April 30, 2026 2:54 am

ਕੇਂਦਰ ਦੀ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ’ਚ ਪੰਜਾਬ ਦੀ ਸਾਰ ਨਹੀਂ ਲਈ : ਬੀਬੀ ਬਾਦਲ

10295248_810248745653893_8726078327783495076_o ਬਠਿੰਡਾ, 19 ਮਈ (ਸੁਖਵਿੰਦਰ ਸਰਾਂ, ਅੰਗਰੇਜ ਸਿੰਘ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਿਛਲੇ 10 ਸਾਲਾਂ ਦੇ ਆਪਣੇ ਕਾਰਜਕਾਲ ਵਿਚ ਕੇਂਦਰ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੀ ਕੋਈ ਸਾਰ ਨਹੀਂ ਲਈ, ਜਦਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਹੁਣ ਪੰਜਾਬ ਨੂੰ ਬਣਦੀ ਨੁਮਾਇੰਦਗੀ ਦਿੱਤੀ ਜਾ ਰਹੀ ਹੈ। ਉਹ ਅੱਜ ਬਠਿੰਡਾ ਦਿਹਾਤੀ ਅਧੀਨ ਪੈਂਦੇ ਪਿੰਡਾਂ ਵਿਚ ਕੀਤੇ ਸੰਗਤ ਦਰਸ਼ਨ ਦੌਰਾਨ ਇਲਾਕਾ ਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਨਿਸ਼ਾਨਾ ਹੈ ਕਿ ਅਗਲੇ 5 ਸਾਲਾਂ ਵਿਚ ਕੋਈ ਵੀ ਗਰੀਬ ਨਾ ਰਹੇ, ਬਲਕਿ ਹਰ ਮਕਾਨ ਪੱਕਾ ਅਤੇ ਹਰ ਮਕਾਨ ਵਿਚ ਲੈਟਰਿਨ ਦੀ ਸਹੂਲਤ ਹੋਵੇ। ਉਨ੍ਹਾਂ

ਕਿਹਾ ਕਿ ਕੇਂਦਰ ਦੀ ਮੌਜੂਦਾ ਸਰਕਾਰ ਕਾਰਨ ਹੀ ਸੂਬਿਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸੂਬਿਆਂ ਨੂੰ 60 ਫੀਸਦੀ ਪੈਸਾ ਕੇਂਦਰ ਵਲੋਂ ਦਿੱਤਾ ਜਾ ਰਿਹਾ ਹੈ, ਤਾਂ ਜੋ ਉਹ ਆਪਣੇ ਪੱਧਰ ’ਤੇ ਰਾਜਾਂ ਦਾ ਵਿਕਾਸ ਕਰ ਸਕਣ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਤਾਂ ਘਪਲੇ ਕਰਕੇ ਦੇਸ਼ ਦੇ ਖਜ਼ਾਨੇ ਨੂੰ ਲੁੱਟਕੇ ਦੇਸ਼ ਨੂੰ ਕਰਜ਼ਾਈ ਬਣਾ ਦਿੱਤਾ ਹੈ। ਫੂਡ ਪ੍ਰੋਸੈਸਿੰਗ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਪ੍ਰਧਾਨ ਮੰਤਰੀ ਜੀਵਨ ਜੋਤੀ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਅਟੱਲ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੀਵਨ ਜੋਤੀ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਬੀਮਾ ਧਾਰਕ ਦੀ ਕਿਸੇ ਵੀ ਕਾਰਨ ਮੌਤ ਹੋਣ, ਹਾਦਸੇ ’ਚ ਮੌਤ ਜਾਂ ਅਪੰਗ ਹੋਣ ’ਤੇ ਮੁਆਵਜ਼ਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਅਟੱਲ ਪੈਨਸ਼ਨ ਯੋਜਨਾ ਤਹਿਤ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੀਮਾ ਯੋਜਨਾ ਪਾਲਿਸੀ ਹਰ ਇਕ ਸਾਲ ਬਾਅਦ ਰੀਨਿਊ ਕਰਵਾਈ ਜਾਵੇਗੀ, ਜਿਸ ਵਿਚ ਹਾਦਸਾ ਗ੍ਰਸਤ ਮੌਤ-ਕਮ-ਅਪੰਗਤਾ ਬੀਮਾ 2 ਲੱਖ ਰੁਪਏ ਤੱਕ ਕੀਤਾ ਜਾਵੇਗਾ ਅਤੇ ਇਸ ਦਾ ਹਰ ਸਾਲ ਦਾ ਪ੍ਰੀਮੀਅਮ ਕੇਵਲ 12 ਰੁਪਏ ਹੋਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਜੀਵਨ ਜੋਤੀ ਯੋਜਨਾ ਵੀ ਹਰ ਇਕ ਸਾਲ ਬਾਅਦ ਰੀਨਿਊ ਹੋਵੇਗੀ, ਜਿਸ ਦੀ ਬੀਮਾ ਰਾਸ਼ੀ 2 ਲੱਖ ਰੁਪਏ ਅਤੇ ਸਾਲ ਦਾ ਪ੍ਰੀਮੀਅਮ ਕੇਵਲ  330 ਰੁਪਏ ਹੋਵੇਗਾ। ਇਸ ਵਿਚ 18 ਤੋਂ 50 ਸਾਲ ਦੀ ਉਮਰ ਤੱਕ ਦੇ ਲੋਕਾਂ ਨੂੰ ਬੀਮਾ ਕਵਰ ਦਿੱਤਾ ਜਾਵੇਗਾ ਅਤੇ 2 ਲੱਖ ਦੀ ਰਾਸ਼ੀ ਕਿਸੇ ਵੀ ਕਾਰਨ ਹੋਈ ਮੌਤ ’ਚ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਟੱਲ ਪੈਨਸ਼ਨ ਯੋਜਨਾ ਤਹਿਤ ਲਾਭਪਾਤਰੀਆਂ ਨੂੰ 1000 ਰੁਪਏ , 2000 ਰੁਪਏ, 3000 ਰੁਪਏ, 4000 ਰੁਪਏ ਅਤੇ 5000 ਹਜ਼ਾਰ ਰੁਪਏ ਪ੍ਰਤੀ ਮਹੀਨਾ 60 ਸਾਲ ਦੀ ਉਮਰ ਤੋਂ ਬਾਅਦ ਮਿਲਣਗੇ ਅਤੇ ਇਹ ਰਾਸ਼ੀ ਲਾਭਪਾਤਰੀਆਂ ਨੂੰ ਉਨ੍ਹਾਂ ਦੀ ਉਮਰ ਮੁਤਾਬਿਕ ਹਰ ਸਾਲ ਭਰੇ ਗਏ ਪ੍ਰੀਮੀਅਮ ਅਨੁਸਾਰ ਦਿੱਤੀ ਜਾਵੇਗੀ। ਕੁਦਰਤੀ ਕਰੋਪੀ ਕਾਰਨ ਫਸਲ ਦੇ ਖਰਾਬੇ ਦੇ ਸਬੰਧ ਵਿਚ ਵੀ ਸੂਬਾ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਵੀ ਹੁਣ ਕਿਸਾਨਾਂ ਦਾ ਸਹਾਰਾ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਮੁਆਵਜ਼ੇ ਦੀ ਰਾਸ਼ੀ ਵਿਚ 50 ਫ਼ੀਸਦੀ ਹੋਰ ਵਾਧਾ ਕੀਤਾ ਹੈ, ਤਾਂ ਕਿ ਕੁਦਰਤੀ ਆਫਤ ਦੇ ਸ਼ਿਕਾਰ ਕਿਸਾਨਾਂ ਦਾ ਸਾਥ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਲਈ ਵੱਡੇ-ਵੱਡੇ ਪ੍ਰੋਜੈਕਟ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਇਲਾਕੇ ਲਈ ਵਰਦਾਨ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਤੋਂ ਇਲਾਵਾ ਅੰਮ੍ਰਿਤਸਰ ਨੂੰ ਹੈਰੀਟੇਜ ਸਿਟੀ ਦਾ ਦਰਜਾ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਲੋੜਵੰਦਾਂ ਨੂੰ ਪੈਨਸ਼ਨ ਦੀ ਰਾਸ਼ੀ ਮੁਹੱਈਆ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਯੋਗ ਵਿਅਕਤੀ ਨੂੰ ਪੈਨਸ਼ਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। 
  ਇਸ ਮੌਕੇ ਬੀਬੀ ਬਾਦਲ ਨੇ ਪਿੰਡ ਗੁਲਾਬਗੜ੍ਹ, ਗਹਿਰੀ ਭਾਗੀ, ਜੱਸੀ ਪੌ ਵਾਲੀ ਅਤੇ ਪਿੰਡ ਮਛਾਣਾ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਜਿਨ੍ਹਾਂ ਵਿਚੋਂ ਕਈਆਂ ਦਾ ਮੌਕੇ ’ਤੇ ਹੀ ਹੱਲ ਕਰ ਦਿੱਤਾ ਗਿਆ। ਉਨ੍ਹਾਂ ਪਿੰਡਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ ਅਤੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਵੰਡਣ ਤੋਂ ਇਲਾਵਾ ਖੇਡ ਕਿੱਟਾਂ ਅਤੇ ਬੂਟਿਆਂ ਦਾ ਪ੍ਰਸ਼ਾਦ ਵੀ ਵੰਡਿਆ। ਇਸ ਮੌਕੇ ਸਾਬਕਾ ਐਮ.ਪੀ. ਬੀਬੀ ਪਰਮਜੀਤ ਕੌਰ ਗੁਲਸ਼ਨ, ਹਲਕਾ ਵਿਧਾਇਕ ਸ਼੍ਰੀ ਦਰਸ਼ਨ ਸਿੰਘ ਕੋਟਫੱਤਾ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਐਸ.ਐਸ.ਪੀ ਸ਼੍ਰੀ ਕੁਲਦੀਪ ਚਹਿਲ, ਉਪ ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਮਨੀਸ਼ ਕੁਮਾਰ ਅਤੇ ਸ਼੍ਰੀ ਹਰਿੰਦਰ ਸਿੰਘ ਸਰਾਂ, ਸਹਾਇਕ ਮੀਡੀਆ ਸਲਾਹਕਾਰ ਸ਼੍ਰੀ ਹਰਜਿੰਦਰ ਸਿੰਘ ਸਿੱਧੂ, ਜ਼ਿਲ੍ਹਾ ਪ੍ਰੈਸ ਸਕੱਤਰ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਓਮ ਪ੍ਰਕਾਸ਼ ਤੋਂ ਇਲਾਵਾ ਹੋਰ ਵੀ ਸ਼ਖਸ਼ੀਅਤਾਂ ਹਾਜ਼ਰ ਸਨ। 

Send this to a friend