May 1, 2026 2:11 pm

ਡਾ. ਮਨਮੋਹਨ ਸਿੰਘ ਨੇ ਲਈ 1 ਘੰਟੇ ਦੀ ਕਲਾਸ

ਰਾਹੁਲ ਵੱਲੋਂ ਮੋਦੀ ’ਤੇ ਮੁੜ ਤਿੱਖਾ ਹਮਲਾ

manmohan-singh-was-a-better-finance-minister-than-pm-bjp_270713054345 ਨਵੀਂ ਦਿੱਲੀ, 28 ਮਈ (ਪੀ. ਟੀ. ਲਾਇਵ)- ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਐਨਐਸਯੂਆਈ ਦੇ ਇੱਕ ਸਮਾਗਮ ਨੂੰ ਸੰਬੋਧਨ ਦੌਰਾਨ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਹਾਲ ਹੀ ’ਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ   ਦੌਰਾਨ ਡਾ. ਮਨਮੋਹਨ ਸਿੰਘ ਨੇ ਅਰਥਚਾਰੇ ਬਾਰੇ ਉਨ੍ਹਾਂ ਦੀ ਇੱਕ ਘੰਟੇ ਦੀ ਕਲਾਸ ਲਈ ਹੈ। ਉਨ੍ਹਾਂ ਨੇ ਕਿਹਾ ਕਿ 10 ਸਾਲ ਵਿੱਚ ਮੈਨੂੰ ਹੌਲੀ-ਹੌਲੀ ਗੱਲ ਸਮਝ ਆ ਰਹੀ ਹੈ। ਪਹਿਲਾਂ ਮੈਨੂੰ ਲਗਦਾ ਸੀ ਕਿ ਅਨੁਸ਼ਾਸਨ ਹੋਣਾ ਚਾਹੀਦਾ ਹੈ। ਇਸ ਪਾਰਟੀ ਵਿੱਚ ਆਰਡਰ ਕਿਉਂ ਨਹੀਂ ਹੁੰਦਾ ਕਿਉਂਕਿ ਇਹ ਸੰਗਠਨ ਹਰ ਸਮੇਂ ਸਭ ਦੀ ਸੁਣਦਾ ਹੈ। ਅਸੀਂ ਸਾਰਿਆਂ ਦੀ ਗੱਲ ਸੁਣਨਾ ਚਾਹੁੰਦੇ ਹਾਂ। ਦੂਜੇ ਪਾਸੇ ਆਰਐਸਐਸ ਦੀ ਸ਼ਾਖਾ ਵਿੱਚ ਸਿੱਧੀ ਲਾਈਨ ਲਗਦੀ

ਹੈ। ਉੱਥੇ ਮਾਮੂਲੀ ਜਿਹੀ ਚੂੰ ਕਰਨ ਵਾਲੇ ਉੱਪਰ ਲਾਠੀ ਚੱਲ ਜਾਂਦੀ ਹੈ। ਆਰਐਸਐਸ ਅਤੇ ਭਾਜਪਾ ਇੱਕੋ ਜਿਹੀਆਂ ਹਨ। ਅਨੁਸ਼ਾਸਨ ਉਨ੍ਹਾਂ ਲਈ ਬਹਾਨਾ ਹੈ। ਲੋਕਾਂ ਦੀ ਆਵਾਜ਼ ਦੀ ਹੱਤਿਆ ਕਰਨ ਦਾ ਇਹ ਬਹਾਨਾ ਹੈ। ਇਹੀ ਸੋਚ ਹਿੰਦੋਸਤਾਨ ਨੂੰ ਚਲਾ ਰਹੀ ਹੈ। ਅੱਜਕਲ ਹਰ ਗੱਲ ਇੱਕ ਵਿਅਕਤੀ ਜਾਣਦਾ ਹੈ। ਸਿੱਖਿਆ ਦੀ ਗੱਲ ਹੋਵੇ ਜਾਂ ਕਪੜਿਆਂ ਦੀ ਗੱਲ ਹੋਵੇ। ਕਾਂਗਰਸ ਵਿੱਚ ਅਸੀਂ ਸਾਰਿਆਂ ਦੀ ਗੱਲ ਕਰਦੇ ਹਾਂ ਅਤੇ ਹੱਲ ਕੱਢਦੇ ਹਾਂ। ਪਰ ਭਾਜਪਾ ਵਿੱਚ ਅਜਿਹਾ ਨਹੀਂ ਹੈ ਅਤੇ ਦੇਸ਼ ਵਿੱਚ ਵੀ ਇਹੋ ਕਰਨ ਦੀ ਯੋਜਨਾ ਹੈ। ਅਸੀਂ ਗਰੀਬਾਂ ਦੀ ਮਦਦ ਦੀ ਗੱਲ ਕਰਦੇ ਹਾਂ। ਉਹ ਫਰਾਂਸ, ਅਮਰੀਕਾ, ਨੇਪਾਲ, ਮੰਗੋਲੀਆ ਤੱਕ ਹੋ ਕੇ ਆ ਗਏ ਪਰ ਕਿਸਾਨ ਅਤੇ ਮਜ਼ਦੂਰ, ਗਰੀਬ ਦੇ ਘਰ ਨਹੀਂ ਗਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਕਿਹਾ ਸੀ ਕਿ 100 ਦਿਨ ਵਿੱਚ ਵਿਦੇਸ਼ਾਂ ਤੋਂ ਕਾਲਾ ਧਨ ਭਾਰਤ ਵਾਪਿਸ ਲਿਆਂਦਾ ਜਾਵੇਗਾ ਪਰ ਇੱਕ ਸਾਲ ਹੋ ਗਿਆ ਕਾਲਾ ਧਨ ਵਾਪਿਸ ਨਹੀਂ ਆਇਆ।
ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਵਿੱਚ ਸਿੱਖਿਆ ਉੱਤੇ ਜ਼ੋਰ ਦੀ ਗੱਲ ਦਾ ਮਖੌਲ ਉਡਾਉਂਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਇੱਕ ਪਾਸੇ ਸ੍ਰੀ ਮੋਦੀ ਸਿੱਖਿਆ ਉੱਪਰ ਜ਼ੋਰ ਦਿੰਦੇ ਹਨ ਦੂਜੇ ਪਾਸੇ ਸਿੱਖਿਆ ਦੇ ਬਜਟ ’ਚ ਕਮੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਬੰਧ ਵਿੱਚ ਆਰਐਸਐਸ ਦਾ ਦਖਲ ਹੋ ਗਿਆ ਹੈ। ਵੱਡੇ ਵਿਗਿਆਨੀ ਹੁਣ ਆਪਣੀ ਰਾਏ ਨਹੀਂ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਵੀ ਸਰਕਾਰ ਆਰਐਸਐਸ ਦੀ ਵਿਚਾਰਧਾਰਾ ਥੋਪਣਾ ਚਾਹੁੰਦੀ ਹੈ ਉੱਥੇ ਕਾਂਗਰਸ ਇਸ ਦਾ ਵਿਰੋਧ ਕਰੇਗੀ। ਰਾਹੁਲ ਗਾਂਧੀ ਨੇ ਕਿਹਾ ਕਿ ਕਿਸੇ ਉੱਪਰ ਕੋਈ ਵੀ ਵਿਚਾਰਧਾਰਾ ਨਹੀਂ ਥੋਪੀ ਜਾ ਸਕਦੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਸਭ ਨੂੰ ਨਾਲ ਲੈ ਕੇ ਚੱਲਣ ਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੇਕ ਇਨ ਇੰਡੀਆ ਨਾਲ ਦੇਸ਼ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ। ਉਨ੍ਹਾਂ ਕਿਹਾ ਕਿ ਇਸ ਦਾ ਨਤੀਜਾ ਜ਼ੀਰੋ ਨਿਕਲੇਗਾ। ਉਨ੍ਹਾਂ ਕਿਹਾ ਕਿ ਮੇਕ ਇਨ ਇੰਡੀਆ ਦੇ ਲਈ ਜਨਤਾ ਨੂੰ ਸ਼ਕਤੀ ਦੇਣ ਦੀ ਜ਼ਰੂਰਤ ਹੈ। ਲੋਕਾਂ ਨੂੰ ਭਰੋਸਾ ਦੇਣ ਦੀ ਜ਼ਰੂਰਤ ਹੈ। ਰਾਹੁਲ ਨੇ ਕਿਹਾ ਕਿ ਕੇਵਲ ਦੋ-ਤਿੰਨ ਉਦਯੋਗਪਤੀਆਂ ਨੂੰ ਫਾਇਦਾ ਪਹੁੰਚਾਉਣ ਨਾਲ ਕੁਝ ਨਹੀਂ ਹੋਵੇਗਾ।

Send this to a friend