April 30, 2026 10:50 pm

ਕੇਜਰੀਵਾਲ ਸਰਕਾਰ ਵੱਲੋਂ ਓਪਨ ਕੈਬਨਿਟ ਦਾ ਆਯੋਜਨ

ਨਵੀਂ ਦਿੱਲੀ- ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਸੱਤਾ ਵਿੱਚ 100 ਦਿਨ ਪੂਰੇ ਹੋਣ ’ਤੇ ਓਪਨ ਕੈਬਨਿਟ ਦਾ ਆਯੋਜਨ ਕੀਤਾ ਹੈ। ਕਨਾਟ ਪਲੇਸ ਦੇ ਸੈਂਟਰਲ ਪਾਰਕ ਵਿੱਚ ਸੋਮਵਾਰ ਸ਼ਾਮ ਕਰੀਬ 6 ਵਜੇ ਸਮਾਗਮ ਸ਼ੁਰੂ ਹੋਇਆ। ਇਸ ਸਮਾਗਮ ਵਿੱਚ ਸਰਕਾਰ ਨੇ ਆਮ ਲੋਕਾਂ ਨੂੰ ਵੀ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬੀਤੇ 100 ਦਿਨਾਂ ਵਿੱਚ ਖੂਬ ਮਿਹਨਤ ਕੀਤੀ ਹੈ ਅਤੇ ਜੰਮ ਕੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਜਨਤਾ ਉਨ੍ਹਾਂ ਦੇ ਕੰਮ ਤੋਂ ਖੁਸ਼ ਹੈ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਜਨਤਾ ਦੇ ਸਾਹਮਣੇ ਆਪਣੇ ਕੰਮ ਦਾ ਵੇਰਵਾ ਰੱਖ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਫਿਲਹਾਲ 11 ਪ੍ਰਮੁੱਖ ਮੁੱਦਿਆਂ- ਪ੍ਰਦੂਸ਼ਣ, ਬਿਜਲੀ, ਟ੍ਰੈਫਿਕ, ਭ੍ਰਿਸ਼ਟਾਚਾਰ, ਪਾਣੀ, ਸਿੱਖਿਆ, ਝੁੱਗੀ-ਝੌਂਪੜੀ, ਮਹਿਲਾ ਸੁਰੱਖਿਆ, ਨਜਾਇਜ਼ ਕਲੋਨੀਆਂ ਅਤੇ ਸਿਹਤ ਸੇਵਾਵਾਂ ਉੱਪਰ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ।

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਦਿੱਲੀ ਵਿੱਚ ਬਹੁਤ ਕੰਮ ਹੋਇਆ ਹੈ, ਪਰ ਸਾਰੇ ਲੋਕ ਸਾਡੇ ਪਿੱਛੇ ਪਏ ਹੋਏ ਹਨ। ਮੈਂ ਜਦ ਰੈੱਡ ਲਾਈਟ ਉੱਤੇ ਰੁਕਦਾ ਹਾਂ ਤਾਂ ਲੋਕ ਮੈਨੂੰ ਪੁੱਛਦੇ ਹਨ ਕਿ ਉਨ੍ਹਾਂ ਦੇ ਘਰ ਦਾ ਬਿਜਲੀ ਦਾ ਬਿੱਲ ਹੁਣ ਘੱਟ ਆਉਣ ਲੱਗਾ ਹੈ। ਮੁੱਖ ਮੰਤਰੀ ਦੇ ਸੰਬੋਧਨ ਤੋਂ ਬਾਅਦ ਵਾਰੀ-ਵਾਰੀ ਸਾਰੇ ਮੰਤਰੀਆਂ ਨੇ ਆਪੋ-ਆਪਣੇ ਵਿਭਾਗਾਂ ਦੇ ਕੰਮਾਂ ਦਾ ਵੇਰਵਾ ਜਨਤਾ ਦੇ ਸਾਹਮਣੇ ਰੱਖਿਆ। ਇਸ ਓਪਨ ਕੈਬਨਿਟ ਵਿੱਚ ਲੋਕਾਂ ਨੇ ਪਰਚੀ ’ਤੇ ਸਵਾਲ ਲਿਖ ਕੇ ਕੈਬਨਿਟ ਤੱਕ ਪਹੁੰਚਾਏ। ਕੈਬਨਿਟ ਸਮਾਗਮ ਦੌਰਾਨ ਆਮ ਲੋਕਾਂ ਦੀ ਸਹੂਲਤ ਲਈ 7 ਐਲਈਡੀ ਸਕਰੀਨਾਂ ਲਗਾਈਆਂ ਗਈਆਂ ਸਨ, ਜਦਕਿ 3 ਸਕਰੀਨਾਂ ਪਾਰਕ ਦੇ ਅੰਦਰ ਲਗਾਈਆਂ ਗਈਆਂ ਸਨ।

Send this to a friend