ਜਲੰਧਰ, 25 ਮਈ (ਸੁਖਵਿੰਦਰ ਦਕੋਹਾ)- ਸਥਾਨਕ ਡੀ.ਏ.ਵੀ. ਕਾਲਜ ਦੀ ਨੇੜਲੀ ਕਲੋਨੀ ਸ਼ੀਤਲ ਨਗਰ ਵਿੱਚ ਇੱਕ ਔਰਤ ਨੂੰ ਨਿਰਦਇਤਾ ਨਾਲ ਕਤਲ ਕਰਨ ਤੋਂ ਬਾਅਦ ਛੱਤ ਤੋਂ ਥੱਲੇ ਸੁੱਟਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮ੍ਰਿਤਕਾ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਕੁਚਲਿਆ ਗਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਪਹਿਲਾਂ ਔਰਤ ਨੂੰ ਪੱਥਰ ਮਾਰ ਮਾਰ ਕੇ ਕਤਲ ਕੀਤਾ ਗਿਆ, ਫਿਰ ਛੱਤ ਤੋਂ ਥੱਲੇ ਸੁੱਟਿਆ ਗਿਆ ਤਾਂ ਕਿ ਉਸਦੇ ਜਿੰਦਾ ਬਚਣ ਦੇ ਆਸਾਰ ਬਿਲਕੁਲ ਨਾ ਰਹਿਣ। ਮ੍ਰਿਤਕਾ ਦੀ ਪਛਾਣ ਸਪਨਾ ਪਤਨੀ ਸੁਨੀਲ ਮਾਗੋ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਪਤਰਕਾਰਾਂ ਨੂੰ ਦੱਸਿਆ ਕਿ ਸਪਨਾ ਸ਼ੀਤਲ ਨਗਰ ਕਲੋਨੀ ਵਿੱਚ ਹਰਿੰਦਰ ਨਾਮ ਦੇ ਵਿਅਕਤੀ ਨਾਲ ਕਿਰਾਏ ਦੇ ਮਕਾਨ ਵਿੱਚ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਸੀ। ਸਪਨਾ ਦੀਆਂ 3 ਬੇਟੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਪਨਾ ਨੇ ਹੁਣ ਤੱਕ ਕਈ ਵਿਆਹ ਕਰਵਾਏ ਸਨ। ਕਤਲ ਦੀ ਸੂਚਨਾ ਮਿਲਣ ’ਤੇ ਏ.ਸੀ.ਪੀ. ਨਾਰਥ ਅਮਨੀਤ ਕੌਂਡਲ
ਅਤੇ ਥਾਣਾ ਡਵੀਜ਼ਨ ਨੰ. 1 ਦੇ ਮੁਖੀ ਬਲਬੀਰ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਕਵਾਟਰਾਂ ਦੇ ਬਰਾਂਡੇ ਵਿੱਚ ਖੂਨ ਨਾਲ ਲਥਪਥ ਲਾਸ਼ ਦੇਖ ਕੇ ਲੋਕਾਂ ਵਿੱਚ ਸਨਸਨੀ ਫੈਲ ਗਈ। ਕਵਾਟਰਾਂ ਦੇ ਜਿਆਦਾਤਰ ਵਸਨੀਕ ਫੈਕਟਰੀਆਂ ਵਿੱਚ ਕੰਮ ਕਰਦੇ ਹਨ। ਸਪਨਾ ਵੀ ਸਥਾਨਕ ਫੋਕਲ ਪੁਆਇੰਟ ਦੇ ਇੱਕ ਕਾਰਖਾਨੇ ਵਿੱਚ ਕੰਮ ਕਰਦੀ ਸੀ, ਪਰ ਅੱਜ ਕੰਮ ਤੇ ਨਹੀਂ ਪਹੁੰਚੀ ਸੀ। ਪੁਲਿਸ ਅਨੁਸਾਰ ਉਹਨਾਂ ਦੇ ਸ਼ੱਕ ਦੀ ਸੂਈ ਸਪਨਾ ਦੇ ਪਤੀ ਸੁਨੀਲ ਮਾਗੋ ਵਲ ਜਾ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਸਪਨਾ ਆਪਣੇ ਪਤੀ ਸੁਨੀਲ ਮਾਗੋ ਨੂੰ ਛੱਡ ਕੇ ਹਰਿੰਦਰ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਸੀ। ਹੋ ਸਕਦਾ ਹੈ ਕਿ ਇਸ ਦਾ ਬਦਲਾ ਲੈਣ ਲਈ ਪਤੀ ਸੁਨੀਲ ਨੇ ਹੀ ਪਹਿਲਾਂ ਪੱਥਰ ਮਾਰ ਮਾਰ ਕੇ ਉਸਦਾ ਕਤਲ ਕਰ ਦਿੱਤਾ ਅਤੇ ਫਿਰ ਮੌਤ ਸੁਨਿਸ਼ਚਤ ਕਰਨ ਲਈ ਸਪਨਾ ਦੇ ਸ਼ਰੀਰ ਨੂੰ ਛੱਤ ਤੋਂ ਹੇਠਾਂ ਸੁੱਟ ਕੇ ਫਰਾਰ ਹੋ ਗਿਆ। ਪੁਲਿਸ ਨੇ ਲਿਵ ਇਨ ਪਾਰਟਨਰ ਹਰਿੰਦਰ ਤੋਂ ਵੀ ਪੁੱਛਗਿੱਛ ਕਰਨੀ ਸੀ, ਪਰ ਉਹ ਮ੍ਰਿਤਕਾ ਸਪਨਾ ਦੇ ਅੰਤਮ ਸੰਸਕਾਰ ਲਈ ਪੈਸੇ ਇਕੱਠੇ ਕਰਨ ਗਿਆ ਹੋਇਆ ਸੀ।