ਨਵੀਂ ਦਿੱਲੀ, 20 ਮਈ (ਪੀ. ਟੀ. ਲਾਇਵ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਰਾਜਪਾਲ ਨਜੀਬ ਜੰਗ ਦਰਮਿਆਨ ਟਕਰਾਅ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਫਿਲਹਾਲ ਕੋਈ ਦਖ਼ਲ ਦੇਣ ਦੇ ਰੌਂਅ ’ਚ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਵੀ ਗ੍ਰਹਿ ਮੰਤਰੀ ਨੂੰ ਇਹੀ ਸਲਾਹ ਦਿੱਤੀ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਆਪਣੀ ਮੁਲਾਕਾਤ ਨੂੰ ਰੁਟੀਨ ਦਸਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਦਿੱਲੀ ਦਾ ਮਸਲਾ ਕੇਜਰੀਵਾਲ ਅਤੇ ਨਜੀਬ ਜੰਗ ਮਿਲ ਕੇ ਸੁਲਝਾ ਲੈਣ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਦੋਨੋਂ ਹੀ ਸਮਝਦਾਰ ਹਨ, ਆਪਣੇ ਦਾਇਰੇ ਵਿੱਚ ਕੰਮ ਕਰਨ।’ ਸੰਕੇਤ ਸਾਫ ਹੈ ਕਿ ਕੇਂਦਰ ਸਰਕਾਰ ਫਿਲਹਾਲ ਇਹ ਸੰਦੇਸ਼ ਦੇਣਾ ਨਹੀਂ ਚਾਹੁੰਦੀ ਕਿ ਇਸ ਜੰਗ ਵਿੱਚ ਉਸ ਦੀ ਕੋਈ ਭੂਮਿਕਾ ਹੈ।
ਦੱਸਿਆ ਜਾ ਰਿਹਾ ਹੈ ਕਿ ਕੁਝ ਸੀਨੀਅਰ ਮੰਤਰੀਆਂ ਦੇ ਨਾਲ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਰਾਜਨਾਥ ਨੂੰ ਇਹ ਸਲਾਹ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਮਾਮਲੇ ਵਿੱਚ ਦਖ਼ਲ ਨਾ ਦੇਵੇ। ਦੋਨੋਂ ਪੱਖ ਆਪੋ-ਆਪਣੇ ਦਾਇਰੇ ਵਿੱਚ ਰਹਿ ਕੇ ਕੰਮ ਕਰਨ। ਪਰ ਦਖਲ ਨਾ ਦੇਣ ਦੀ ਇਹ ਨੀਤੀ ਵੀ ਦੱਸ ਰਹੀ ਹੈ ਕਿ ਗ੍ਰਹਿ ਮੰਤਰਾਲਾ ਇਸ ਮਾਮਲੇ ਵਿੱਚ ਉੱਪ ਰਾਜਪਾਲ ਦੇ ਨਾਲ ਹੈ। ਸੂਤਰਾਂ ਅਨੁਸਾਰ ਇਸ ਨੂੰ ਜੰਗ ਦਾ ਸੰਵਿਧਾਨਿਕ ਅਧਿਕਾਰ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਦਫ਼ਤਰ ਵੀ ਇਹੋ ਇਸ਼ਾਰਾ ਕਰ ਰਹੀ ਹੈ। ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਅਧਿਕਾਰੀਆਂ ਨਾਲ ਸਲੂਕ ਕੀਤਾ ਜਾ ਰਿਹਾ ਹੈ ਉਸ ਨਾਲ ਅਧਿਕਾਰੀਆਂ ਦੇ ਕੰਮ ਕਰਨ ਉੱਪਰ ਅਸਰ ਪਵੇਗਾ। ਪਰ ਸਵਾਲ ਇਹ ਹੈ ਕਿ ਇਹ ਟਕਰਾਅ ਨਾ ਟਲਿਆ ਤਾਂ ਕੇਂਦਰ ਕੀ ਕਰੇਗਾ। ਕਹਿਣ ਨੂੰ ਤਾਂ ਇਹ ਜੰਗ ਕੇਜਰੀਵਾਲ ਅਤੇ ਨਜੀਬ ਜੰਗ ਵਿਚਾਲੇ ਹੈ, ਪਰ ਅਸਲ ਮੁੱਦਾ ਦਿੱਲੀ ਅਤੇ ਉਸ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਰਾਜਨੀਤਿਕ ਹਸੀਅਤ ਦਾ ਹੈ। ਟਕਰਾਅ ਜਿੱਥੇ ਪਹੁੰਚ ਗਿਆ ਹੈ ਉੱਥੇ ਦੇਰ-ਸਵੇਰ ਕੇਂਦਰ ਵੱਲੋਂ ਦਖ਼ਲ ਦਿੱਤੇ ਜਾਣ ਦੀ ਨੌਬਤ ਆ ਸਕਦੀ ਹੈ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ। ਇਸ ਵਿੱਚ ਕੇਜਰੀਵਾਲ ਨੇ ਕੇਂਦਰ ਸਰਕਾਰ ਉੱਤੇ ਦੋਸ਼ ਲਾਇਆ ਹੈ ਕਿ ਉਹ ਲੈਫਟੀਨੈਂਟ ਗਵਰਨਰ ਨਜੀਬ ਜੰਗ ਦੇ ਰਾਹੀਂ ਦਿੱਲੀ ’ਚ ਸਰਕਾਰ ਚਲਾਉਣਾ ਚਾਹੁੰਦੀ ਹੈ। ਸਾਨੂੰ ਸਰਕਾਰ ਆਜ਼ਾਦਾਨਾ ਤੌਰ ’ਤੇ ਚਲਾਉਣ ਦਿੱਤੀ ਜਾਵੇ। ਇਹ ਵੀ ਜ਼ਿਕਰਯੋਗ ਹੈ ਕਿ ਇਸ ਵਿਵਾਦ ਵਿੱਚ ਉੱਪ ਰਾਜਪਾਲ ਨਜੀਬ ਜੰਗ ਨੇ ਵੀ ਦਿੱਲੀ ਸਰਕਾਰ ਨੂੰ ਚਿੱਠੀ ਲਿਖ ਕੇ ਬਹੁਤ ਤਿੱਖੀ ਭਾਸ਼ਾ ਵਿੱਚ ਕਿਹਾ ਸੀ, ‘ਸਾਰੀਆਂ ਟ੍ਰਾਂਸਫਰ ਅਤੇ ਤਾਇਨਾਤੀਆਂ ਕਰਨ ਦਾ ਅਧਿਕਾਰ ਮੇਰੇ ਕੋਲ ਹੈ। ਇਸ ਲਈ ਦਿੱਲੀ ਸਰਕਾਰ ਕੋਲੋਂ ਪਿਛਲੇ 4 ਦਿਨਾਂ ਵਿੱਚ ਕੀਤੇ ਗਏ ਸਾਰੇ ਤਬਾਦਲੇ ਅਤੇ ਤਾਇਨਾਤੀਆਂ ਰੱਦ ਸਮਝੀਆਂ ਜਾਣ।’
ਇਸ ਤੋਂ ਪਹਿਲਾਂ ਇਸ ਤਣਾਅ ਨੂੰ ਲੈ ਕੇ ਦਿੱਲੀ ਸਰਕਾਰ ਨੇ ਅੱਜ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਜਿਸ ਵਿੱਚ ਮੁੱਖ ਮੰਰੀ ਅਰਵਿੰਦ ਕੇਜਰੀਵਾਲ ਅਤੇ ਡਿਪਟੀ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਵੀ ਮੌਜੂਦ ਸਨ। ਕਾਰਜਕਾਰੀ ਮੁੱਖ ਸਕੱਤਰ ਸ਼ਕੁੰਤਲਾ ਗੈਮਲੀਨ ਵੀ ਮੀਟਿੰਗ ਵਿੱਚ ਮੌਜੂਦ ਸਨ। ‘