April 30, 2026 7:43 am

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਖਤਰੇ ’ਚ ਪਈ

ਚੰਡੀਗੜ੍ਹ, 20 ਮਈ (ਅਮਰਜੀਤ ਬੇਬੀ ਸਮਾਓਂ)- ਉੱਤਰੀ ਭਾਰਤ ਦੀਆਂ ਵਿਦਿਅਕ ਸੰਸਥਾਵਾਂ ’ਚੋਂ ਪਹਿਲਾ ਸਥਾਨ ਰੱਖਣ ਵਾਲੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਵਿੱਚ ਵਿਦਿਆਰਥੀਆਂ ਲਈ ਮਾਹੌਲ ਲਗਾਤਾਰ ਹਿੰਸਕ ਹੁੰਦਾ ਜਾ ਰਿਹਾ ਹੈ। ਯੂਨੀਵਰਸਿਟੀ ਪ੍ਰਬੰਧਕ ਅਤੇ ਯੂ.ਟੀ. ਪ੍ਰਸ਼ਾਸਨ ਵਿਦਿਆਰਥੀਆਂ ਦੀ ਸੁਰੱਖਿਆ ਕਰਨ ਵਿੱਚ ਨਾਕਾਮ ਰਿਹਾ ਹੈ। ਬੀਤੇ ਕੱਲ੍ਹ ਯੂਨੀਵਰਸਿਟੀ ਦੇ ਹੋਸਟਲ ਵਿੱਚ ਇੱਕ ਵਿਦਿਆਰਥੀ ਨੂੰ ਅਣਪਛਾਤੇ ਅਨਸਰਾਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਸਖ਼ਤ ਜ਼ਖਮੀ ਕਰਨਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ। ਚਿੰਤਾਜਨਕ ਗੱਲ ਤਾਂ ਇਹ ਹੈ ਕਿ ਹਥਿਆਰਬੰਦ ਗਿਰੋਹ ਖੁੱਲ੍ਹੇਆਮ ਕੈਂਪਸ ਵਿੱਚ ਘੁੰਮਦੇ-ਫਿਰਦੇ ਹਨ। ਉਨ੍ਹਾਂ ਨੂੰ ਨੱਥ ਪਾਉਣ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ। ਯੂਨੀਵਰਸਿਟੀ ਅਧਿਕਾਰੀਆਂ ਦਾ ਵਤੀਰਾ ਬਹੁਤ ਹੀ ਢਿੱਲਾ ਅਤੇ ਚਿੰਤਾਜਨਕ ਹੈ। ਇੱਥੇ ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਇੱਕ ਹਥਿਆਰਬੰਦ ਗਿਰੋਹ ਨੇ ਯੂਨੀਵਰਸਿਟੀ ਦੇ 5 ਨੰਬਰ ਹੋਸਟਲ ਵਿੱਚ

ਦਾਖ਼ਲ ਹੋ ਕੇ ਲਾਅ ਵਿਭਾਗ ’ਚ ਆਖਰੀ ਸਾਲ ਦੇ ਇੱਕ ਵਿਦਿਆਰਥੀ ਅਸ਼ੋਕ ਕੁਮਾਰ ਉੱਪਰ ਹਮਲਾ ਕਰ ਦਿੱਤਾ ਸੀ। ਦੋਸ਼ੀਆਂ ਨੇ ਵਿਦਿਆਰਥੀ ਨੂੰ ਉਸ ਦੇ ਕਮਰੇ ਵਿੱਚੋਂ ਬਾਹਰ ਕੱਢ ਕੇ ਗਰਦਨ, ਬਾਂਹ ਅਤੇ ਪੇਟ ਉੱਪਰ ਛੁਰੇ ਮਾਰ ਦਿੱਤੇ ਸਨ। ਹਮਲਾਵਰ ਬਾਅਦ ਵਿੱਚ ਰੋਲਾ ਪੈਣ ’ਤੇ ਆਪਣੀ ਐਸਯੂਵੀ ਗੱਡੀ ਵਿੱਚ ਫਰਾਰ ਹੋ ਗਏ। ਬੇਸ਼ੱਕ ਵਿਦਿਆਰਥੀਆਂ ਦੀ ਚੌਕਸੀ ਕਾਰਨ ਇਸ ਗੱਡੀ ਦਾ ਨੰਬਰ ਨੋਟ ਕਰ ਲਿਆ ਗਿਆ। ਵਿਦਿਆਰਥੀਆਂ ਨੇ ਹੀ ਜ਼ਖਮੀ ਅਸ਼ੋਕ ਕੁਮਾਰ ਨੂੰ ਤੁਰੰਤ ਪੀਜੀਆਈ ’ਚ ਦਾਖ਼ਲ ਕਰਵਾਇਆ। ਇਹ ਘਟਨਾ ਰਾਤ ਨੂੰ 11 ਵਜੇ ਦਾ ਆਸਪਾਸ ਵਾਪਰੀ ਹੈ। ਇਸਤੋਂ ਪਤਾ ਲਗਦਾ ਹੈ ਕਿ ਹਥਿਆਰਬੰਦ ਗਿਰੋਹ ਬੇ-ਖੌਫ ਯੂਨੀਵਰਸਿਟੀ ਕੈਂਪਸ ਵਿੱਚ ਘੁੰਮਦੇ ਹਨ। ਬੇਸ਼ੱਕ ਯੂਨੀਵਰਸਿਟੀ ਦੇ ਸਾਰੇ ਗੇਟਾਂ ਉੱਪਰ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ, ਪ੍ਰੰਤੂ ਫਿਰ ਵੀ ਸ਼ੱਕੀ ਲੋਕਾਂ ਨੂੰ ਰੋਕਿਆ ਨਹੀਂ ਜਾਂਦਾ। ਯੂਨੀਵਰਸਿਟੀ ਕੈਂਪਸ ਵਿੱਚ ਰਹਿ ਰਹੇ ਵਿਦਿਆਰਥੀ ਇਨ੍ਹਾਂ ਹਾਲਾਤਾਂ ਤੋਂ ਡਾਢੇ ਚਿੰਤਿਤ ਹਨ। ਇਸ ਤੋਂ ਪਹਿਲਾਂ ਵੀ ਕੈਂਪਸ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਯੂਨੀਵਰਸਿਟੀ ਪ੍ਰਸ਼ਾਸਨ ਦਾ ਅਵੇਸਲਾਪਨ ਸਥਿਤੀ ਨੂੰ ਗੰਭੀਰ ਬਣਾ ਰਿਹਾ ਹੈ। ਵਿਦਿਆਰਥੀਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਕੈਂਪਸ ਅੰਦਰ ਉਹ ਹੀ ਸੁਰੱਖਿਆ ਦਿੱਤੀ ਜਾਵੇ। ਬਾਹਰੀ ਹਥਿਆਰਬੰਦ ਅਪਰਾਧੀ ਅਨਸਰਾਂ ਦਾ ਦਾਖ਼ਲਾ ਮੁਕੰਮਲ ਤੌਰ ’ਤੇ ਬੰਦ ਕੀਤਾ ਜਾਵੇ।

Send this to a friend