ਚੰਡੀਗੜ੍ਹ•, 10 ਮਈ (ਪੀ. ਟੀ.)- ਸੂਬੇ ਵਿੱਚ ਉਚੇਰੀ ਸਿੱਖਿਆ ਹਾਸਲ ਕਰ ਰਹੀਆਂ ਲੜਕੀਆਂ, ਅੰਗਹੀਣ, ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਉਨ੍ਹਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਲਈ ਸੂਬੇ ਦੇ ਸਰਕਾਰੀ ਕਾਲਜਾਂ ਨੂੰ 5-5 ਲੱਖ ਰੁਪਏ ਬਰਾਬਰਤਾ (ਇਕੂਟੀ) ਗਰਾਂਟ ਦੇਣ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਇਹ ਰਾਸ਼ੀ ਸਿਰਫ ਇਨ੍ਹਾਂ ਵਰਗਾਂ ਦੇ ਵਿਦਿਆਰਥੀਆਂ ਦੀ ਭਲਾਈ ਲਈ ਖਰਚ ਹੋਵੇਗੀ। ਇਹ ਜਾਣਕਾਰੀ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੰਦਿਆਂ ਦੱਸਿਆ ਕਿ ਲਿੰਗ ਬਰਾਬਰਤਾ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਇਹ ਗਰਾਂਟ ਜਾਰੀ ਕੀਤੀ ਜਾ ਰਹੀ ਹੈ।
ਸ. ਰੱਖੜਾ ਨੇ ਕਿਹਾ ਕਿ ਇਸ ਗਰਾਂਟ ਨਾਲ ਸੂਬੇ ਦੇ 47 ਸਰਕਾਰੀ ਕਾਲਜਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਲਈ ਵੱਖਰੇ ਪਾਖਾਨੇ, ਅਤਿ-ਆਧੁਨਿਕ ਸਹੂਲਤਾਂ ਵਾਲੇ ਕਾਮਨ ਰੂਮ, ਅੰਗਹੀਣ ਵਿਦਿਆਰਥੀਆਂ ਲਈ ਵਿਸ਼ੇਸ਼ ਪਾਖਾਨੇ ਅਤੇ ਰੈਂਪ, ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਸਹੂਲਤਾਂ ਅਤੇ ਵਿਸ਼ੇਸ਼ ਮੁਫਤ ਕੋਚਿੰਗ ਆਦਿ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਗਰਾਂਟ ਦਾ ਮੁੱਖ ਮਕਸਦ ਲੜਕੀਆਂ, ਅੰਗਹੀਣਾਂ, ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਨੂੰ ਹੋਰਨਾਂ ਵਰਗਾਂ ਦੇ ਵਿਦਿਆਰਥੀਆਂ ਦੇ ਬਰਾਬਰ ਲਿਆਉਣਾ ਹੈ ਜਿਸ ਲਈ ਉਨ੍ਹਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਲਈ ਇਹ ਰਾਸ਼ੀ ਖਰਚ ਕੀਤੀ ਜਾਵੇਗੀ।
ਉਚੇਰੀ ਸਿੱਖਿਆ ਬਾਰੇ ਮੰਤਰੀ ਨੇ ਕਿਹਾ ਕਿ ਵਿਦਿਆਰਥਣਾਂ ਲਈ ਬਣਾਏ ਜਾਣ ਵਾਲੇ ਕਾਮਨ ਰੂਮ ਵਿੱਚ ਕੰਪਿਊਟਰ, ਇੰਟਰਨੈਟ, ਅਖਬਾਰਾਂ ਆਦਿ ਦੀ ਸਹੂਲਤ ਦੇ ਨਾਲ ਪੜ੍ਹਾਈ ਲਈ ਵਿਸ਼ੇਸ਼ ਤੌਰ ’ਤੇ ਵੱਖਰਾ ਕੈਬਿਨ ਬਣਾਇਆ ਜਾਵੇਗਾ। ਇਸੇ ਤਰ੍ਹਾਂ ਅੰਗਹੀਣ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੁੱਖ ਤੌਰ ’ਤੇ ਸਮਝਦਿਆਂ ਪੌੜੀਆਂ ਜਾਂ ਉਚੀ ਜਗ੍ਹਾਂ ਲਈ ਰੈਂਪ, ਅੰਗਹੀਣ ਵਿਦਿਆਰਥੀਆਂ ਦੀ ਸੌਖ ਵਾਲੇ ਵਿਸ਼ੇਸ਼ ਪਾਖਾਨੇ ਅਤੇ ਕਲਾਸ ਰੂਮਜ਼ ਵਿੱਚ ਬੈਠਣ ਲਈ ਵਿਸ਼ੇਸ਼ ਸੀਟਾਂ ਲਗਾਈਆਂ ਜਾਣਗੀਆਂ। ਗਰੀਬ ਪਰਿਵਾਰਾਂ, ਐਸ.ਸੀ., ਬੀ.ਸੀ. ਵਰਗ ਨਾਲ ਸਬੰਧਤ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ’ਤੇ ਮੁਫਤ ਕੋਚਿੰਗ ਕਲਾਸਾਂ ਦਾ ਪ੍ਰਬੰਧ ਕਰਨ ਦੇ ਨਾਲ ਉਨ੍ਹਾਂ ਨੂੰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ।
ਸ. ਰੱਖੜਾ ਨੇ ਕਿਹਾ ਕਿ ਪੰਜਾਬ ਦੇ 47 ਸਰਕਾਰੀ ਕਾਲਜਾਂ ਨੂੰ ਕੁੱਲ 2.35 ਕਰੋੜ ਦੀ ਰਾਸ਼ੀ ਮਿਲੇਗੀ ਜਿਸ ਦਾ 25 ਫੀਸਦੀ ਹਿੱਸਾ ਭਾਵ 58.75 ਲੱਖ ਰੁਪਏ ਜਾਰੀ ਕਰ ਦਿੱਤੇ ਹਨ ਅਤੇ ਬਾਕੀ ਹਿੱਸਾ ਬਹੁਤ ਜਲਦ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਉਚ ਮਾਧਿਮਕ ਸਿੱਖਿਆ ਅਭਿਆਨ ਤਹਿਤ 47 ਕਾਲਜਾਂ ਨੂੰ ਮਿਲਣ ਵਾਲੀ ਇਹ ਗਰਾਂਟ ਸਾਰੇ ਸਰਕਾਰੀ ਕਾਲਜਾਂ ਨੂੰ 5-5 ਲੱਖ ਰੁਪਏ ਮਿਲੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ 47 ਸਰਕਾਰੀ ਕਾਲਜਾਂ ਵਿੱਚ 3 ਐਜੂਕੇਸ਼ਨ, 3 ਲੜਕੀਆਂ, ਇਕ-ਇਕ ਫਿਜ਼ੀਕਲ ਐਜੂਕੇਸ਼ਨ, ਕਾਮਰਸ ਅਤੇ ਸਾਇੰਸ ਤੇ ਖੋਜ ਕਾਲਜ ਸ਼ਾਮਲ ਹੈ।