April 29, 2026 6:47 pm

ਚਾਹਲ ਖੁਰਦ ’ਚ ਤਨਾਅਪੂਰਨ ਰਿਹਾ ਮਾਹੌਲ, ਪੁਲੀਸ ਰਹੀ ਤਾਇਨਾਤ

ਬੰਗਾ, 17 ਮਈ (ਹਰਮਿੰਦਰ ਸਿੰਘ)- ਪਿੰਡ ਚਾਹਲ ਖੁਰਦ ’ਚ ਸਥਾਪਿਤ ਗੁਰਦੁਆਰਾ ਨਾਲ ਲੱਗਦੇ ਧਾਰਮਿਕ ਅਸਥਾਨ ਬਾਬਾ ਜੋਗੀ ਪੀਰ ’ਤੇ ਚੜ੍ਹਦੀ ਸ਼ਰਾਬ ਨੂੰ ਲੈ ਕੇ ਬੀਤੇ ਕਈ ਦਿਨਾਂ ਤੋਂ ਦੋ ਧਿਰੀ ਝਗੜਾ ਚਲਦਾ ਆ ਰਿਹਾ ਹੈ। ਅੱਜ ਇਹ ਝਗੜੇ ਨੂੰ ਲੈ ਕੇ ਉਕਤ ਅਸਥਾਨ ’ਤੇ ਦੋਵੇਂ ਧਿਰਾਂ ਵਿਚਕਾਰ ਤਨਾਅ ਬਣਿਆ ਰਿਹਾ ਜਿਸ ’ਤੇ ਪੁਲੀਸ ਦੀ ਰੱਖੀ ਨਜ਼ਰਸਾਨੀ ਕਾਰਨ ਕਿਸੇ ਨੂੰ ਕਾਨੂੰਨ ਆਪਣੇ ਹੱਥ ਨਹੀਂ ਲੈਣ ਦਿੱਤਾ ਗਿਆ। ਸਤਿਕਾਰ ਕਮੇਟੀ, ਦਮਦਮੀ ਟਕਸਾਲ ਅਤੇ ਹੋਰ ਸਿੱਖ ਜੱਥੇਬੰਦੀਆਂ ਦੇ ਨੁਮਾਇੰਦਿਆ ਦਾ ਕਹਿਣ ਸੀ ਸਿੱਖ ਮਰਿਯਾਦਾ ਦੇ ਖਿਲਾਫ਼  ਗੁਰਦੁਆਰਾ ਜਿੱਥੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਹੈ ਦੇ ਨਜ਼ਦੀਕ ਸ਼ਰਾਬ ਦਾ ਚੜ੍ਹਾਉਣਾ ਬਰਦਾਸਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਕਤ ਜੱਥੇਬੰਦੀਆਂ ਦੇ ਨੁਮਾਇੰਦੇ ਸੰਦੀਪ ਸਿੰਘ ਅਤੇ ਗੁਰਮਿੰਦਰ ਸਿੰਘ ਨੇ ਕਿਹਾ ਕਿ ਜਿੰਨਾ

ਸਮਾਂ ਇਸ ਮਾਮਲੇ ਦਾ ਹੱਲ ਨਹੀਂ ਹੁੰਦਾ ਉਹ ਆਪਣਾ ਸੰਘਰਸ਼  ਜਾਰੀ ਰੱਖਣਗੇ।  ਦੂਜੇ ਬੰਨ੍ਹੇ ਪਿੰਡ ਵਾਸੀਆ ਦਾ ਕਹਿਣ ਸੀ ਕਿ ਉਕਤ ਅਸਥਾਨ ’ਤੇ ਸ਼ਰਾਬ ਚੜ੍ਹਾਉਣ ਦੀ ਰੀਤ ਚਿਰਾਂ ਤੋਂ ਚਲੀ ਆ ਰਹੀ ਹੈ। ਪਿੰਡ ਤਨਾਅ ਨੂੰ ਦੇਖਦਿਆਂ ਐਸਡੀਐਮ ਜਗਜੀਤ ਸਿੰਘ ਅਤੇ ਉਪ ਪੁਲੀਸ ਕਪਤਾਨ ਸਰਬਜੀਤ ਸਿੰਘ ਬਾਹੀਆ ਮੌਕੇ ’ਤੇ ਪੁੱਜੇ। ਉਹਨਾਂ ਦੋਵਾਂ ਧਿਰਾਂ ਦੇ ਨੁਮਾਇੰਦਿਆਂ ਨਾਲ ਸਾਂਝੀ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਾਮਲਾ ਮਿਲ ਬੈਠ ਕੇ ਨਿਜੱਠਿਆ ਜਾਵੇ ਅਤੇ ਕਿਸੇ  ਕਿਸਮ ਦਾ ਲੜਾਈ ਝਗੜੇ ਵਾਲਾ ਮਾਹੌਲ ਨਾ ਪੈਦਾ ਕੀਤਾ ਜਾਵੇ। ਉਹਨਾਂ ਕਿਹਾ ਕਿ ਕਿਸੇ ਵੀ ਧਿਰ ਨੂੰ ਕਾਨੂੰਨ ਆਪਣੇ ਹੱਥ ’ਚ ਨਹੀਂ ਦਿੱਤਾ ਜਾਵੇਗਾ। ਅੱਜ ਝਗੜੇ ਵਾਲੇ ਅਸਥਾਨ ’ਤੇ ਦੇਰ ਸ਼ਾਮ ਤੱਕ ਪੁਲੀਸ ਭਾਰੀ ਗਿਣਤੀ ’ਚ ਤਾਇਨਾਤ ਰਹੀ।

Send this to a friend