ਜਲੰਧਰ/ਚੰਡੀਗੜ੍ਹ, 28 ਮਈ- ਸਿੱਖਿਆ ਵਿਭਾਗ ਵੱਲੋਂ ਖੇਡਾਂ ਵਿੱਚ ਦਿਲਚਸਪੀ ਰੱਖਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਕੋਚਿੰਗ ਦੇਣ ਲਈ ਮੌਜੂਦਾ ਅਕਾਦਮਿਕ ਵਰ੍ਹੇ 2015-16 ਦੌਰਾਨ ਖੁੱਲ੍ਹੇ ਜਾਣ ਵਾਲੇ ਖੇਡ ਵਿੰਗਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿੰਗਾਂ ਲਈ ਖਿਡਾਰੀਆਂ ਦੀ ਚੋਣ ਲਈ ਪਹਿਲੀ ਜੂਨ ਨੂੰ ਟਰਾਇਲ ਸ਼ੁਰੂ ਹੋ ਜਾਣਗੇ। ਵੱਖ-ਵੱਖ ਵਿੰਗਾਂ ਲਈ ਲਏ ਜਾਣ ਵਾਲੇ ਇਹ ਟਰਾਇਲ 2, 4, 5 ਤੇ 6 ਜੂਨ ਨੂੰ ਵੀ ਲਏ ਜਾਣਗੇ। ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵੱਲੋਂ ਬੀਤੇ ਦਿਨੀਂ ਜੂਨੀਅਰ ਵਿਸ਼ਵ ਚੈਂਪੀਅਨ ਬਣੀ ਮੁੱਕੇਬਾਜ਼ ਮਨਦੀਪ ਕੌਰ ਸੰਧੂ ਨੂੰ ਸਨਮਾਨਤ ਕਰਨ ਸਮੇਂ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਪਿੰਡ ਚਕਰ ਨੂੰ ਮੁੱਕੇਬਾਜ਼ੀ ਦੇ ਦੋ ਵਿੰਗ ਅਲਾਟ ਕੀਤੇ ਗਏ ਹਨ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੇ 20 ਸਕੂਲਾਂ ਨੂੰ ਵੱਖ-ਵੱਖ ਖੇਡਾਂ ਦੀਆਂ 39 ਵੰਨਗੀਆਂ ਦੇ ਵਿੰਗ ਅਲਾਟ ਕੀਤੇ ਗਏ ਹਨ। ਇਨ੍ਹਾਂ ਵਿੰਗਾਂ ਲਈ ਚੁਣੇ ਜਾਣ ਵਾਲੇ ਖਿਡਾਰੀਆਂ ਨੂੰ ਸਾਲ ਭਰ ਮੁਫਤ ਰਿਹਾਇਸ਼ ਤੇ ਪੜ੍ਹਾਈ (ਕੰਪਿਊਟਰ ਫੀਸ ਸਮੇਤ) ਤੋਂ ਇਲਾਵਾ ਖੇਡਾਂ ਦਾ ਸਮਾਨ, ਦੋ ਖੇਡ ਕਿੱਟਾਂ, ਇਕ ਟਰੈਕ ਸੂਟ, ਬੂਟ ਅਤੇ 125 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਖੁਰਾਕ ਦਿੱਤੀ ਜਾਵੇਗੀ। ਇਸ ਦੇ ਨਾਲ ਇਨ੍ਹਾਂ ਖਿਡਾਰੀਆਂ ਨੂੰ ਮਾਹਿਰ ਕੋਚਾਂ ਵੱਲੋਂ ਕੋਚਿੰਗ ਦਿੱਤੀ ਜਾਵੇਗੀ।
ਟਰਾਇਲਾਂ ਦੇ ਵੇਰਵੇ ਜਾਰੀ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਾ ਰਾਏਪੁਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਰਖੜ ਦੇ ਖੇਡ ਵਿੰਗਾਂ ਲਈ ਟਰਾਇਲ ਪਹਿਲੀ ਜੂਨ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਲਏ ਜਾਣਗੇ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਰੂਪਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਤੇ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਦੇ ਖੇਡ ਵਿੰਗਾਂ ਦੇ ਟਰਾਇਲ 2 ਜੂਨ ਨੂੰ ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ ਵਿਖੇ ਹੋਣਗੇ।