ਜੀਡੀਪੀ ਵਿਕਾਸ ਦਰ 6.9 ਤੋਂ ਵਧ ਕੇ 7.3 ਫੀਸਦੀ ’ਤੇ ਪਹੁੰਚੀ
ਨਵੀਂ ਦਿੱਲੀ, 29 ਮਈ (ਪੀ. ਟੀ. ਲਾਇਵ)- ਮੋਦੀ ਸਰਕਾਰ ਨੇ ਅੱਜ ਦੇਸ਼ ਦੀ ਅਰਥ ਵਿਵਸਥਾ ਦੀ ਸ਼ਾਨਦਾਰ ਤਸਵੀਰ ਪੇਸ਼ ਕੀਤੀ ਹੈ ਜਿਸ ਅਨੁਸਾਰ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ 6.9 ਤੋਂ ਵਧ ਕੇ 7.3 ਫੀਸਦੀ ’ਤੇ ਪਹੁੰਚ ਗਈ ਹੈ। ਇਸ ਤਹਿਤ ਸੇਵਾ, ਵਿਨਿਰਮਾਣ ਅਤੇ ਨਿਰਮਾਣ ਦੇ ਖੇਤਰ ਦੇ ਦਮ ਉੱਤੇ ਉਹ ਵਾਧਾ ਦਰਜ ਕੀਤਾ ਗਿਆ ਹੈ। ਪਰ ਇਸ ਦੌਰਾਨ ਖਾਣਾਂ ਅਤੇ ਖੇਤੀ ਖੇਤਰ ਵਿੱਚ ਕਾਫੀ ਸੁਸਤੀ ਦੇਖਣ ਨੂੰ ਮਿਲੀ। ਖਾਣਾਂ ਦੇ ਖੇਤਰ ਵਿੱਚ ਵਾਧੇ ਦੀ ਦਰ 5.4 ਫੀਸਦੀ ਤੋਂ ਘੱਟ ਕੇ 2.4 ਫੀਸਦੀ ਅਤੇ ਖੇਤੀ ਖੇਤਰ ਵਿੱਚ ਵਾਧਾ 3 ਫੀਸਦੀ ਤੋਂ ਘੱਟ ਕੇ ਸਿਰਫ 0.2 ਫੀਸਦੀ ਰਹਿ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਵਿੱਤੀ ਸਾਲ 2015 ਵਿੱਚ ਵਾਧੇ ਦੇ ਅਨੁਮਾਨ ਨੂੰ 7.4 ਫੀਸਦੀ ਤੋਂ ਘਟਾ ਕੇ 7.3 ਫੀਸਦੀ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਵਿੱਤ ਸਕੱਤਰ ਰਾਜੀਵ ਮਹਾਰਿਸ਼ੀ ਨੇ ਕਿਹਾ ਸੀ ਕਿ ਆਰਥਿਕ ਵਾਧੇ ਨੂੰ ਪ੍ਰਭਾਵਿਤ ਕਰਨ ਵਾਲੇ ਬੁਨਿਆਦੀ ਮੁੱਦਿਆਂ
ਦਾ ਹੱਲ ਹੋ ਜਾਣ ‘ਤੇ ਭਾਰਤੀ ਅਰਥਵਿਵਸਥਾ ਦੇ ਅਗਲੇ 10 ਤੋਂ 15 ਸਾਲ ’ਚ 8.5 ਤੋਂ 9 ਫੀਸਦੀ ਦੀ ਵਾਧਾ ਦਰ ਹਾਸਲ ਕੀਤੇ ਜਾਣ ਦੀ ਉਮੀਦ ਹੈ। ਮਹਾਰਿਸ਼ੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਦੀ ਵਾਧਾ ਦਰ ਦੀ ਸੰਭਾਵਨਾ ਅਗਲੇ 10 ਤੋਂ 15 ਸਾਲ ’ਚ 8.5 ਫੀਸਦੀ ਤੋਂ 9.0 ਫੀਸਦੀ ਦੇ ਕਰੀਬ ਹੈ। ਜਿਨ੍ਹਾਂ ਬੁਨਿਆਦੀ ਮੁੱਦਿਆਂ ਨੂੰ ਹਲ ਕਰਨ ‘ਚ ਅਸੀਂ ਲੱਗੇ ਹਾਂ ਉਸ ਦੇ ਕਾਰਨ ਥੋੜ੍ਹੇ ਸਮੇਂ ਦੀ ਵਾਧਾ ਦਰ ਘੱਟ ਰਹਿ ਸਕਦੀ ਹੈ।
ਮਹਾਰਿਸ਼ੀ ਨੇ ਕਿਹਾ ਕਿ ਦੇਸ਼ ਦੇ ਸਾਹਮਣੇ ਕਈ ਸਮਾਜਿਕ-ਆਰਥਿਕ ਸਮੱਸਿਆਵਾਂ ਹਨ ਜਿਨ੍ਹਾਂ ਦੇ ਹੱਲ ਦੇ ਲਈ ਮਜ਼ਬੂਤ ਆਰਥਿਕ ਵਾਧਾ ਜ਼ਰੂਰੀ ਹੈ। ਮਹਾਰਿਸ਼ੀ ਨੇ ਕਿਹਾ ਕਿ ਸਰਕਾਰ ਨਿਵੇਸ਼ ਅਤੇ ਵਾਧੇ ਨੂੰ ਰਫਤਾਰ ਦੇਣ ਦੇ ਲਈ ਜੋ ਕਦਮ ਚੁੱਕ ਰਹੀ ਹੈ ਉਸ ਨਾਲ ਭਾਰਤ ਦੀ ਆਰਥਿਕ ਵਾਧਾ ਦਰ ਚਾਲੂ ਮਾਲੀ ਸਾਲ ‘ਚ ਘੱਟੋ-ਘੱਟ 8 ਫੀਸਦੀ ਰਹਿ ਸਕਦੀ ਹੈ। ਆਰਥਿਕ ਸਮੀਖਿਆ ‘ਚ ਚਾਲੂ ਮਾਲੀ ਸਾਲ ਦੇ ਦੌਰਾਨ ਵਾਧਾ ਦਰ 8.1 ਤੋਂ 8.5 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ।