਹੈ। ਉਝ ਤਵਾਰੀਖ਼ ’ਚ ਇਸ ਦਾ ਕੋਈ ਹਵਾਲਾ ਨਹੀ ਮਿਲਦਾ।ਸਿੱਖ ਤਵਾਰੀਖ਼ ਵਿਚ ਹਥੌਤ ਦੇ ਇਲਾਕੇ ਦੀ ਜੇ ਕਿਸੇ ਜਗਾ ਦਾ ਜ਼ਿਕਰ ਆਉਦਾ ਹੈ ਤਾਂ ਉਹ ਕੀਰਤਪੁਰ ਸਾਹਿਬ ਦੇ ਬਾਹਰ ਸਾਈ ਬੁੱਢਣ ਸ਼ਾਹ ਦੇ ਡੇਰੇ ਦਾ ਹੈ। ਜਨਮ ਸਾਖੀਆਂ ਮੁਤਾਬਿਕ ਗੁਰੂ ਨਾਨਕ ਸਾਹਿਬ ਆਪਣੀਆਂ ਉਦਾਸੀਆਂ ਵੇਲੇ ਇਕ ਵਾਰ ਕੀਰਤਪੁਰ ਕੋਲੋ ਲੰਘੇ ਤਾਂ ਸਾਈ ਬੁੱਢਣ ਸ਼ਾਹ ਨਾਲ ਵਾਰਤਾ ਕੀਤੀ ਤੇ ਉਸ ਕੋਲੋ ਦੁੱਧ ਛਕਿਆ ਸੀ। ਇਸ ਮਗਰੋ ਹਥੌਤ ਦੇ ਇਲਾਕੇ ਵਿਚ 1624 ਵਿਚ ਗੁਰੂ ਹਰਿਗੋਬਿੰਦ ਸਾਹਿਬ ਆਏ ਅਤੇ ਉਨ੍ਹਾਂ ਦੇ ਵੱਡੇ ਬੇਟੇ ਬਾਬਾ ਗੁਰਦਿੱਤਾ ਨੇ ਕੀਰਤਪੁਰ ਸਾਹਿਬ ਵਸਾਇਆ। 1665 ਵਿਚ ਗੁਰੂ ਤੇਗ ਬਹਾਦੁਰ ਸਾਹਿਬ ਨੇ ਚੱਕ ਨਾਨਕੀ ਵਸਾਇਆ ਅਤੇ 1689 ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਦੀ ਮੋੜ੍ਹੀ ਗੱਡੀ।ਇੰਝ ਗੁਰੂ ਸਾਹਿਬ ਨੇ ਇਸ ਉਜਾੜ ਬੀਆਬਾਨ ਇਲਾਕੇ ਵਿੱਚ ਰੌਣਕਾਂ ਲਾ ਦਿੱਤੀਆ। ਅੱਜ ਹਥੌਤ ਦੇ ਇਲਾਕੇ ਵਿਚ ਗੁਰਦੁਆਰਿਆਂ ਕਰ ਕੇ ਇਸ ਇਲਾਕੇ ਦਾ ਨਾਂ ਦੁਨੀਆਂ ਭਰ ਦੇ ਨਕਸ਼ੇ ਤੇ ਹੈ ਇਹ ਸਤਿਗੁਰਾਂ ਦੀ ਹੀ ਦੇਣ ਹੈ। ਅਨੰਦਪੁਰ ਸਾਹਿਬ ਤੋਂ ਭੱਠਾ ਸਾਹਿਬ(ਰੌਪੜ) ਤੱਕ ਦੀ ਸਾਰੀ ਜ਼ਮੀਨ ਨੂੰ ਸਿੱਖ ਸ਼ਹੀਦਾ ਦੇ ਡੁਲਦੇ ਖੂਨ ਨੇ ਪਵਿੱਤਰ ਕੀਤਾ ਹੋਇਆ ਹੈ। ਹਰ ਪਾਸੇ ਝੂਲਦੇ ਖਾਲਸੇ ਦੇ ਨਿਸ਼ਾਨ ਸਾਹਿਬ ਗੁਰੂ ਸਾਹਿਬ ਦੀ ਰਿਆਸਤ ਦੀ ਸ਼ਾਨ ਵਧਾਉਦੇ ਹਨ। ਪਰ ਜਿਸ ਰਿਆਸਤ(ਬਿਲਾਸਪੁਰ) ਨੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਛੱਡਣ ਤੇ ਮਜਬੂਰ ਕੀਤਾ ਅੱਜ ਉਸ ਦੀ ਸੈਕੜੇ ਸਾਲ ਪੁਰਾਣੀ ਰਾਜਧਾਨੀ ਬਿਲਾਸਪੁਰ ਦਾ ਨਾਂ ਨਿਸ਼ਾਨ ਨਹੀ ਰਿਹਾ ਤੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਤੇ ਬਣੇ ਗੋਬਿੰਦ ਸਾਗਰ ਦੀ ਤਹਿ ’ਚ ਪੰਜਾਹ ਫੁਟ ਹੇਠਾਂ ਸਮਾ ਚੁੱਕੀ ਹੈ।ਅਨੰਦਪੁਰ ਸਾਹਿਬ ਵਿਚੋ ਗੁਰੂ ਸਾਹਿਬ ਨੂੰ ਖਦੇੜਨ ਵਾਲੇ ਟੱਬਰ ਦਾ ਅੱਜ ਨਾਂ ਨਿਸ਼ਾਨ ਵੀ ਨਹੀ ਰਿਹਾ।ਹੁਣ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਹਰ ਵੇਲੇ ਇਸ ਖੇਤਰ ਦੇ ਵਿਕਾਸ ਲਈ ਦਿਲ ਖੋਲ ਕੇ ਗਰਾਂਟਾ ਜਾਰੀ ਕਰਦੇ ਹਨ ਅਤੇ ਉਹਨਾਂ ਦੀ ਸਰਕਾਰ ਦੇ ਕਾਰਜਕਾਲ ਵਿਚ ਇਸ ਇਲਾਕੇ ਦਾ ਚਹੁਮੁੱਖੀ ਵਿਕਾਸ ਹੋ ਰਿਹਾ ਹੈ। 350 ਸਾਲਾ ਸਥਾਪਨਾ ਸਮਾਗਮਾ ਮੋਕੇ ਜਿੱਥੇ ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਖੇਤਰ ਦੀਆਂ ਸੜਕਾ ਦਾ ਨਵੀਨੀਕਰਨ ਅਤੇ ਮੁਰੰਮਤ ਲਈ ਵੱਖ ਵੱਖ ਵਿਭਾਗਾ ਨੂੰ ਨਿਰਦੇਸ਼ ਜਾਰੀ ਹੋ ਚੁੱਕੇ ਹਨ।
ਨਗਰ ਕੋਂਸਲ ਵਲੋਂ ਵੀ ਸ਼ਹਿਰ ਦੀ ਅੰਦਰੂਨੀ ਸਾਫ ਸਫਾਈ ਅਤੇ ਗਲੀਆਂ ਦੀ ਉਸਾਰੀ ਦਾ ਕੰਮ ਜਲਦੀ ਹੀ ਕਰੋੜਾ ਰੁਪਏ ਦੀ ਲਾਗਤ ਨਾਲ ਜੰਗੀ ਪੱਧਰ ਤੇ ਸ਼ੁਰੂ ਕੀਤਾ ਜਾ ਰਿਹਾ ਹੈ। ਦਿੱਲੀ ਗੁਰਦੂਆਰਾ ਪ੍ਰਬੰਧਕ ਕਮੇਟੀ ਨੇ 9 ਮਈ ਤੋਂ ਸ਼ਹਿਰ ਨੂੰ ਚਿੱਟੇ ਰੰਗ ਵਿਚ ਰੰਗਣ ਦਾ ਕੰਮ ਸ਼ੁਰੁੂ ਕਰ ਦਿੱਤਾ ਹੈ ਸਰਕਾਰੀ ਵਿਭਾਗ ਵੀ ਪੱਬਾ ਭਾਰ ਹੋ ਗਏ ਹਨ। ਸ਼ਹਿਰ ਦੇ ਬੁੱਧੀਜੀਵੀਆ ਲੇਖਕਾ ਤੇ ਵਪਾਰੀ ਵਰਗ ਵਿਚ ਇਨ੍ਹਾਂ 350 ਸਾਲਾ ਸਮਾਗਮਾ ਨੂੰ ਲੈ ਕੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।



