Skip to content
Independent perspectives. Global stories.
BREAKING

ਸਿਹਤ ਮੰਤਰੀ ਵੱਲੋਂ ਰੱਖਿਆ ਨਸ਼ਾ ਛੁਡਾਊ ਕੇਂਦਰ ਦਾ ਨੀਂਹ ਪੱਥਰ ਟੁੱਟਿਆ

Share this story

ਸਮਰਾਲਾ, 3 ਜੂਨ (ਕਮਲਜੀਤ)- ਸਥਾਨਕ ਸਬ-ਡਵੀਜ਼ਨਲ ਸਿਵਲ ਹਸਪਤਾਲ ਸਮਰਾਲਾ ਵਿਖੇ 53 ਲੱਖ ਰੁਪਏ ਦੀ ਲਾਗਤ ਨਾਲ 10 ਬਿਸਤਰਿਆਂ ਵਾਲੇ ਨਸ਼ਾ ਛੁਡਾਊ ਕੇਂਦਰ ਦਾ ਨੀਂਹ ਪੱਥਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸੁਰਜੀਤ ਕੁਮਾਰ ਜਿਆਣੀ ਵੱਲੋਂ ਕਰੀਬ 10 ਮਹੀਨੇ ਪਹਿਲਾ ਰੱਖਿਆ ਗਿਆ ਸੀ, ਪਿਛਲੇ ਕਈ ਦਿਨਾਂ ਤੋਂ ਟੁੱਟਿਆ ਪਿਆ ਹੈ। ਅੱਜ ਜਦੋਂ ਪੱਤਰਕਾਰਾਂ ਦੀ ਟੀਮ ਨੇ ਸਿਵਲ ਹਸਪਤਾਲ ਸਮਰਾਲਾ ਦਾ ਦੌਰਾ ਕੀਤਾ ਤਾਂ ਨੀਂਹ ਪੱਥਰ ਟੁੱਟਿਆ ਪਿਆ ਸੀ ਅਤੇ ਨੀਂਹ ਪੱਥਰ ਦੇ ਅਨੇਕਾਂ ਟੁੱਕੜੇ ਹੋਏ ਪਏ ਸਨ। ਹਸਪਤਾਲ ਵਿੱਚ ਉਕਤ ਨੀਂਹ ਪੱਥਰ ਰੱਖਣ ਵੇਲੇ ਸ਼੍ਰੀ ਜਿਆਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਵਿੱਚ ਹੁਣ ਤੱਕ 21 ਨਸ਼ਾ ਛੁਡਾਊ ਕੇਂਦਰ ਸਥਾਪਿਤ ਹੋ ਚੁੱਕੇ ਹਨ, ਜਦਕਿ ਜਲਦੀ ਹੀ 7 ਹੋਰ ਨਵੇਂ ਕੇਂਦਰ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਨੇ 10 ਮਹੀਨੇ ਪਹਿਲਾਂ ਆਪਣੇ ਸਮਰਾਲਾ

ਦੌਰੇ ਦੌਰਾਨ ਚਿਰਾਂ ਤੋਂ ਲਟਕਦੀ ਆ ਰਹੀ ਬਲੱਡ ਬੈਂਕ ਦੀ ਸਮੱਸਿਆ ਨੂੰ ਹੱਲ ਕਰਨ ਦਾ ਵਾਅਦਾ ਕਰਦਿਆਂ ਕਿਹਾ ਸੀ ਕਿ ਇੱਕ ਹਫ਼ਤੇ ਵਿੱਚ ਇਹ ਬਲੱਡ ਬੈਂਕ ਚਾਲੂ ਹੋ ਜਾਵੇਗਾ, ਪਰ ਇਹ ਬਲੱਡ ਬੈਂਕ ਅਜੇ ਤੱਕ ਵੀ ਚਾਲੂ ਨਹੀਂ ਹੋ ਸਕਿਆ। ਉਨ੍ਹਾਂ ਆਯੁਰਵੈਦਿਕ ਡਿਸਪੈਂਸਰੀ, ਜੋ ਕਿ ਸਮਰਾਲਾ ਦੇ ਇੱਕ ਮੁਹੱਲੇ ’ਚ ਚੱਲ ਰਹੀ ਹੈ, ਨੂੰ ਵੀ ਸਿਵਲ ਹਸਪਤਾਲ ਸਮਰਾਲਾ ਅਧੀਨ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ, ਤਾਂ ਜੋ ਐਲੋਪੈਥੀ, ਹੋਮਿਓਪੈਥੀ ਅਤੇ ਆਯੁਰਵੈਦਿਕ ਇੱਕ ਛੱਤ ਥੱਲੇ ਰਹਿ ਕੇ ਲੋਕਾਂ ਦੀ ਸੇਵਾ ਕਰ ਸਕਣ ਬਾਰੇ ਵੀ ਵਾਅਦਾ ਕੀਤਾ ਸੀ। ਉਹ ਸਥਾਨਕ ਲੋਕਾਂ ਦੀ ਮੰਗ ਪੂਰੀ ਨਹੀਂ ਹੋਈ। ਸ਼੍ਰੀ ਜਿਆਣੀ ਵੱਲੋਂ ਰੱਖੇ ਗਏ ਉਕਤ ਨੀਂਹ ਪੱਥਰ ਦੇ ਟੁੱਟਣ ਬਾਰੇ ਐਸ. ਐਮ. ਓ. ਸਮਰਾਲਾ ਡਾ. ਨਰਿੰਦਰ ਕੁਮਾਰ ਨੇ ਦੱਸਿਆ ਕਿ ਹਰ ਰੋਜ਼ ਟ੍ਰੇਨਿੰਗ ਲਈ ਆਉਂਦੇ ਨਰਸਿੰਗ ਵਿਦਿਆਰਥੀਆਂ ਦੀ ਕਾਲਜ਼ ਬੱਸ ਦੀ ਫੇਟ ਵੱਜਣ ਕਾਰਨ ਟੁੱਟ ਗਿਆ ਸੀ ਜਿਸ ਬਾਰੇ ਪੀ. ਡਬਲਯੂ. ਡੀ. ਅਧਿਕਾਰੀਆਂ ਅਤੇ ਸਬੰਧਿਤ ਕਾਲਜ਼ ਦੇ ਪ੍ਰਿੰਸੀਪਲ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਕਾਲਜ਼ ਪ੍ਰਬੰਧਕਾਂ ਨੇ ਇਹ ਨੀਂਹ ਪੱਥਰ ਬਣਵਾਉਣ ’ਤੇ ਆਉਣ ਵਾਲਾ ਸਾਰਾ ਖਰਚਾ ਕਰਨ ਦਾ ਭਰੋਸਾ ਦਿੱਤਾ ਹੈ ਜਿਹੜਾ ਕਿ ਜਲਦ ਹੀ ਬਣਵਾ ਦਿੱਤਾ ਜਾਵੇਗਾ।

WRITTEN BY