April 30, 2026 10:50 pm

ਟੋਲ ਪਲਾਜ਼ਾ ਵਿਰੁਧ ਅੱਜ ਕੀਤਾ ਜਾਵੇਗਾ ਸੰਗਰੂਰ-ਲੁਧਿਆਣਾ ਮੁੱਖ ਮਾਰਗ ਅਣਮਿੱਥੇ ਸਮੇਂ ਲਈ ਜਾਮ

ਧੂਰੀ, 25 ਮਈ (ਜਤਿੰਦਰ ਗਰਗ)- ਸੰਗਰੂਰ-ਲੁਧਿਆਣਾ ਮੁੱਖ ਮਾਰਗ ਉੱਤੇ ਲੱਗਣ ਜਾ ਰਹੇ ਟੋਲ ਪਲਾਜ਼ਾ ਦੇ ਵਿਰੋਧ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਬਣਾਈ ਗਈ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਪਿੰਡ ਬੇਨੜਾ, ਲੱਡਾ, ਕਾਝਲਾ, ਪੁੰਨਵਾਲ, ਪੇਧਨੀ, ਬੁਗਰਾ, ਰਾਜੋਮਾਜਰਾ, ਕੱਕੜਵਾਲ ਅਤੇ ਜਹਾਂਗੀਰ ਵਿੱਚ ਝੰਡਾ ਮਾਰਚ ਕੱਢ ਕੇ ਲੋਕਾਂ ਨੂੰ ਟੋਲ ਪਲਾਜ਼ੇ ਵਿਰੁੱਧ ਲਾਮਬੰਦ ਕਰਕੇ 26 ਮਈ ਨੂੰ ਅਣਮਿੱਥੇ ਸਮੇਂ ਲਈ ਸੜਕ ਜਾਮ ਕਰਨ ਵਾਲੇ ਧਰਨੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ। ਪਿੰਡਾਂ ਅਤੇ ਧੂਰੀ ਦੇ ਲੋਕਾਂ ਵਿੱਚ ਟੋਲ ਪਲਾਜ਼ੇ ਨੂੰ ਲੈ ਕੇ ਕਾਫੀ ਰੋਸ ਵੇਖਣ ਨੂੰ ਮਿਲਿਆ। ਇਸ ਮੌਕੇ ਕਾਂਗਰਸ ਆਗੂ ਸਿਮਰਪ੍ਰਤਾਪ ਨੇ ਟੋਲ ਪਲਾਜ਼ਾ ਨੂੰ ਸਥਾਨਕ ਅਕਾਲੀ ਵਿਧਾਇਕ ਭਾਈ ਗੋਬਿੰਦ ਸਿੰਘ ਲੋਂਗੋਵਾਲ ਦੀ ਦੇਣ ਦੱਸਦਿਆਂ ਕਿਹਾ ਕਿ ਮੈਂ ਅਕਸਰ ਲੋਕਾਂ ਨੂੰ ਕਹਿੰਦਾ ਸੀ ਕਿ ਇਨ੍ਹਾਂ ਦੀ ਕਹਿਣੀ ਅਤੇ ਕਰਨੀ ਵਿੱਚ ਵੱਡਾ ਅੰਤਰ ਹੈ, ਜਿਸ ਕਾਰਨ ਲੋਕ ਹੁਣ ਖਮਿਆਜ਼ਾ ਭੁਗਤ ਰਹੇ ਹਨ,

ਸੰਘਰਸ਼ ਕਮੇਟੀ ਦੇ ਕਨਵੀਨਰ ਡਾ. ਅਨਵਰ ਭਸੌੜ ਨੇ ਦੱਸਿਆ ਕਿ ਦੋ ਦਿਨ ਪਿੰਡਾਂ ਵਿੱਚ ਝੰਡਾ ਮਾਰਚ ਕਰਕੇ ਨਾਲ ਹੀ ਸ਼ਹਿਰ ਨਿਵਾਸੀਆਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ 26 ਮਈ ਤੋਂ ਸੰਗਰੂਰ-ਲੁਧਿਆਣਾ ਮੁੱਖ ਮਾਰਗ ਅਣਮਿੱਥੇ ਸਮੇਂ ਲਈ ਜਾਮ ਕਰਕੇ ਇਹ ਟੋਲ ਪਲਾਜ਼ਾ ਚੁਕਵਾ ਕੇ ਹੀ ਸੰਘਰਸ਼ ਖਤਮ ਕਰਾਂਗੇ ਨਹੀਂ ਤਾਂ ਸਰਕਾਰ ਨਾਲ ਆਰ-ਪਾਰ ਦੀ ਲੜਾਈ ਜਾਰੀ ਰੱਖਾਂਗੇ। ਉਨ੍ਹਾਂ ਸੜਕ ਉੱਤੇ ਕੋਈ ਰੁਪਿਆ ਨਾ ਖਰਚਣ ਦੇ ਬਾਵਜੂਦ ਟੋਲ ਲਗਾਉਣ ਨੂੰ ਸਰਕਾਰ ਦੀ ਨਜਾਇਜ਼ ਧੱਕੇਸ਼ਾਹੀ ਦੱਸਿਆ। ਇਸ ਮੌਕੇ ਸੰਦੀਪ ਸਿੰਗਲਾ, ਦਲਵੀਰ ਢਿੱਲੋਂ, ਲਖਵੀਰ ਧਾਂਦਰਾਂ, ਮੇਜਰ ਸਿੰਘ ਪੁੰਨਾਵਾਲ, ਅਮਰੀਕ ਕਾਂਝਲਾ, ਰਾਜਵੰਤ ਸਿੰਘ ਘੁੱਲੀ, ਡਾ. ਅਮਨਪ੍ਰੀਤ ਕੌਰ ਗੌਸਲ, ਕ੍ਰਿਪਾਲ ਸਿੰਘ ਪੁੰਨਾਵਾਲ, ਜਰਨੈਲ ਸਿੰਘ ਜਹਾਂਗੀਰ, ਅਵਤਾਰ ਸਿੰਘ ਬਾਦਸ਼ਾਹਪੁਰ, ਤੇਜਾ ਸਿੰਘ ਬੇਨੜਾ, ਦਲਬਾਗ ਸਿੰਘ ਬੇਨੜਾ, ਦਰਸ਼ਨ ਸਿੰਘ ਗੌੜ ਅਤੇ ਜਸਪਾਲ ਸਿੰਘ ਭੁੱਲਰ ਆਦਿ ਹਾਜ਼ਰ ਸਨ।

Send this to a friend