May 1, 2026 7:02 pm

ਮੋਦੀ ਸ੍ਰੀ ਆਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਸਬੰਧੀ ਸਮਾਗਮ ਵਿਚ 19 ਜੂਨ ਨੂੰ ਸ਼ਾਮਲ ਹੋਣਗੇ

ਮੁੱਖ ਮੰਤਰੀ ਵਲੋਂ ਮੋਦੀ, ਜੇਤਲੀ ਅਤੇ ਰਾਜਨਾਥ ਸਿੰਘ ਨੂੰ ਸਮਾਰੋਹ ਵਿਚ ਸ਼ਾਮਲ ਹੋਣ ਦਾ ਨਿੱਜੀ ਤੌਰ ’ਤੇ ਸੱਦਾ

ਜਲੰਧਰ/ਨਵੀਂ ਦਿੱਲੀ, 29 ਮਈ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਲੋਂ ਨਿੱਜੀ ਤੌਰ ’ਤੇ ਦਿੱਤੇ ਗਏ ਸੱਦਾ ਪੱਤਰ ਨੂੰ ਪ੍ਰਵਾਨ ਕਰਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ੍ਰੀ ਆਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਸਮਾਗਮ ਵਿਚ 19 ਜੂਨ ਨੂੰ ਸ਼ਮੂਲੀਅਤ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ।ਮੁੱਖ ਮੰਤਰੀ ਅੱਜ ਸਵੇਰੇ ਸ੍ਰੀ ਮੋਦੀ ਨੂੰ 7 ਰੇਸ ਕੋਰਸ ਰੋਡ ਵਿਖੇ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮਿਲੇ ਅਤੇ ਉਨ੍ਹਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਮੌਕੇ ਹੋਣ ਵਾਲੇ ਮੈਗਾ ਸਮਾਰੋਹ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਨ ਦੀ ਬੇਨਤੀ ਕੀਤੀ। ਸ. ਬਾਦਲ ਨੇ ਪ੍ਰਧਾਨ ਮੰਤਰੀ ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਸੰਖੇਪ ਜਾਣਕਾਰੀ ਦਿੱਤੀ ਜਿਸ ਨੂੰ ਕਿ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 1665 ਈਸਵੀਂ ਵਿਚ ਵਸਾਇਆ ਸੀ ਅਤੇ ਉਨ੍ਹਾਂ ਨੇ ਮਾਨਵੀ ਅਧਿਕਾਰਾਂ ਅਤੇ ਮਾਨਵੀ ਮਰਿਆਦਾ ਨੂੰ ਬਣਾਈ

ਰੱਖਣ ਲਈ ਆਪਣਾ ਬਲੀਦਾਨ ਦਿੱਤਾ ਸੀ। ਸ. ਬਾਦਲ ਨੇ ਦੱਸਿਆ ਕਿ ਇਹ ਧਰਤੀ ਖਾਲਸਾ ਪੰਥ ਦੀ ਜਨਮ ਭੂਮੀ ਹੈ ਜਿਥੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਵਿਸਾਖੀ ਦੇ ਇਤਿਹਾਸਕ ਦਿਹਾੜੇ ’ਤੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਸੇ ਦੌਰਾਨ ਸ. ਬਾਦਲ ਨੇ ਨੰਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲਨਗਰ ਸਾਹਿਬ ਬੋਰਡ ਦੇ ਮੁੱਖੀ ਨੂੰ ਨਾਮਜਦ ਕਰਨ ਸਬੰਧੀ ਸੰਵੇਦਨਸ਼ੀਲ ਮੁੱਦੇ ਨੂੰ ਪ੍ਰਧਾਨ ਮੰਤਰੀ ਕੋਲ ਉਠਾਇਆ ਜੋ ਕਿ ਦੁਨੀਆਂ ਭਰ ਦੇ ਸਿੱਖਾਂ ਦੇ ਮੰਨਾਂ ਵਿਚ ਵਿਰੋਧ ਦਾ ਕਾਰਨ ਬਣਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਨੰਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲਨਗਰ ਸਾਹਿਬ ਐਕਟ, 1956 ਬੋਰਡ ਦੇ ਗਠਨ ਲਈ ਬਣਾਇਆ ਗਿਆ ਸੀ ਜੋ ਕਿ ਸਿੱਖਾਂ ਦੇ ਪੰਜਵੇਂ ਤਖਤ ਨੰਦੇੜ ਸਾਹਿਬ (ਮਹਾਂਰਾਸ਼ਟਰ) ਨੂੰ ਚਲਾਉਣ ਦੇ ਪ੍ਰਬੰਧ ਨਾਲ ਸਬੰਧਤ ਸੀ। ਉਨ੍ਹਾਂ ਕਿਹਾ ਕਿ ਇਹ ਬੋਰਡ ਦੇ ਪ੍ਰਧਾਨ ਦੀ ਚੋਣ ਲਈ ਜਮਹੂਰੀ ਪ੍ਰਣਾਲੀ ਸੀ ਜੋ ਕਿ 1956 ਤੋਂ ਦੁਨੀਆਂ ਭਰ ਦੇ ਸਿੱਖਾਂ ਦੀ ਸੰਤੁਸ਼ਟੀ ਅਨੁਸਾਰ ਕਾਰਜ ਕਰ ਰਹੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਦੀ ਚੋਣ ਬੋਰਡ ਦੇ ਦੁਆਰਾ ਹੁੰਦੀ ਸੀ ਜੋ ਕਿ ਪੰਜਵੇਂ ਤਖਤ ਦੇ ਕੰਮ-ਕਾਜ ਨੂੰ ਸਹੀ ਢੰਗ ਨਾਲ ਚਲਾਉਣ ਲਈ ਜ਼ਰੂਰੀ ਸੀ।
ਉਨ੍ਹਾਂ ਕਿਹਾ ਕਿ ਪ੍ਰਧਾਨ ਦੀ ਜਮਹੂਰੀ ਚੋਣ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਕਰਨ ਦਾ ਕੋਈ ਵੀ ਕਾਰਨ ਨਹੀਂ ਸੀ। ਸ. ਬਾਦਲ ਨੇ ਕਿਹਾ ਕਿ ਬੋਰਡ ਦਾ ਪ੍ਰਧਾਨ ਐਕਟ ਦੇ ਬਣਨ ਤੋਂ ਬਾਅਦ ਲਗਾਤਾਰ ਮੈਂਬਰਾਂ ਦੁਆਰਾ ਚੁਣਿਆ ਜਾਂਦਾ ਰਿਹਾ ਹੈ। ਮੁੱਖ ਮੰਤਰੀ ਨੇ ਸ੍ਰੀ ਮੋਦੀ ਦੇ ਧਿਆਨ ਵਿਚ ਲਿਆਂਦਾ ਹੈ ਕਿ ਫਰਵਰੀ 2015 ਵਿਚ ਮਹਾਂਰਾਸ਼ਟਰਾ ਸਰਕਾਰ ਨੇ ਇਸ ਐਕਟ ਵਿਚ ਇੱਕ ਆਰਡੇਨੈਂਸ ਦੇ ਰਾਹੀਂ ਸੋਧ ਕਰ ਦਿੱਤੀ ਹੈ ਜਿਸ ਦੇ ਅਨੁਸਾਰ ਬੋਰਡ ਦਾ ਪ੍ਰਧਾਨ ਸਰਕਾਰ ਦੁਆਰਾ ਬੋਰਡ ਦੇ ਮੈਂਬਰਾਂ ਵਿਚੋਂ ਨਾਮਜਦ ਕੀਤਾ ਜਾਵੇਗਾ।
ਸ. ਬਾਦਲ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਹਾਂਰਾਸ਼ਟਰਾ ਸਰਕਾਰ ਨੂੰ ਇਹ ਗੈਰ-ਜ਼ਰੂਰੀ ਸੋਧ ਵਾਪਸ ਲੈਣ ਅਤੇ ਬੋਰਡ ਦੇ ਪ੍ਰਧਾਨ ਦੀ ਚੋਣ ਲਈ ਲੰਮੇ ਸਮੇਂ ਤੋਂ ਅਮਲ ਵਿਚ ਲਿਆਂਦੀ ਜਾ ਰਹੀ ਜਮਹੂੀ ਪ੍ਰਣਾਲੀ ਨੂੰ ਬਹਾਲ ਕਰਨ ਲਈ ਆਖਣ। ਬਾਅਦ ਵਿਚ ਸ. ਬਾਦਲ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਨ ਜੇਤਲੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਵੀ ਉਨ੍ਹਾਂ ਦੇ ਦਫ਼ਤਰ ਵਿਖੇ ਮਿਲੇ ਅਤੇ ਉਨ੍ਹਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ।

Send this to a friend