ਬਠਿੰਡਾ, 25 ਮਈ (ਅਮਰਜੀਤ ਸਿੰਘ ਸਿੱਧੂ, ਇੰਦਰਜੀਤ ਨਥਾਣਾ)-ਪੰਜਾਬ ਕੈਬਨਿਟ ਵੱਲੋਂ ਡੀਜ਼ਲ, ਪੈਟਰੋਲ, ਖੰਡ, ਬਿਜਲੀ ਸਣੇ ਹੋਰ ਵਸਤਾਂ ’ਤੇ ਲਾਏ ਕਰਾਂ ਦਾ ਵਿਰੋਧ ਕਰਦਿਆਂ ਅੱਜ ਆਲ ਇੰਡੀਆ ਜੱਟ ਮਹਾਂਸਭਾ ਦੇ ਵੱਡੀ ਗਿਣਤੀ ’ਚ ਕਾਰਕੁੰਨਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ। ਅੱਜ ਸਵੇਰੇ ਜੱਟ ਮਹਾਂਸਭਾ ਦੇ ਧਰਮਜੀਤ ਸਿੰਘ ਢਿੱਲੋਂ ਸ਼ਹਿਰੀ ਪ੍ਰਧਾਨ ਦੀ ਅਗਵਾਈ ਹੇਠ ਸੈਂਕੜੇ ਵਰਕਰ ਸਥਾਨਕ ਚਿਲਡਰਨ ਪਾਰਕ ’ਚ ਇਕੱਠੇ ਹੋਏ, ਜਿਨ੍ਹਾਂ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਨਾਹਰੇਬਾਜ਼ੀ ਵੀ ਕੀਤੀ।ਮੁਜ਼ਾਹਰੇ ਦੌਰਾਨ ਇਕੱਠ ਨੂੰ ਸੰਬੋਧਨ ਦੌਰਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਗੋਨਿਆਣਾ, ਧਰਮਜੀਤ ਸਿੰਘ ਢਿੱਲੋਂ ਸ਼ਹਿਰੀ ਪ੍ਰਧਾਨ, ਬਠਿੰਡਾ ਦਿਹਾਤੀ ਦੇ ਸਾਬਕਾ ਵਿਧਾਇਕ ਮੱਖਣ ਸਿੰਘ ਅਤੇ ਪੰਜਾਬ ਸਕੱਤਰ ਗੁਰਬਿੰਦਰ ਢਿੱਲੋਂ ਨੇ ਕਿਹਾ ਕਿ ਸਰਕਾਰ ਨੇ 1600 ਕਰੋੜ ਰੁਪਏ ਦਾ ਟੈਕਸ ਲਾ ਕੇ ਪੰਜਾਬ ਵਾਸੀਆਂ ਦਾ ਕਚੂਮਰ ਕੱਢ ਦਿੱਤਾ ਹੈ। ਉਨ੍ਹਾਂ
ਕਿਹਾ ਕਿ ਪੰਜਾਬ, ਭਾਰਤ ਦਾ ਮਹਿੰਗੇ ਭਾਅ ਡੀਜ਼ਲ-ਪੈਟਰੋਲ ਵੇਚਣ ਵਾਲਾ ਸੂਬਾ ਬਣ ਗਿਆ ਹੈ। ਆਗੂਆਂ ਨੇ ਕਿਹਾ ਕਿ ਆਰਥਿਕ ਪੱਖੋਂ ਖੁੰਗਲ ਹੋ ਕੇ ਖੁਦਕੁਸ਼ੀਆਂ ਕਰ ਰਹੀ ਕਿਸਾਨੀ ਨੂੰ ਬੇਮੌਤ ਮਾਰਨ ’ਚ ਬਾਦਲ ਸਰਕਾਰ ਦੇ ਨਾਲ-ਨਾਲ ਮੋਦੀ ਸਰਕਾਰ ਵੀ ਦੋਸ਼ੀ ਹੈ। ਆਗੂਆਂ ਨੇ ਮੰਗ ਕੀਤੀ ਕਿ ਡੀਜ਼ਲ-ਪੈਟਰੋਲ ’ਤੇ ਲਾਇਆ ਟੈਕਸ, ਬਿਜਲੀ ਦਰਾਂ ’ਚ ਕੀਤਾ ਵਾਧਾ, ਖੰਡ ਦੇ ਰੇਟਾਂ ’ਚ ਕੀਤਾ 11 ਫ਼ੀਸਦੀ ਵਾਧਾ, ਰਜਿਸਟ੍ਰੇਸ਼ਨ ਫੀਸ ’ਤੇ ਲਾਇਆ ਇਕ ਫ਼ੀਸਦੀ ਡਿਵੈਲਪਮੈਂਟ ਚਾਰਜ ਆਦਿ ਵਾਪਸ ਲਿਆ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਇਹ ਵਾਧੇ ਵਾਪਸ ਨਾ ਲਏ ਗਏ ਤਾਂ ਜਾਟ ਮਹਾਂਸਭਾ ਆਗਾਮੀ ਦਿਨਾਂ ’ਚ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ।
ਪ੍ਰਦਰਸ਼ਨ ਦੌਰਾਨ ਸਭਾ ਦੇ ਅਵਤਾਰ ਸਿੰਘ ਨੀਟੂ ਜ਼ਿਲ੍ਹਾ ਉਪ ਪ੍ਰਧਾਨ, ਸੁੱਖਾ ਬਲਾਕ ਪ੍ਰਧਾਨ, ਸੁਖਦੇਵ ਸਿੰਘ, ਹਰਮੰਦਰ ਹੈਪੀ, ਗੁਰਮੀਤ ਸਿੰਘ, ਸਰਨੀ, ਕੁਲਵੰਤ ਸਰਪੰਚ, ਬੀਰਇੰਦਰ ਸਿੰਘ ਭਾਗੀਬਾਂਦਰ, ਤੇਜਾ ਸਿੰਘ, ਪਰਮਜੀਤ ਢਿੱਲੋਂ, ਬੇਅੰਤ ਸਿੰਘ, ਹਰਬੰਸ ਢੱਡੇ, ਬਲਜਿੰਦਰ ਬਹਿਮਣ, ਬਲਤੇਜ ਲੇਲੇਵਾਲਾ, ਕੁਲਜੀਤ ਗੋਗੀ, ਗੁਰਦੀਪ ਭੋਖੜਾ, ਜੋਗਿੰਦਰ ਸਿੰਘ ਸਾਬਕਾ ਸਰਪੰਚ ਨਥਾਣਾ ਆਦਿ ਵੀ ਹਾਜ਼ਰ ਸਨ।