ਸੁਨਾਮ, 20 ਮਈ (ਰਾਕੇਸ਼ ਜਿੰਦਲ)- ਕੰਨਫੈਡਰੇਸ਼ਨ ਆਫ ਚੈਲੇਂਜ਼ਡ ਦੀ ਇਕਾਈ ਸੁਨਾਮ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਬਘੀਰਥ ਰਾਏ ਨੂੰ ਸੰਸਥਾ ਦੇ ਜਿਲ੍ਹਾ ਪ੍ਰਧਾਨ ਸ਼੍ਰੀ ਸਤੀਸ਼ ਗੋਇਲ ਦੀ ਪ੍ਰਧਾਨਗੀ ਵਿਚ ਇਕ ਮੈਮੋਰੰਡਮ ਦਿੱਤਾ ਗਿਆ, ਜਿਸ ਸਬੰਧੀ ਸ਼੍ਰੀ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸੰਸਥਾ ਦੀ ਇਕਾਈ ਪਿਛਲੇ ਤਿੰਨ ਸਾਲਾਂ ਤੋਂ ਸੁਨਾਮ ਅਤੇ ਨਾਲ ਲਗਦੇ ਪਿੰਡਾਂ ਵਿਚ ਰਹਿੰਦੇ ਅੰਗਹੀਣ ਲੋਕਾਂ ਦੀ ਮਦਦ ਲਈ ਯਤਨਸ਼ੀਲ ਹੈ, ਪਰ ਸੰਸਥਾ ਕੋਲ ਕੋਈ ਵੀ ਆਪਣਾ ਦਫਤਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅੰਗਹੀਣ ਸਾਥੀ ਜੋ ਪੜ੍ਹ ਲਿਖ ਕੇ ਘਰਾਂ ਵਿਚ ਵਿਹਲੇ ਬੈਠੇ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ, ਇਸ ਲਈ ਇਸ ਸੰਸਥਾ ਵੱਲੋਂ ਦਫਤਰ ਦੇ ਨਾਲ-ਨਾਲ ਇਕ ਵਰਕਸ਼ਾਪ ਵੀ ਚਲਾਉਣ ਦੀ ਤਜਵੀਜ ਹੈ। ਜਿਸ ਨਾਲ ਵਿਹਲੇ ਬੈਠੇ ਅੰਗਹੀਣ ਸਾਥੀ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣਗੇ ਅਤੇ ਆਪਣਾ ਗੁਜਾਰਾ ਆਪ ਚਲਾ ਸਕਣਗੇ। ਉਨ੍ਹਾਂ ਨੇ ਨਗਰ ਕੌਂਸਲ ਦੇ
ਪ੍ਰਧਾਨ ਤੋਂ 500 ਗਜ ਜਗ੍ਹਾ ਦੀ ਮੰਗ ਕੀਤੀ, ਜਿਸ ਵਿਚ ਦਫਤਰ, ਵਰਕਸ਼ਾਪ ਅਤੇ ਟਰੇਨਿੰਗ ਸੈਂਟਰ ਚਲਾਏ ਜਾਣਗੇ, ਜਿਸ ਨਾਲ ਬੇਰੁਜਗਾਰ ਅੰਗਹੀਣ ਸਾਥੀਆਂ ਨੂੰ ਕਾਫੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਹਿਰ ਵਿਚ ਵੱਧ ਰਹੀ ਬੇਸਹਾਰਾ ਪਸ਼ੂਆਂ ਦੇ ਆਤੰਕ ਵੱਲ ਧਿਆਨ ਦਵਾਉਂਦਿਆਂ ਨਗਰ ਕੌਂਸਲ ਦੇ ਪ੍ਰਧਾਨ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਦੀ ਦਿਨੋ ਦਿਨ ਵੱਧ ਰਹੀ ਗਿਣਤੀ ਦਾ ਕੋਈ ਠੋਸ ਹੱਲ ਕੀਤਾ ਜਾਵੇ, ਕਿਉਂਕਿ ਇਹ ਬੇਸਹਾਰਾ ਪਸ਼ੂ ਸ਼ਹਿਰ ਵਿਚ ਬਹੁਤ ਹੀ ਆਤੰਕ ਫੈਲਾਉਂਦੇ ਹਨ, ਇਨ੍ਹਾਂ ਪਸ਼ੂਆਂ ਨੇ ਬਹੁਤ ਸਾਰੇ ਲੋਕਾਂ ਨੂੰ ਜਾਨੀ ਵਾ ਮਾਲੀ ਨੁਕਸਾਨ ਪਹੁੰਚਾਇਆ ਹੈ। ਇਸ ਲਈ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਫੜ ਕੇ ਕਿਸੇ ਅਲੱਗ ਤੋਂ ਸੇਫ ਜਗ੍ਹਾ ’ਤੇ ਰੱਖਿਆ ਜਾਵੇ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਨਗਰ ਕੌਂਸਲ ਵਿਚ ਇਕ ਵੀਹਲ ਚੇਅਰ ਦੀ ਵਿਵਸਥਾ ਕਰਨ ਲਈ ਵੀ ਬੇਨਤੀ ਕੀਤੀ। ਕਿਉਂਕਿ ਨਗਰ ਕੌਂਸਲ ਵਿਚ ਕੋਈ ਵੀਹਲ ਚੇਅਰ ਨਾ ਹੋਣ ਕਰਕੇ ਅੰਗਹੀਣ ਸਾਥੀਆਂ ਨੂੰ ਬੜੀ ਮੁਸ਼ਕਿਲ ਪੇਸ਼ ਆਉਂਦੀ ਹੈ। ਅੰਗਹੀਣ ਸਾਥੀ ਜਦੋਂ ਕਿਸੇ ਕੰਮ ਸਬੰਧੀ ਨਗਰ ਕੌਂਸਲ ਦੇ ਦਫਤਰ ਜਾਂਦੇ ਹਨ, ਤਾਂ ਵੀਹਲ ਚੇਅਰ ਨਾ ਹੋਣ ਕਰਕੇ ਉਨ੍ਹਾਂ ਨੂੰ ਅੰਦਰ ਜਾਣ ਲਈ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਬਘੀਰਥ ਰਾਏ ਨੇ ਸੰਸਥਾ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਵਾਇਆ ਅਤੇ ਉਨ੍ਹਾਂ ਨੇ ਬੜੀ ਹੀ ਨਿਮਰਤਾ ਨਾਲ ਮੈਮੋਰੰਡਮ ਲੈਂਦਿਆਂ ਕਿਹਾ ਕਿ ਇਹ ਸੰਸਥਾ ਅੰਗਹੀਣਾਂ ਲਈ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਅਤੇ ਇਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਉਹ ਜਲਦੀ ਹੀ ਸਾਰੇ ਕੌਂਸਲਰਾਂ ਦੀ ਮੀਟਿੰਗ ਸੱਦ ਕੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨਗੇ। ਇਸ ਮੌਕੇ ਪ੍ਰਵੀਨ ਕੁਮਾਰ ਸੀਨੀਅਰ ਮੀਤ ਪ੍ਰਧਾਨ, ਵਿਵੇਕ ਚੌਧਰੀ, ਕੁਲਵਿੰਦਰ ਸਿੰਘ, ਓਮ ਪ੍ਰਕਾਸ਼ ਬਾਂਸਲ, ਬਾਵਾ ਸਿੰਘ ਅਤੇ ਸੰਸਥਾ ਦੇ ਹੋਰ ਵੀ ਬਹੁਤ ਸਾਰੇ ਮੈਂਬਰ ਹਾਜ਼ਰ ਸਨ।