April 30, 2026 8:54 am

‘ਆਪ’ ਅਗਾਮੀ ਵਿਧਾਨ ਸਭਾ ਚੋਣਾਂ ’ਚ 100 ਤੋਂ ਵੱਧ ਸੀਟਾਂ ਜਿੱਤੇਗੀ : ਛੋਟੇਪੁਰ

ਸੰਗਰੂਰ, 21 ਮਈ (ਹਰਜੀਤ ਸਿੰਘ ਹਸਨਪੁਰੀ)- ਜਲ੍ਹਿਆਂਵਾਲਾ ਬਾਗ ਤੋਂ ਚੱਲੇ ਆਮ ਆਦਮੀ ਚੇਤਨਾ ਮਾਰਚ ’ਚ ਸ਼ਾਮਿਲ ਪਾਰਟੀ ਕਾਰਕੁਨ ‘ਬੇਈਮਾਨਾਂ ਨੂੰ ਭਜਾਓ, ਪੰਜਾਬ ਨੂੰ ਬਚਾਉ’ ਦੇ ਨਾਅਰੇ ਮਾਰਦੇ ਹੋਏ ਦਰਸ਼ਨ ਸਿੰਘ ਫੇਰੂਮਾਨ ਚੌਕ ਨਜ਼ਦੀਕ ਲਗਾਈ ਸਟੇਜ ’ਤੇ ਪੁੱਜੇ। ਇਹ ਚੇਤਨਾ ਮਾਰਚ ਸੁੱਚਾ ਸਿੰਘ ਛੋਟੇਪੁਰ ਕਨਵੀਨਰ ਆਮ ਆਦਮੀ ਪਾਰਟੀ ਪੰਜਾਬ ਅਤੇ ਸੰਜੇ ਸਿੰਘ ਦੀ ਅਗਵਾਈ ਹੇਠ ਸਾਰੇ ਪੰਜਾਬ ਦੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਜਾਵੇਗਾ ਜਿਸਦਾ ਮਕਸਦ 2017 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤਣ ਲਈ ਤਿਆਰ ਕਰਨਾ ਹੈ। ਸਟੇਜ ਤੋਂ 11000 ਕਰੋੜ ਰਿਲਾਇੰਸ ਸਕੈਂਡਲ ਦੀ ਚਰਚਾ ਕੀਤੀ ਅਤੇ ਪਿੰਡ ਬੇਨੜਾ ਦੇ ਨਜ਼ਦੀਕ ਮੇਨ ਸੜਕ ’ਤੇ ਟੋਲ ਪਲਾਜ਼ਾ  ਲਗਾਉਣ ਦੀ ਨਿੰਦਾ ਕੀਤੀ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕਰਨ ਬਾਰੇ ਜਾਣਕਾਰੀ ਦਿੱਤੀ। ਸੁੱਚਾ ਸਿੰਘ ਛੋਟੇਪੁਰ ਅਤੇ ਸੰਜੇ ਸਿੰਘ ਨੇ ਦਰਸ਼ਨ ਸਿੰਘ

ਫੇਰੂਮਾਨ ਦੇ ਬੁੱਤ ’ਤੇ ਫੁੱਲਾਂ ਦੇ ਹਾਰ ਪਾਏ। ਜੱਸੀ ਸੇਖੋਂ ਕਨਵੀਨਰ ਆਮ ਆਦਮੀ ਪਾਰਟੀ ਜ਼ਿਲ੍ਹਾ ਸੰਗਰੂਰ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਸੰਗਰੂਰ ਆਉਣ ’ਤੇ ਜੀ ਆਇਆਂ ਕਿਹਾ ਅਤੇ ਧੰਨਵਾਦ ਕੀਤਾ। ਸ਼ਹੀਦਾਂ ਦਾ ਸੁਪਨਾ ਅਮੀਰਾਂ ਦੇ ਹੱਥੋਂ ਗਰੀਬਾਂ ਦਾ ਸ਼ੋਸ਼ਨ ਰੋਕਣਾ ਸੀ ਜਿਹੜਾ ਕਿ ਹੁਣ ਤੱਕ ਪੂਰਾ ਨਹੀਂ ਹੋਇਆ। 15 ਅਗਸਤ 1947 ਨੂੰ ਅੰਗਰੇਜ਼ਾਂ ਦੇ ਚੱਲੇ ਜਾਣ ਨੂੰ ਆਜ਼ਾਦੀ ਨਹੀਂ ਕਿਹਾ ਜਾ ਸਕਦਾ। ਗੋਰੇ ਅੰਗਰੇਜ਼ਾਂ ਦੀ ਥਾਂ ਕਾਲੇ ਅੰਗਰੇਜ਼ਾਂ ਨੇ ਸਤਾ ਸੰਭਾਲ ਲਈ। ਸੁੱਚਾ ਸਿੰਘ ਛੋਟੇਪੁਰ ਨੇ ਆਪਣੇ ਭਾਸ਼ਣ ਰਾਹੀਂ ਲੋਕਾਂ ਦੇ ਜਜ਼ਬਾਤ ਨੂੰ ਉਬਾਰਿਆ ਅਤੇ ਲੋਕਾਂ ਨੇ ਇਨਕਲਾਬ-ਜ਼ਿੰਦਾਬਾਦ ਦੇ ਨਾਅਰੇ ਲਗਾਏ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦਾ ਨਹੀਂ ਜੰਗਲ ਦਾ ਰਾਜ ਹੈ। ਧਾਰਾ 452, 506, 511, 307, 120 ਬੀ ਆਈ ਦੀ ਪੁਲਿਸ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਾਬਾ ਖੜਕ ਸਿੰਘ ਐਲਐਲਐਮ ਪੜ੍ਹੇ ਹੋਏ ਸਨ ਜਿੰਨ੍ਹਾਂ ਵੱਲ ਕਿਸੇ ਨੇ ਕਦੇ ਉਂਗਲ ਨਹੀਂ ਕੀਤੀ ਸੀ। ਇਸੇ ਤਰ੍ਹਾਂ ਮਾਸਟਰ ਤਾਰਾ ਸਿੰਘ, ਜਥੇ. ਮੋਹਨ ਸਿੰਘ ਤੁੜ, ਸੰਤ ਫਤਿਹ ਸਿੰਘ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਜੋ ਕਿ ਬੇਦਾਗ ਸਖਸ਼ੀਅਤਾਂ ਸਨ। ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਰਿਹਾ ਹੈ ਅਤੇ ਹੁਣ ਇਸ ਦਾ ਲੜਕਾ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਾ ਪ੍ਰਧਾਨ ਹੈ ਦੋਨਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਦਰਜ ਹੋਏ ਅਤੇ ਜੇਲ੍ਹ ਵਿੱਚ ਬੰਦ ਰਹੇ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਵੇਲੇ ਫੌਜ ਵਿੱਚ 30‚ ਤੋਂ 40‚ਫੀਸਦੀ ਤੱਕ ਪੰਜਾਬ ਦੇ ਨੌਜਵਾਨ ਭਰਤੀ ਹੁੰਦੇ ਸਨ। ਪਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਨੇ ਘੇਰ ਲਿਆ ਜਿਸ ਕਰਕੇ ਨੌਜਵਾਨਾਂ ਦਾ ਸਰੀਰ ਫੌਜ ਵਿੱਚ ਭਰਤੀ ਹੋਣ ਦੇ ਕਾਬਲ ਨਹੀਂ ਰਿਹਾ। ਕਾਂਗਰਸ ਅਤੇ ਅਕਾਲੀ ਦਲ ਨੇ ਵਾਰੀ-ਵਾਰੀ ਪੰਜਾਬ ਤੇ ਰਾਜ ਕੀਤਾ ਹੈ ਅਤੇ ਪੰਜਾਬੀਆਂ ਨੂੰ ਲੁੱਟਿਆ ਹੈ।
ਉਨ੍ਹਾਂ ਨੇ ਕਿਹਾ ਕਿ ਬਾਦਲਾਂ ਨੇ ਹਸਦੇ-ਵੱਸਦੇ ਪੰਜਾਬ ਨੂੰ ਉਜਾੜ ਕੇ ਰੱਖ ਦਿੱਤਾ ਹੈ। ਜਿੱਥੇ ਪਹਿਲਾਂ ਪੰਜਾਬ ਇੱਕ ਨੰਬਰ ’ਤੇ ਸੀ ਹੁਣ ਨੌਵੇਂ ਨੰਬਰ ’ਤੇ ਚਲਾ ਗਿਆ ਹੈ। ਪੰਜਾਬ ਦਾ ਇੱਕ ਵੀ ਨੌਜਵਾਨ ਉਲੰਪਿਕ ਵਿੱਚ ਜਿੱਤ ਪ੍ਰਾਪਤ ਨਹੀਂ ਕਰ ਸਕਿਆ ਜਦੋਂ ਕਿ ਕਿਸੇ ਵਕਤ ਭਾਰਤ ਦੀ ਹਾਕੀ ਦੀ ਟੀਮ ਵਿੱਚ ਸਾਰੇ ਪੰਜਾਬੀ ਹੁੰਦੇ ਸਨ। ਇਸ ਦਾ ਮਸਲਾ ਲੋਕਾਂ ਨੇ ਹੀ ਹੱਲ ਕਰਨਾ ਹੈ ਜੇਕਰ 2017 ਦੀ ਪੰਜਾਬ ਵਿਧਾਨ ਸਭਾ ਦੀ ਚੋਣ ਵਿੱਚ ਦਿੱਲੀ ਦੇ ਵਾਂਗ ਆਮ ਆਦਮੀ ਦੀ ਪਾਰਟੀ ਨੂੰ ਜਿੱਤਾ ਦਿੱਤਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਦਿੱਲੀ ਦੀ ਤਰ੍ਹਾਂ ਲੋਕਾਂ ਦੀਆਂ ਦੁੱਖ-ਤਕਲੀਫਾਂ ਤੁਰੰਤ ਦੂਰ ਕੀਤੀਆਂ ਜਾਣਗੀਆਂ। ਜਿਵੇਂ ਦਿੱਲੀ ਦੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਤੁਰੰਤ ਕਿਸਾਨਾਂ ਨੂੰ ਦਿੱਤਾ। ਲੋਕਾਂ ਨੂੰ ਬਿਜਲੀ, ਪਾਣੀ ਮੁਫਤ ਕਰ ਦਿੱਤਾ ਪਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਕਿਸਾਨਾਂ ਨੂੰ ਅਤੇ ਕਣਕ ਨੂੰ ਮੰਡੀਆਂ ਦੇ ਵਿੱਚ ਰੋਲਕੇ ਰੱਖ ਦਿੱਤਾ। ਜਿਸ ਕਰਕੇ ਪੰਜਾਬ ਦੇ ਔਸਤਨ ਦੋ ਕਿਸਾਨ ਰੋਜ਼ਾਨਾਂ ਖੁਦਕੁਸ਼ੀ ਕਰਦੇ ਹਨ। ਸੰਜੇ ਸਿੰਘ ਨੇ ਕਿਹਾ ਕਿ ਸਾਡੀ ਪਾਰਟੀ ਆਮ ਆਦਮੀ ਦੀ ਪਾਰਟੀ ਹੈ ਅਤੇ ਅਸੀਂ ਆਮ ਆਦਮੀ ਵਾਂਗ ਲੋਕਾਂ ਦੇ ਵਿੱਚ ਵਿਚਰਾਂਗੇ। ਕਿਸੇ ਵੀ ਅਪਰਾਧੀ, ਸਮੱਗਲਰ ਅਤੇ ਗੁੰਡਿਆਂ ਨੂੰ ਵਿਧਾਨ ਸਭਾ ਦੇ ਵਿੱਚ ਜਾਣ ਨਹੀਂ ਦੇਵਾਂਗੇ। ਇਸ ਮੌਕੇ ਜੱਸੀ ਸੇਖੋਂ, ਮਲੇਰਕੋਟਲੇ ਦੇ ਕਨਵੀਨਰ, ਪਿਆਰਾ ਸਿੰਘ, ਪ੍ਰੋਫੇਸਰ ਬਲਵਿੰਦਰ ਕੌਰ, ਪ੍ਰਿੰਸੀਪਲ ਗੁਰਦੇਵ ਸਿੰਘ ਅਤੇ ਭਗਤ ਸਿੰਘ ਦੇ ਪਰਿਵਾਰ ਦੇ ਇੱਕ ਮੈਂਬਰ ਸਮੇਤ ਹੋਰ ਬਹੁਤ ਸਾਰੇ ਪਾਰਟੀ ਅਹੁਦੇਦਾਰ ਹਾਜ਼ਰ ਸਨ।

Send this to a friend